ਕਈ ਦੇਸ਼ਾਂ 'ਚ ਸਖ਼ਤੀ ਤੋਂ ਬਾਅਦ ਭਾਰਤੀ ਸਟੂਡੈਂਟਾਂ ਨੇ ਕੀਤਾ ਇਸ ਦੇਸ਼ ਦਾ ਰੁੱਖ!

2024 'ਚ ਕਿੰਨੇ ਲੋਕਾਂ ਨੇ ਛੱਡਿਆ ਭਾਰਤ, ਸੁਣ ਕੇ ਹੋ ਜਾਵੋਗੇ ਹੈਰਾਨ! ਇੰਨ੍ਹਾਂ ਪੰਜ ਦੇਸ਼ਾਂ 'ਚ ਸਭ ਤੋਂ ਵੱਧ ਜਾਂਦੇ ਨੇ ਭਾਰਤੀ ਵਿਿਦਆਰਥੀ, ਫਿਰ ਤੋਂ ਭਾਰਤ ਦੇ ਕਾਲਜ ਅਤੇ ਯੂਨੀਵਰਸਿਟੀਆਂ 'ਚ ਲੱਗੀਆਂ ਰੌਣਕਾਂ

Update: 2024-09-09 20:45 GMT

ਬਾਹਰਲੇ ਮੁਲਕਾਂ 'ਚ ਇਮੀਗ੍ਰਾਂਟਸ ਦੀ ਜਦੋਂ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਧ ਇਮੀਗ੍ਰਾਂਟ ਭਾਰਤ ਦੇ ਹੀ ਹੁੰਦੇ ਹਨ। ਭਾਰਤੀਆਂ 'ਚ ਵਿਦੇਸ਼ਾਂ 'ਚ ਜਾ ਕੇ ਪੜ੍ਹਾਈ ਕਰਨ ਦਾ ਬਹੁਤ ਰੁਝਾਨ ਹੈ। ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੇ ਕਾਲਜ ਅਤੇ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਹੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਸਾਲ 2024 ਵਿੱਚ 13,35,878 ਭਾਰਤੀ ਵਿਦਿਆਰਥੀ ਵੱਖ-ਵੱਖ ਦੇਸ਼ਾਂ ਵਿੱਚ ਪੜ੍ਹਣ ਲਈ ਗਏ ਹਨ। ਸਭ ਤੋਂ ਜ਼ਿਆਦਾ ਭਾਰਤੀ ਕੈਨੇਡਾ ਵਿੱਚ ਪੜ੍ਹਣ ਗਏ ਹਨ ਜਿਸ ਦੀ ਗਿਣਤੀ 4,27,000 ਹੈ। ਦੂਜੇ ਨੰਬਰ ’ਤੇ ਆਉਂਦਾ ਹੈ ਅਮਰੀਕਾ ਜਿੱਥੇ ਇਸ ਸਾਲ 3,37,630 ਵਿਦਿਆਰਥੀ ਉਚੇਰੀ ਸਿੱਖਿਆ ਲਈ ਗਏ ਹਨ। ਤੀਜੇ ਨੰਬਰ ’ਤੇ ਆਉਂਦਾ ਹੈ ਯੂਕੇ, ਜਿੱਥੇ 1,85,000 ਵਿਦਿਆਰਥੀ ਪੜ੍ਹਣ ਲਈ ਗਏ ਹਨ। ਚੌਥੇ ਨੰਬਰ ’ਤੇ 1,22,202 ਵਿਦਿਆਰਥੀਆਂ ਨਾਲ ਆਸਟ੍ਰੇਲੀਆ ਹੈ ਅਤੇ ਪੰਜਵੇ ਨੰਬਰ ’ਤੇ ਜਰਮਨੀ ਹੈ ਜਿੱਥੇ 42,997 ਵਿਦਿਆਰਥੀ ਗਏ ਹਨ। ਰਾਜ ਸਭਾ ਵਿੱਚ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2019 ਵਿੱਚ 6,75,541 ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਣ ਲਈ ਗਏ ਸਨ ਜਦੋਂ ਕਿ 2024 ਵਿੱਚ 13,35,878 ਵਿਦਿਆਰਥੀ ਹੋਰ ਦੇਸ਼ਾਂ ਪੜ੍ਹਾਈ ਲਈ ਗਏ ਹੈ। ਇਸ ਦਾ ਮਤਲਬ ਕਿ ਤਕਰੀਬਨ ਦੁੱਗਣਾ ਵਾਧਾ ਹੋਇਆ ਹੈ।

ਕੈਨੇਡਾ: ਪਰ ਹੁਣ ਵਿਦੇਸ਼ਾਂ 'ਚ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਜਾ ਰਿਹਾ ਹੈ ਜਿਸ ਕਾਰਨ ਹੁਣ ਇੱਕ ਵਾਰ ਫਿਰ ਤੋਂ ਭਾਰਤ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਹੈ। ਭਾਰਤ ਵਿੱਚੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਣ ਲਈ ਕੈਨੇਡਾ ਜਾਂਦੇ ਹਨ। ਪਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਨੂੰ ਲੈ ਕੇ ਵੀ ਸਖ਼ਤ ਨਜ਼ਰ ਆ ਰਹੀ ਹੈ। ਇਸ ਸਾਲ ਸਤੰਬਰ 'ਚ ਵਿਦਿਆਰਥੀ ਬਹੁਤ ਘੱਟ ਗਿਣਤੀ 'ਚ ਕੈਨੇਡਾ ਦਾਖਲ ਹੋਏੇ ਹਨ।

ਅਮਰੀਕਾ: ਯੂਐੱਸ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਯੂਐੱਸ ਜਾਣ ਲਈ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 35 ਫ਼ੀਸਦ ਦਾ ਵਾਧਾ ਹੋਇਆ ਹੈ। ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨ ਦੇ ਵਿਦਿਆਰਥੀਆਂ ਤੋਂ ਵੀ ਵੱਧ ਗਈ ਹੈ। ਅਮਰੀਕਾ ਦੀ ਸਰਕਾਰ ਬਾਕੀ ਮੁਲਕਾਂ ਦੀ ਤੁਲਨਾ ਵਿੱਚ ਵਿਦਿਆਰਥੀਆਂ ਨਾਲ ਘੱਟ ਸਖ਼ਤ ਹੈ।

ਯੂਕੇ: ਯੂਕੇ ਦੀ ਸਰਕਾਰ ਵੀ ਆਪਣੀ ਵੀਜ਼ਾ ਨੀਤੀਆਂ ਨੂੰ ਲੈ ਕੇ ਕਾਫੀ ਸਖ਼ਤ ਹੋ ਰਹੀ ਹੈ ਅਤੇ ਆਪਣੀ ਨੈੱਟ ਮਾਈਗ੍ਰੇਸ਼ਨ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੀਂ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ਮਾਰਚ 2024 ਤੱਕ, ਸਭ ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਹਨ ਜਿਸ ਦੀ ਗਿਣਤੀ 1,16,000 ਹੈ ਅਤੇ ਦੂਜੇ ਨੰਬਰ ਤੇ ਚੀਨੀ ਵਿਦਿਆਰਥੀਆਂ ਨੂੰ, 1,09,000 ਵੀਜ਼ਾ ਜਾਰੀ ਕੀਤੇ ਗਏ ਹਨ। ਦੱਸਦਈਏ ਕਿ ਸਖਤੀ ਦੇ ਚੱਲਦਿਆਂ ਜਿਨ੍ਹਾਂ ਨੇ ਆਪਣੀ ਡਿਗਰੀ ਪੂਰੀ ਕਰ ਲਈ ਹੈ, ਉਹ ਯੂਕੇ ਵਿੱਚ ਦੋ ਸਾਲ ਹੀ ਹੋਰ ਰਹਿ ਪਾਉਣਗੇ, ਜਦਕਿ ਡਾਕਟਰੇਟ ਡਿਗਰੀ ਵਾਲੇ ਵਿਦਿਆਰਥੀ ਤਿੰਨ ਸਾਲ ਰਹਿ ਸਕਦੇ ਹਨ।

ਆਸਟ੍ਰੇਲੀਆ: ਆਸਟ੍ਰੇਲੀਆ ਸਰਕਾਰ ਸਾਲ 2025 ਲਈ, ਨਵੇਂ ਦਾਖਲਿਆਂ ਦੀ ਗਿਣਤੀ 270,000 ਤੱਕ ਸੀਮਿਤ ਕਰਨ ਜਾ ਰਹੀ ਹੈ ਜਦਕਿ 2024 ਦੇ ਸ਼ੁਰੂਆਤੀ ਸਰਕਾਰੀ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਵਿੱਚ ਤਕਰੀਬਨ 7,17,500 ਕੌਮਾਂਤਰੀ ਵਿਦਿਆਰਥੀ ਹਨ। ਸਰਕਾਰ ਨੇ ਪਹਿਲਾਂ ਹੀ ਕੌਮਾਂਤਰੀ ਵਿਦਿਆਰਥੀਆਂ ਲਈ ਸਖ਼ਤ ਅੰਗਰੇਜ਼ੀ-ਭਾਸ਼ਾ ਮੁਹਾਰਤ ਮਾਪਦੰਡ ਨਿਰਧਾਰਿਤ ਕੀਤੇ ਸਨ। ਇਸ ਤੋਂ ਇਲਾਵਾ ਵਿਦਿਆਰਥੀ ਵੀਜ਼ਾ ਲਈ ਆਉਣ ਵਾਲੀਆਂ ਅਰਜ਼ੀਆਂ ਦੀ ਵੀ ਵਧੇਰੇ ਜਾਂਚ ਦਾ ਐਲਾਨ ਕੀਤਾ ਹੈ।

ਜਰਮਨੀ: ਜਰਮਨੀ ਦੀ ਸਰਕਾਰ ਨੇ ਵੀ ਆਪਣੀ ਵਿਦੇਸ਼ੀ ਨੀਤੀਆਂ ਵਿੱਚ ਸਖ਼ਤ ਬਦਲਾਅ ਕੀਤੇ ਹਨ। 1 ਸਤੰਬਰ 2024 ਤੋਂ, ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਬਲੌਕਡ ਅਕਾਉਂਟਸ ਵਿੱਚ ਘੱਟੋ-ਘੱਟ ਯੂਰੋ 11,904 ਰੱਖਣੇ ਹੋਣਗੇ ਜੋ ਕਿ ਪਹਿਲਾਂ ਨਾਲੋਂ ਯੂਰੋ 696 ਵੱਧ ਹਨ। ਬਲੌਕਡ ਅਕਾਊਂਟ ਜਰਮਨੀ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਖਾਸ ਬੈਂਕ ਅਕਾਊਂਟ ਨੂੰ ਕਹਿੰਦੇ ਹਨ। ਇਸ ਅਕਾਊਂਟ ਵਿੱਚ ਘੱਟੋ-ਘੱਟੋ ਇੰਨੇਂ ਫੰਡ ਹੋਣੇ ਚਾਹੀਦੇ ਹਨ ਜਿਹੜੇ ਕਿ ਉੱਥੇ ਰਹਿਣ ਲਈ ਜ਼ਰੂਰੀ ਹਨ।

ਭਾਰਤ ਵਿੱਚ ਹਰ ਨੌਜਵਾਨ ਉਚੇਰੀ ਸਿੱਖਿਆ ਲਈ ਬਾਹਰ ਜਾਣ ਦਾ ਸੁਫ਼ਨਾ ਦੇਖਦਾ ਹੈ ਪਰ ਹੁਣ ਹਾਲਾਤ ਬਦਲ ਗਏ ਹਨ। ਖ਼ਾਸ ਤੌਰ 'ਤੇ ਕੈਨੇਡਾ ਅਤੇ ਆਸਟ੍ਰੇਲੀਆ ਨੇ ਆਪਣੇ ਨਿਯਮਾਂ ਨੂੰ ਕਾਫੀ ਸਖ਼ਤ ਕਰ ਦਿੱਤਾ ਹੈ। ਜਿਸ ਕਾਰਨ ਹੁਣ ਭਾਰਤੀ ਵਿਦਿਆਰਥੀ ਭਾਰਤ 'ਚ ਹੀ ਆਪਣੀ ਉੱਚੇਰੀ ਸਿੱਖਿਆ ਹਾਸਲ ਕਰਨ 'ਤੇ ਕੇਂਦਰਿਤ ਹਨ। ਹਾਲ ਹੀ ਵਿੱਚ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਵੱਧ ਰਹੇ ਹਨ। ਪਰ ਜੋ ਵਿਦਿਆਰਥੀ ਕੈਨੇਡਾ ਅਤੇ ਆਸਟ੍ਰੇਲੀਆ ਦੇ ਵੀਜ਼ਾ ਨਿਯਮਾਂ 'ਤੇ ਖਰ੍ਹੇ ਉੱਤਰਦੇ ਹਨ, ਉਹ ਵਿਦਿਆਰਥੀ ਹੁਣ ਵੀ ਜਾ ਰਹੇ ਹਨ, ਪਰ ਗਿਣਤੀ 'ਚ ਜ਼ਰੂਰ ਫ਼ਰਕ ਪਿਆ ਹੈ।

Tags:    

Similar News