ਬੀ.ਸੀ. ਤੋਂ ਬਾਅਦ ਮੌਂਟਰੀਅਲ ਦੀ ਬੰਦਰਗਾਹ ਵੀ ਹੋਈ ਬੰਦ
ਬੀ.ਸੀ. ਤੋਂ ਬਾਅਦ ਮੌਂਟਰੀਅਲ ਦੀ ਬੰਦਰਗਾਹ ’ਤੇ ਵੀ ਕੰਮ ਬੰਦ ਹੋ ਚੁੱਕਾ ਹੈ ਅਤੇ ਇਸ ਦਾ ਕੈਨੇਡਾ ਵਿਚ ਸਪਲਾਈ ਚੇਨ ’ਤੇ ਵੱਡਾ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਮੌਂਟਰੀਅਲ : ਬੀ.ਸੀ. ਤੋਂ ਬਾਅਦ ਮੌਂਟਰੀਅਲ ਦੀ ਬੰਦਰਗਾਹ ’ਤੇ ਵੀ ਕੰਮ ਬੰਦ ਹੋ ਚੁੱਕਾ ਹੈ ਅਤੇ ਇਸ ਦਾ ਕੈਨੇਡਾ ਵਿਚ ਸਪਲਾਈ ਚੇਨ ’ਤੇ ਵੱਡਾ ਅਸਰ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਦੋਹਾਂ ਥਾਵਾਂ ’ਤੇ ਪ੍ਰਬੰਧਕਾਂ ਅਤੇ ਕਾਮਿਆਂ ਦਰਮਿਆਨ ਕੋਈ ਸਰਬਸੰਮਤੀ ਨਹੀਂ ਬਣ ਸਕੀ ਪਰ ਮਸਲਾ ਜਲਦ ਸੁਲਝਾਇਆ ਨਾ ਗਿਆ ਤਾਂ ਕੈਨੇਡੀਅਨ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀ.ਸੀ. ਵਿਚ ਕਿਰਤੀਆਂ ਨਾਲ ਗੱਲਬਾਤ ਸਿਰੇ ਚੜ੍ਹਦੀ ਮਹਿਸੂਸ ਹੋ ਰਹੀ ਹੈ ਅਤੇ ਆਉਣ ਵਾਲੇ ਇਕ-ਦੋ ਦਿਨਾਂ ਵਿਚ ਬੀ.ਸੀ. ਦੀਆਂ ਬੰਦਰਗਾਹਾਂ ’ਤੇ ਆਮ ਵਾਂਗ ਕੰਮ ਸ਼ੁਰੂ ਹੋ ਜਾਵੇਗਾ।
ਕੈਨੇਡੀਅਨ ਅਰਥਚਾਰੇ ’ਤੇ ਪੈ ਸਕਦੈ ਮਾੜਾ ਅਸਰ : ਮਾਹਰ
ਇਸੇ ਦੌਰਾਨ ਵੈਸਟ੍ਰਨ ਯੂਨੀਵਰਸਿਟੀ ਦੇ ਆਇਵੀ ਬਿਜ਼ਨਸ ਸਕੂਲ ਵਿਚ ਅਪ੍ਰੇਸ਼ਨਜ਼ ਮੈਨੇਜਮੈਂਟ ਦੇ ਪ੍ਰੋਫੈਸਰ ਫਰੇਜ਼ਰ ਜੋਹਨਸਨ ਨੇ ਕਿਹਾ ਕਿ ਕੈਨੇਡੀਅਨ ਕੰਪਨੀਆਂ ਦੀ ਸਿਰਦਰਦੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕਦੇ ਰੇਲਵੇ ਦੀ ਹੜਤਾਲ ਅਤੇ ਕਦੇ ਬੰਦਰਗਾਹਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਵੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਕੈਨੇਡਾ ਪੁੱਜਣ ਵਾਲੇ ਸਮਾਨ ਵਿਚੋਂ 45 ਫੀ ਸਦੀ ਬੀ.ਸੀ. ਦੀਆਂ ਬੰਦਰਗਾਹਾਂ ਰਾਹੀਂ ਆਉਂਦਾ ਹੈ ਜਦਕਿ ਮੌਂਟਰੀਅਲ ਦੀ ਬੰਦਰਗਾਹ ਰਾਹੀਂ 10 ਫੀ ਸਦੀ ਮਿਕਦਾਰ ਹੀ ਪੁੱਜਦੀ ਹੈ ਪਰ ਦੋਹਾਂ ਨੂੰ ਜੋੜ ਲਿਆ ਜਾਵੇ ਤਾਂ ਵਿਦੇਸ਼ਾਂ ਤੋਂ ਸਮਾਨ ਦੀ ਆਮਦ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੀ ਹੈ। ਇਕੱਲੀ ਵੈਨਕੂਵਰ ਬੰਦਰਗਾਹ ਰਾਹੀਂ ਰੋਜ਼ਾਨਾ 800 ਮਿਲੀਅਨ ਡਾਲਰ ਦਾ ਸਮਾਨ ਪੁੱਜਦਾ ਹੈ ਜਾਂ ਰਵਾਨਾ ਹੁੰਦਾ ਹੈ ਜਦਕਿ ਮੌਂਟਰੀਅਲ ਦੇ ਵੱਖ ਵੱਖ ਟਰਮੀਨਲਜ਼ ਨਾਲ ਸਬੰਧਤ ਰਕਮ ਇਕ ਅਰਬ ਡਾਲਰ ਤੱਕ ਪੁੱਜ ਜਾਂਦੀ ਹੈ। ਵਿਦੇਸ਼ਾਂ ਤੱਕ ਸਮਾਨ ਭੇਜਣ ਦੇ ਮਾਮਲੇ ਵਿਚ ਵੀ ਵੈਨਕੂਵਰ ਅਤੇ ਮੌਂਟਰੀਅਲ ਵੱਡਾ ਰੋਲ ਅਦਾ ਕਰਦੇ ਹਨ। ਕਾਨਫਰੰਸ ਬੋਰਫ ਆਫ ਕੈਨੇਡਾ ਦੇ ਚੀਫ਼ ਇਕੌਨੋਮਿਸਟ ਪੈਡਰੋ ਐਂਟਿਊਨਜ਼ ਦਾ ਕਹਿਣਾ ਸੀ ਕਿ ਵਪਾਰ ਸਾਡੇ ਮੁਲਕ ਦੀ ਲਾਈਫ਼ ਲਾਈਨ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਨੂੰ ਆਪਣੇ ਉਤਪਾਦ ਕੌਮਾਂਤਰੀ ਬਾਜ਼ਾਰ ਤੱਕ ਪਹੁੰਚਾਉਣ ਵਿਚ ਦਿੱਕਤਾਂ ਆ ਰਹੀਆਂ ਹਨ।