ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਦਾ ਦਾਖਲਾ ਹੋਇਆ ਔਖਾ

ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਵਿਚ ਦਾਖਲ ਹੋਰ ਔਖਾ ਹੋ ਗਿਆ ਹੈ। ਜੀ ਹਾਂ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਹੋਰ ਘਟਾਉਣ ਦਾ ਐਲਾਨ ਕੀਤਾ ਗਿਆ ਹੈ।;

Update: 2024-07-17 13:26 GMT

ਵੈਨਕੂਵਰ : ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਵਿਚ ਦਾਖਲ ਹੋਰ ਔਖਾ ਹੋ ਗਿਆ ਹੈ। ਜੀ ਹਾਂ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਹੋਰ ਘਟਾਉਣ ਦਾ ਐਲਾਨ ਕੀਤਾ ਗਿਆ ਹੈ। ਹੁਣ ਬੀ.ਸੀ. ਦੇ ਕਾਲਜ ਅਤੇ ਯੂਨੀਵਰਸਿਟੀਜ਼ ਆਪਣੀ ਕੁਲ ਸਮਰੱਥਾ ਦਾ ਸਿਰਫ 30 ਫੀ ਸਦੀ ਕੌਮਾਂਤਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦੇ ਸਕਣਗੇ। 2023 ਵਿਚ ਬੀ.ਸੀ. ਦੀਆਂ ਵਿਦਿਅਕ ਸੰਸਥਾਵਾਂ ਨੂੰ 35 ਫ਼ੀ ਸਦੀ ਕੌਮਾਂਤਰੀ ਵਿਦਿਆਰਥੀ ਦਾਖਲ ਕਰਨ ਦੀ ਖੁੱਲ੍ਹ ਮਿਲੀ ਹੋਈ ਸੀ। 2023 ਵਿਚ 4 ਲੱਖ 27 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ ਅਤੇ ਮੌਜੂਦਾ ਵਰ੍ਹੇ ਦੌਰਾਨ ਹੁਣ ਤੱਕ 90 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡੀਅਨ ਵੀਜ਼ਾ ਹਾਸਲ ਕਰ ਚੁੱਕੇ ਹਨ।

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

2022 ਵਿਚ 3 ਲੱਖ 19 ਹਜ਼ਾਰ ਭਾਰਤੀਆਂ ਨੂੰ ਸਟੱਡੀ ਮਿਲਿਆ ਜਦਕਿ 2021 ਵਿਚ ਇਹ ਅੰਕੜਾ 2 ਲੱਖ 16 ਹਜ਼ਾਰ ਦਰਜ ਕੀਤਾ ਗਿਆ। ਬੀ.ਸੀ. ਵਿਚ ਨਵੀਆਂ ਹਦਾਇਤਾਂ ਜੁਲਾਈ ਮਹੀਨੇ ਤੋਂ ਹੀ ਲਾਗੂ ਹੋ ਰਹੀਆਂ ਹਨ ਅਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਇਨ੍ਹਾਂ ਮੁਤਾਬਕ ਹੀ ਦਾਖਲੇ ਕਰਨੇ ਹੋਣਗੇ। ਬੀ.ਸੀ. ਦੇ ਪੋਸਟ ਸੈਕੰਡਰੀ ਐਜੁਕੇਸ਼ਨ ਅਤੇ ਫਿਊਚਰ ਸਕਿਲਜ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਬਾਰੇ ਨਵੀਆਂ ਹਦਾਇਤਾਂ ਸਬੰਧਤ ਵਿਦਿਅਕ ਅਦਾਰਿਆਂ ਦੀਆਂ ਸੇਵਾਵਾਂ ਦਾ ਮਿਆਰ ਉਚਾ ਰੱਖਣ ਦੇ ਮਕਸਦ ਤਹਿਤ ਜਾਰੀ ਕੀਤੀਆਂ ਗਈਆਂ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਵੇਲੇ ਤਕਰੀਬਨ 1 ਲੱਖ 75 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਨਵੀਆਂ ਹਦਾਇਤਾਂ ਲਾਗੂ ਹੋਣ ਮਗਰੋਂ ਇਨ੍ਹਾਂ ਦੀ ਗਿਣਤੀ ਵਿਚ ਕਮੀ ਆਵੇਗੀ। ਸੂਬਾ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਕੌਮਾਂਤਰੀ ਸਿੱਖਿਆ ਨਾਲ ਸਬੰਧਤ ਆਪਣੀ ਯੋਜਨਾ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ ਤਾਂਕਿ ਵਿਦਿਆਰਥੀਆਂ ਦੀ ਗਿਣਤੀ ਬਾਰੇ ਤੈਅ ਹੱਦ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਸਿਰਫ 30 ਫੀ ਸਦੀ ਕੌਮਾਂਤਰੀ ਵਿਦਿਆਰਥੀ ਦਾਖਲ ਕਰ ਸਕਣਗੇ ਵਿਦਿਅਕ ਅਦਾਰੇ

ਇਥੇ ਦਸਣਾ ਬਣਦਾ ਹੈ ਕਿ ਕਵੈਂਟਲੈਨ ਪੌਲੀਟੈਕਨਿਕ ਯੂਨੀਵਰਸਿਟੀ ਵੱਲੋਂ 2023 ਵਿਚ ਦਾਖਲ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 36 ਫੀ ਸਦੀ ਤੱਕ ਪੁੱਜ ਗਈ ਜੋ ਵੱਡੀ ਉਲੰਘਣਾ ਨਹੀਂ ਸੀ। ਯੂਨੀਵਰਸਿਟੀ ਦੀ ਵਾਇਸ ਪ੍ਰੈਜ਼ੀਡੈਂਟ ਜ਼ੈਨਾ ਮਿਚੇਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਦਾਖਲੇ ਦੀ ਹੱਦ ਨੂੰ ਵਧੇਰੇ ਕਾਰਗਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਕੈਨੇਡਾ ਸਰਕਾਰ ਵੱਲੋਂ ਜਨਵਰੀ 2024 ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਬਾਰੇ ਕੀਤੇ ਐਲਾਨ ਮਗਰੋਂ ਬ੍ਰਿਟਿਸ਼ ਕੋਲੰਬੀਆ ਵਿਚ ਨਵੇਂ ਵਿਦਿਅਕ ਅਦਾਰਿਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਦੋ ਸਾਲ ਦੀ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ। ਭਾਵੇਂ ਬੀ.ਸੀ. ਵਿਚ 1 ਲੱਖ 75 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਹਨ ਪਰ ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਪ੍ਰਾਈਵੇਟ ਵਿਦਿਅਕ ਅਦਾਰਿਆਂ ਦਾ ਹਿੱਸਾ ਹਨ। ਕੈਨੇਡਾ ਵਿਚ ਕੌਮੀ ਅਤੇ ਸੂਬਾ ਪੱਧਰ ’ਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਕਦਮ ਅਜਿਹੇ ਸਮੇਂ ਉਠਾਇਆ ਗਿਆ ਜਦੋਂ 2023 ਵਿਚ ਅੰਕੜਾ 10 ਲੱਖ 40 ਹਜ਼ਾਰ ਤੋਂ ਟੱਪ ਗਿਆ। ਫੈਡਰਲ ਸਰਕਾਰ ਨੂੰ 9.5 ਲੱਖ ਵਿਦਿਆਰਥੀਆਂ ਦੇ ਪੁੱਜਣ ਦੀ ਉਮੀਦ ਸੀ ਪਰ ਗਿਣਤੀ ਕਿਤੇ ਜ਼ਿਆਦਾ ਉਪਰ ਚਲੀ ਗਈ। ਸਭ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਭਾਰਤ ਤੋਂ ਆ ਰਹੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਹੁੰਦੇ ਹਨ। ਭਾਰਤ ਤੋਂ ਬਾਅਦ ਚੀਨ, ਫਿਲੀਪੀਨਜ਼ ਅਤੇ ਨਾਈਜੀਰੀਆ ਤੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਪੁੱਜ ਰਹੇ ਹਨ।

Tags:    

Similar News