ਹਾਈਵੇਅ 401 ਦੇ ਹੇਠਾਂ ਬਰੈਂਪਟਨ ਤੋਂ ਸਕਾਰਬ੍ਰੋਅ ਤੱਕ ਬਣੇਗੀ ਸੁਰੰਗ
ਉਨਟਾਰੀਓ ਵਿਚ ਮੱਧਕਾਲੀ ਚੋਣਾਂ ਦੇ ਕਿਆਸਿਆਂ ਦਰਮਿਆਨ ਪ੍ਰੀਮੀਅਰ ਡਗ ਫੋਰਡ ਵੱਲੋਂ ਹਾਈਵੇਅ 401 ਦੇ ਹੇਠਾਂ ਸੁਰੰਗ ਬਣਾਉਣ ਦੇ ਐਲਾਨ ਨੇ ਨਵੀਂ ਬਹਿਸ ਛੇੜ ਦਿਤੀ ਹੈ।;
ਟੋਰਾਂਟੋ, 26 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਮੱਧਕਾਲੀ ਚੋਣਾਂ ਦੇ ਕਿਆਸਿਆਂ ਦਰਮਿਆਨ ਪ੍ਰੀਮੀਅਰ ਡਗ ਫੋਰਡ ਵੱਲੋਂ ਹਾਈਵੇਅ 401 ਦੇ ਹੇਠਾਂ ਸੁਰੰਗ ਬਣਾਉਣ ਦੇ ਐਲਾਨ ਨੇ ਨਵੀਂ ਬਹਿਸ ਛੇੜ ਦਿਤੀ ਹੈ। ਕੁਝ ਲੋਕ ਇਸ ਨੂੰ ਬੇਤੁਕੀ ਸੋਚ ਦੱਸ ਰਹੇ ਹਨ ਜਦਕਿ ਕੁਝ ਇਸ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ। ਉਧਰ ਵਿਰੋਧੀ ਧਿਰ ਨੇ ਪ੍ਰੀਮੀਅਰ ਡਗ ਫੋਰਡ ਦੀ ਤਜਵੀਜ਼ ਨੂੰ ਸ਼ੇਖਚਿਲੀ ਦਾ ਸੁਪਨਾ ਕਰਾਰ ਦਿਤਾ ਹੈ ਜਿਸ ਉਤੇ ਐਨੀ ਰਕਮ ਖਰਚ ਹੋਵੇਗੀ ਕਿ ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਜਦੋਂ ਇਕ ਡਾਲਰ ਵਿਚ ਬੀਅਰ ਦਾ ਵਾਅਦਾ ਪੂਰਾ ਨਹੀਂ ਹੋਇਆ ਅਤੇ ਲਾਇਸੰਸ ਪਲੇਟਸ ਤੇ ਹੈਲਥ ਕੇਅਰ ਬਾਰੇ ਐਲਾਨ ਅਧੂਰੇ ਰਹਿ ਗਏ ਤਾਂ ਅਰਬਾਂ ਡਾਲਰ ਦੇ ਖਰਚ ਵਾਲੀ ਟਨਲ ਕਿਵੇਂ ਸੰਭਵ ਹੈ।
ਪ੍ਰੀਮੀਅਰ ਡਗ ਫੋਰਡ ਵੱਲੋ ਆਵਾਜਾਈ ਸੁਖਾਲੀ ਕਰਨ ਦਾ ਦਾਅਵਾ
ਪ੍ਰੀਮੀਅਰ ਡਗ ਫੋਰਡ ਦੀ ਯੋਜਨਾ ਮੁਤਾਬਕ ਬਰੈਂਪਟਨ ਤੋਂ ਸਕਾਰਬ੍ਰੋਅ ਤੱਕ ਹਾਈਵੇਅ 401 ਦੇ ਹੇਠਾਂ ਸੁਰੰਗ ਦੇ ਰੂਪ ਵਿਚ ਹਾਈਵੇਅ ਬਣਾਉਣ ਬਾਰੇ ਅਧਿਐਨ ਕੀਤਾ ਜਾਵੇਗਾ। ਇਟੋਬੀਕੋ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਟਨਲ ਬਣਨ ਮਗਰੋਂ ਨਾ ਸਿਰਫ ਆਵਾਜਾਈ ਸੁਖਾਲੀ ਹੋ ਜਾਵੇਗਾ ਸਗੋਂ ਆਰਥਿਕ ਵਿਕਾਸ ਵਿਚ ਮਦਦ ਮਿਲੇਗੀ ਅਤੇ ਲੋਕ ਤੇਜ਼ੀ ਨਾਲ ਆਪਣੀ ਮੰਜ਼ਿਲ ’ਤੇ ਪੁੱਜ ਸਕਣਗੇ। ਉਨਟਾਰੀਓ ਦਾ ਟ੍ਰਾਂਸਪੋਰਟੇਸ਼ਨ ਮੰਤਰਾਲਾ ਬਰੈਂਪਟਨ ਜਾਂ ਮਿਸੀਸਾਗਾ ਤੋਂ ਸਕਾਰਬ੍ਰੋਅ ਜਾਂ ਮਾਰਖਮ ਤੱਕ ਧਰਤੀ ਦੇ ਹੇਠਾਂ ਹਾਈਵੇਅ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਕਰੇਗਾ। ਇਹ ਫਾਸਲਾ ਮੋਟੇ ਤੌਰ ’ਤੇ 55 ਕਿਲੋਮੀਟਰ ਬਣਦਾ ਹੈ। ਸੂਬਾ ਸਰਕਾਰ ਮੁਤਾਬਕ ਧਰਤੀ ਹੇਠਲੇ ਹਾਈਵੇਅ ’ਤੇ ਕੋਈ ਟੋਲ ਨਹੀਂ ਲੱਗੇਗਾ ਅਤੇ ਪਬਲਿਕ ਟ੍ਰਾਂਜ਼ਿਟ ਦੀ ਸਹੂਲਤ ਵੀ ਹੋਵੇਗੀ। ਦੱਸ ਦੇਈਏ ਕਿ ਇਸ ਵੇਲੇ ਧਰਤੀ ’ਤੇ ਸੜਕ ਦੇ ਰੂਪ ਵਿਚ ਸਭ ਤੋਂ ਲੰਮੀ ਸੁਰੰਗ ਨੌਰਵੇ ਵਿਚ ਹੈ ਜਿਸ ਦੀ ਲੰਬਾਈ 24.5 ਕਿਲੋਮੀਟਰ ਬਣਦੀ ਹੈ। ਪ੍ਰੀਮੀਅਰ ਡਗ ਫੋਰਡ ਨੇ ਇਕ ਹੋਰ ਹੈਰਾਨਕੁੰਨ ਟਿੱਪਣੀ ਕਰਦਿਆਂ ਕਿਹਾ ਕਿ ਧਰਤੀ ਹੇਠਲੇ ਹਾਈਵੇਅ ’ਤੇ ਹੋਣ ਵਾਲਾ ਖਰਚਾ ਸਾਫ਼ ਸਾਫ਼ ਲੋਕਾਂ ਨੂੰ ਦੱਸਿਆ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਹਾਈਵੇਅ 413 ਦੇ ਖਰਚੇ ਬਾਰੇ ਦੱਸਣ ਤੋਂ ਸੂਬਾ ਸਰਕਾਰ ਟਾਲਾ ਵਟਦੀ ਆਈ ਹੈ।
ਵਿਰੋਧੀ ਧਿਰ ਨੇ ਸ਼ੇਖਚਿਲੀ ਦਾ ਸੁਪਨਾ ਕਰਾਰ ਦਿਤਾ
ਦੂਜੇ ਪਾਸੇ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਬੋਸਟਨ ਦੇ ਟਨਲ ਪ੍ਰੌਜੈਕਟ ਦਾ ਮਿਸਾਲ ਪੇਸ਼ ਕੀਤੀ ਜਿਸ ਨੂੰ ਮੁਕੰਮਲ ਹੋਣ ਵਿਚ 25 ਸਾਲ ਲੱਗੇ ਅਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਹਾਈਵੇਅ ਪ੍ਰੌਜੈਕਟ ਸਾਬਤ ਹੋਇਆ। ਡਗ ਫੋਰਡ ਨੂੰ ਵੀ ਪ੍ਰੈਸ ਕਾਨਫਰੰਸ ਦੌਰਾਨ ਬੋਸਟਨ ਦੇ ‘ਬਿਗ ਡਿਗ’ ਪ੍ਰੌਜੈਕਟ ਬਾਰੇ ਪੁੱਛਿਆ ਗਿਆ ਤਾਂ ਉਨ੍ਰਾਂ ਕਿਹਾ ਕਿ ਉਨਟਾਰੀਓ ਵਿਚ ਕੋਈ ਸਮੱਸਿਆ ਨਹੀਂ ਆਵੇਗੀ। ਡਗ ਫੋਰਡ ਨੇ ਦਾਅਵਾ ਕੀਤਾ ਕਿ ਸੁਰੰਗ ਪੁੱਟਣ ਵਿਚ ਸਾਨੂੰ ਪੂਰੀ ਮੁਹਾਰਤ ਹਾਸਲ ਹੈ। ਇਸੇ ਦੌਰਾਨ ਲਿਬਰਲ ਆਗੂ ਬੌਨੀ ਕਰੌਂਬੀ ਨੇ ਮੰਨਿਆ ਕਿ ਟ੍ਰੈਫਿਕ ਦੀ ਸਮੱਸਿਆ ਗਰੇਟਰ ਟੋਰਾਂਟੋ ਏਰੀਆ ਦਾ ਵੱਡਾ ਮੁੱਦਾ ਬਣ ਚੁੱਕੀ ਹੈ ਪਰ ਅਰਬ ਡਾਲਰ ਸੁਰੰਗ ਪੁੱਟਣ ’ਤੇ ਖਰਚ ਕਰਨ ਦੀ ਬਜਾਏ ਹੈਲਥ ਕੇਅਰ, ਐਜੁਕੇਸ਼ਨ, ਪਬਲਿਕ ਟ੍ਰਾਂਜ਼ਿਟ ਅਤੇ ਹਾਊਸਿੰਗ ’ਤੇ ਖਰਚੇ ਜਾਣ ਤਾਂ ਬਿਹਤਰ ਹੋਵੇਗਾ। ਉਧਰ ਮਾਹਰਾਂ ਦਾ ਕਹਿਣਾ ਹੈ ਕਿ ਹਾਈਵੇਅ 401 ’ਤੇ ਭੀੜ ਵਧਣ ਦਾ ਸਿਲਸਿਲਾ ਜਾਰੀ ਹੈ ਅਤੇ ਆਵਾਜਾਈ ਵਿਚ ਅੱਜ ਲੱਗਣ ਵਾਲਾ ਸਮਾਂ 2051 ਤੱਕ ਦੁੱਗਣਾ ਹੋ ਜਾਵੇਗਾ। ਜੀ.ਟੀ.ਏ. ਦੀਆਂ ਸੜਕਾਂ ’ਤੇ ਟ੍ਰੈਫਿਕ ਸਮੱਸਿਆ ਕਾਰਨ ਉਨਟਾਰੀਓ ਨੂੰ ਹਰ ਸਾਲ 11 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ।