ਕੈਨੇਡਾ ਵਿਚ 2 ਭਾਰਤੀਆਂ ਵਿਰੁੱਧ ਲੱਗੇ ਸੈਕਸ਼ੁਅਲ ਅਸਾਲਟ ਦੇ ਦੋਸ਼
ਕੈਨੇਡਾ ਵਿਚ 2 ਭਾਰਤੀਆਂ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਹਾਂ ਵਿਚੋਂ ਇਕ ਦੰਦਾਂ ਦਾ ਡਾਕਟਰ ਸੁਨੀਲ ਕੁਮਾਰ ਪਟੇਲ ਹੈ ਜੋ ਉਨਟਾਰੀਓ ਦੇ ਅਜੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਸੀ ਅਤੇ ਸ਼ਿਕਾਇਤ ਮਿਲਣ ’ਤੇ ਡਰਹਮ ਰੀਜਨਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ।;
ਟੋਰਾਂਟੋ : ਕੈਨੇਡਾ ਵਿਚ 2 ਭਾਰਤੀਆਂ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਹਾਂ ਵਿਚੋਂ ਇਕ ਦੰਦਾਂ ਦਾ ਡਾਕਟਰ ਸੁਨੀਲ ਕੁਮਾਰ ਪਟੇਲ ਹੈ ਜੋ ਉਨਟਾਰੀਓ ਦੇ ਅਜੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਸੀ ਅਤੇ ਸ਼ਿਕਾਇਤ ਮਿਲਣ ’ਤੇ ਡਰਹਮ ਰੀਜਨਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਦੂਜਾ ਸ਼ਖਸ ਟੋਰਾਂਟੋ ਨਾਲ ਸਬੰਧਤ ਸੰਦੀਪ ਦੱਸਿਆ ਜਾ ਰਿਹਾ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਅਜੈਕਸ ਦੇ ਕੇ.ਸੀ. ਡੈਂਟਲ ਕਲੀਨਿਕ ਵਿਖੇ 13 ਜੁਲਾਈ ਨੂੰ ਇਲਾਜ ਕਰਵਾਉਣ ਪੁੱਜੀ ਔਰਤ ਵੱਲੋਂ ਡਾ. ਸੁਨੀਲ ਕੁਮਾਰ ਪਟੇਲ ਵਿਰੁੱਧ ਸ਼ਿਕਾਇਤ ਦਾਇਰ ਕੀਤੀ ਗਈ।
ਅਜੈਕਸ ਵਿਖੇ ਦੰਦਾਂ ਦਾ ਡਾਕਟਰ ਸੁਨੀਲ ਕੁਮਾਰ ਪਟੇਲ ਗ੍ਰਿਫ਼ਤਾਰ
ਪੀੜਤ ਨੇ ਦੋਸ਼ ਲਾਇਆ ਕਿ ਦੋ ਅਪੁਆਇੰਟਮੈਂਟਸ ਦੌਰਾਨ ਦੰਦਾਂ ਦੇ ਡਾਕਟਰ ਨੇ ਉਸ ਨੂੰ ਗੈਰਵਾਜਬ ਤਰੀਕੇ ਨਾਲ ਛੋਹਿਆ। 36 ਸਾਲ ਦੇ ਸੁਨੀਲ ਕੁਮਾਰ ਪਟੇਲ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋ ਦੋਸ਼ ਆਇਦ ਕੀਤੇ ਗਏ ਅਤੇ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਪੁਲਿਸ ਨੂੰ ਡਰ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਸ਼ੱਕੀ ਸਕਾਰਬ੍ਰੋਅ ਦੀ ਫੈਮਿਲੀ ਸਮਾਈਲ ਡੈਂਟਿਸਟ੍ਰੀ ਵਿਖੇ ਵੀ ਕੰਮ ਕਰਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਇਸੇ ਦੌਰਾਨ ਕੈਬੇਜਟਾਊਨ ਵਿਖੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਟੋਰਾਂਟੋ ਦੇ 21 ਸਾਲਾ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਟੋਰਾਂਟੋ ਦੇ ਸੰਦੀਪ ਨੂੰ ਕੈਬੇਜਟਾਊਨ ਵਿਖੇ ਕਾਬੂ ਕੀਤਾ
ਪੁਲਿਸ ਮੁਤਾਬਕ 21 ਜੁਲਾਈ ਨੂੰ ਸੈਕਸ਼ੁਅਲ ਅਸਾਲਟ ਦੀ ਸ਼ਿਕਾਇਤ ਮਿਲਣ ’ਤੇ ਕਾਰਲਟਨ ਸਟ੍ਰੀਟ ਅਤੇ ਪਾਰਲੀਮੈਂਟ ਸਟ੍ਰੀਟ ਇਲਾਕੇ ਵਿਚ ਪੁਲਿਸ ਅਫਸਰ ਪੁੱਜੇ। ਪੜਤਾਲ ਦੌਰਾਨ ਸਾਹਮਣੇ ਆਇਆ ਕਿ 1 ਜੁਲਾਈ ਤੋਂ 21 ਜੁਲਾਈ ਦਰਮਿਆਨ ਪੀੜਤ ਨੂੰ ਤਿੰਨ ਵੱਖ ਵੱਖ ਮੌਕਿਆਂ ’ਤੇ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ੱਕੀ ਅਤੇ ਪੀੜਤ ਇਕ-ਦੂਜੇ ਨੂੰ ਜਾਣਦੇ ਨਹੀਂ ਸਨ। 21 ਸਾਲ ਦੇ ਸੰਦੀਪ ਨੂੰ ਹਿਰਾਸਤ ਵਿਚ ਲੈਂਦਿਆਂ ਉਸ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਤਿੰਨ ਦੋਸ਼ ਆਇਦ ਕੀਤੇ ਗਏ ਜਦਕਿ ਕ੍ਰਿਮੀਨਲ ਹਰਾਸਮੈਂਟ ਅਤੇ ਪੀਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਦਾ ਇਕ-ਇਕ ਦੋਸ਼ ਵੱਖਰੇ ਤੌਰ ’ਤੇ ਆਇਦ ਕੀਤਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਵੀ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਕੋਈ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ।