ਗੋਸਲ ਦੀ ਵੀਡੀਓ ਮਗਰੋਂ ਅਨੀਤਾ ਆਨੰਦ ਦੀ ਅਹਿਮ ਟਿੱਪਣੀ
ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਦੋਸ਼ਾਂ ਮਗਰੋਂ ਭਾਰਤ ਨਾਲ ਦੁਵੱਲੇ ਸਬੰਧਾਂ ਵਿਚ ਆਈ ਕੁੜੱਤਣ ਖਤਮ ਹੋ ਰਹੀ ਹੈ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੂਟਨੀਤਕ ਸਬੰਧਾਂ ਨੂੰ ਵਧੇਰੇ ਮਜ਼ਬੂਤ ਬਣਾਉਣ ’ਤੇ ਜ਼ੋਰ ਦੇ ਦਿਤੀਆਂ ਹਨ
ਔਟਵਾ : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਦੋਸ਼ਾਂ ਮਗਰੋਂ ਭਾਰਤ ਨਾਲ ਦੁਵੱਲੇ ਸਬੰਧਾਂ ਵਿਚ ਆਈ ਕੁੜੱਤਣ ਖਤਮ ਹੋ ਰਹੀ ਹੈ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੂਟਨੀਤਕ ਸਬੰਧਾਂ ਨੂੰ ਵਧੇਰੇ ਮਜ਼ਬੂਤ ਬਣਾਉਣ ’ਤੇ ਜ਼ੋਰ ਦੇ ਦਿਤੀਆਂ ਹਨ। ਇਹ ਪ੍ਰਗਟਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੀ.ਬੀ.ਸੀ. ਦੀ ਇਕ ਖਾਸ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਕੀਤਾ। ਅਨੀਤਾ ਆਨੰਦ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਦੇ ਲਾਅ ਐਨਫੋਰਸਮੈਂਟ ਅਫ਼ਸਰ ਕੈਨੇਡਾ ਨਾਲ ਤਾਲਮੇਲ ਤਹਿਤ ਅੱਗੇ ਵਧ ਰਹੇ ਹਨ ਤਾਂ ਉਨ੍ਹਾਂ ਕਿਹਾ, ‘ਹਾਂ’। ਅਗਲੇ ਮਹੀਨੇ ਭਾਰਤ ਦੌਰੇ ਤੋਂ ਐਨ ਪਹਿਲਾਂ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਕਿਹਾ ਕਿ ਕਦਮ ਦਰ ਕਦਮ ਗੱਲਬਾਤ ਉਸਾਰੂ ਹੋ ਰਹੀ ਹੈ ਅਤੇ ਉਨ੍ਹਾਂ ਦੇ ਭਾਰਤ ਪੁੱਜਣ ਮਗਰੋਂ ਕੂਟਨੀਤਕ ਰਿਸ਼ਤਿਆਂ ਨੂੰ ਨਵਾਂ ਰੂਪ ਦਿਤਾ ਜਾਵੇਗਾ।
ਕਿਹਾ, ਭਾਰਤ ਨਾਲ ਕੂਟਨੀਤਕ ਸਬੰਧਾਂ ਵਿਚ ਹੋ ਰਿਹਾ ਸੁਧਾਰ
ਅਨੀਤਾ ਆਨੰਦ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡ੍ਰੌਇਨ ਨੇ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਮਗਰੋਂ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਪੜਤਾਲ ਵਿਚ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ ਗਿਆ ਹੈ। ਡ੍ਰੌਇਨ ਨੇ ਕਿਹਾ ਸੀ ਕਿ ਇਕ ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਲਈ ਰਾਹ ਤਲਾਸ਼ ਕੀਤੇ ਜਾ ਰਹੇ ਹਨ। ਦੂਜੇ ਪਾਸੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਇੰਦਰਜੀਤ ਸਿੰਘ ਗੋਸਲ ਨੂੰ ਜ਼ਮਾਨਤ ਮਿਲਣ ਮਗਰੋਂ ਭਾਰਤੀ ਮੀਡੀਆ ਵਿਚ ਤਿੱਖੇ ਇਤਰਾਜ਼ ਆਏ ਅਤੇ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨ ਹਮਾਇਤੀ ਜਾਣ ਬੁੱਝ ਕੇ ਰਿਹਾਅ ਕੀਤਾ ਗਿਆ ਹੈ। ਇੰਦਰਜੀਤ ਸਿੰਘ ਗੋਸਲ ਦੀ ਇਕ ਵੀਡੀਓ ਵੀ ਸਾਹਮਣੇ ਆਈ ਜੋ ਉਨਟਾਰੀਓ ਦੀ ਕਿਸੇ ਜੇਲ ਦੇ ਬਾਹਰ ਖੜ੍ਹੇ ਹੋ ਕੇ ਰਿਕਾਰਡ ਕੀਤੀ ਗਈ ਪਰ ਕੈਨੇਡੀਅਨ ਮੀਡੀਆ ਵੱਲੋਂ ਇਸ ਦੀ ਤਸਦੀਕ ਨਹੀਂ ਕੀਤੀ ਗਈ।