ਐਲ.ਸੀ.ਬੀ.ਓ. ਕਾਮਿਆਂ ਦੀ ਹੜਤਾਲ ਖਤਮ ਹੋਣ ਦੇ ਰਾਹ ਵਿਚ ਨਵਾਂ ਅੜਿੱਕਾ
ਉਨਟਾਰੀਓ ਸਰਕਾਰ ਅਤੇ ਐਲ.ਸੀ.ਬੀ.ਓ. ਕਾਮਿਆਂ ਵਿਚਾਲੇ ਸਮਝੌਤੇ ਦੇ ਆਸਾਰ ਹੋਰ ਮੱਧਮ ਹੋ ਗਏ ਜਦੋਂ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਕਨਵੀਨੀਐਂਸ ਸਟੋਰਾਂ ਵਿਚ ਬੀਅਰ ਵੇਚਣ ਦੇ ਫੈਸਲੇ ਤੋਂ ਕਿਸੇ ਵੀ ਸੂਰਤ ਵਿਚ ਪਿੱਛੇ ਨਾ ਹਟਣ ਦਾ ਐਲਾਨ ਕਰ ਦਿਤਾ।
ਟੋਰਾਂਟੋ : ਉਨਟਾਰੀਓ ਸਰਕਾਰ ਅਤੇ ਐਲ.ਸੀ.ਬੀ.ਓ. ਕਾਮਿਆਂ ਵਿਚਾਲੇ ਸਮਝੌਤੇ ਦੇ ਆਸਾਰ ਹੋਰ ਮੱਧਮ ਹੋ ਗਏ ਜਦੋਂ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਕਨਵੀਨੀਐਂਸ ਸਟੋਰਾਂ ਵਿਚ ਬੀਅਰ ਵੇਚਣ ਦੇ ਫੈਸਲੇ ਤੋਂ ਕਿਸੇ ਵੀ ਸੂਰਤ ਵਿਚ ਪਿੱਛੇ ਨਾ ਹਟਣ ਦਾ ਐਲਾਨ ਕਰ ਦਿਤਾ। ਗਲੋਬਲ ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਉਹ ਕਦੇ ਵੀ ਪਿੱਠ ਨਹੀਂ ਦਿਖਾਉਣਗੇ। ਸੂਬੇ ਵਿਚ 5 ਸਤੰਬਰ ਤੋਂ ਹਰ ਕਨਵੀਨੀਐਂਸ ਸਟੋਰ’ਤੇ ਬੀਅਰ ਦੀ ਵਿਕਰੀ ਦਾ ਰਾਹ ਖੁੱਲ ਜਾਵੇਗਾ ਪਰ ਇਸ ਵਾਸਤੇ ਸਟੋਰ ਮਾਲਕਾਂ ਨੂੰ ਲਾਇਸੰਸ ਲੈਣੇ ਹੋਣਗੇ। ਦੂਜੇ ਪਾਸੇ ਹੜਤਾਲ ’ਤੇ ਚੱਲ ਰਹੇ 9 ਹਜ਼ਾਰ ਤੋਂ ਵੱਧ ਐਲ.ਸੀ.ਬੀ.ਓ. ਕਾਮਿਆਂ ਦੀ ਮੰਗ ਹੈ ਕਿ ਕਨਵੀਨੀਐਂ ਸਟੋਰਾਂ ਰਾਹੀਂ ਬੀਅਰ ਦੀ ਵਿਕਰੀ ਦਾ ਫੈਸਲਾ ਵਾਪਸ ਲਿਆ ਜਾਵੇ।
ਉਨਟਾਰੀਓ ਦੇ ਵਿੱਤ ਮੰਤਰੀ ਵੱਲੋਂ ਫੈਸਲੇ ਤੋਂ ਪਿੱਛੇ ਹਟਣ ਤੋਂ ਇਨਕਾਰ
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਇਸ ਤੋਂ ਪਿੱਛੇ ਹਟਣ ਦਾ ਸਵਾਲ ਹੀ ਨਹੀਂ। ਉਨ੍ਹਾਂ ਦਲੀਲ ਦਿਤੀ ਕਿ ਕਨਵੀਨੀਐਂਸ ਸਟੋਰਾਂ ਰਾਹੀਂ ਵਿਕਰੀ ਵਾਲੇ ਉਤਪਾਦਾਂ ਵਿਚ ਐਲਕੌਹਲ ਦੀ ਮਾਤਰਾ 7.5 ਫੀ ਸਦੀ ਘੱਟ ਰੱਖੀ ਗਈ ਹੈ। ਇਹ ਪੁੱਛੇ ਜਾਣ ਕਿ ਕੀ ਸਰਕਾਰ ਦੀ ਮੌਜੂਦਾ ਨੀਤੀਆਂ ਨਾਲ ਕੋਈ ਸਟੋਰ ਬੰਦ ਨਾ ਹੋਣ ਦੀ ਗਾਰੰਟੀ ਦਿਤੀ ਜਾ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਭਵਿੱਖ ਦੇ ਕਿਆਸੇ ਨਹੀਂ ਲਾਉਣਾ ਚਾਹੁੰਦੇ। ਬੈਥਲੈਨਫੌਲਵੀ ਨੇ ਕਿਹਾ ਕਿ ਉਹ ਕੋਈ ਵਚਨਬੱਧਤਾ ਜ਼ਾਹਰ ਨਹੀਂ ਕਰ ਸਕਦੇ ਕਿਉਂਕਿ ਉਹ ਭਵਿੱਖ ਬਾਰੇ ਨਹੀਂ ਜਾਣਦੇ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪ੍ਰੀਮੀਅਰ ਡਗ ਫੋਰਡ ਵੀ ਕੁਝ ਇਸੇ ਕਿਸਮ ਦੇ ਸੰਕੇਤ ਦੇ ਚੁੱਕੇ ਹਨ। ਦੂਜੇ ਪਾਸੇ ਉਨਟਾਰੀਓ ਪਬਲਿਕ ਸੈਕਟਰ ਇੰਪਲੌਈਜ਼ ਯੂਨੀਅਨ ਦਾ ਕਹਿਣਾ ਹੈ ਕਿ ਐਲਕੌਹਲ ਦੀ ਵਿਕਰੀ ਵਿਚ ਪ੍ਰਾਈਵੇਟ ਰਿਟੇਲਰਾਂ ਨੂੰ ਸ਼ਾਮਲ ਕਰ ਕੇ ਸੂਬਾ ਸਰਕਾਰ ਢਾਈ ਅਰਬ ਡਾਲਰ ਦੀ ਆਮਦਨ ਦਾ ਨੁਕਸਾਨ ਕਰ ਰਹੀ ਹੈ।