ਪੰਜਾਬੀ ਬੋਲੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਕੈਨੇਡਾ ’ਚ ਵਿਦਵਾਨਾਂ ਦਾ ਵੱਡਾ ਇਕੱਠ
‘ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੁਲ ਜਾਓਗੇ’ ਜੀ ਹਾਂ, ਇਸੇ ਵਿਚਾਰ ਨੂੰ ਮੁੱਖ ਰਖਦਿਆਂ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਢੁਕਵੇਂ ਹੱਲ ਅਤੇ ਇਸ ਦੇ ਲੋੜੀਂਦੇ ਪਸਾਰ ਲਈ ਸਰੀ ਵਿਖੇ ਇਕ ਰੋਜ਼ਾ ‘ਵਿਚਾਰ-ਵਟਾਂਦਰਾ’ ਸਮਾਗਮ ਕਰਵਾਇਆ ਗਿਆ
ਵੈਨਕੂਵਰ (ਮਲਕੀਤ ਸਿੰਘ) : ‘ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗ ਰੁਲ ਜਾਓਗੇ’ ਜੀ ਹਾਂ, ਇਸੇ ਵਿਚਾਰ ਨੂੰ ਮੁੱਖ ਰਖਦਿਆਂ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਵੱਖ ਵੱਖ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਢੁਕਵੇਂ ਹੱਲ ਅਤੇ ਇਸ ਦੇ ਲੋੜੀਂਦੇ ਪਸਾਰ ਲਈ ਸਰੀ ਵਿਖੇ ਇਕ ਰੋਜ਼ਾ ‘ਵਿਚਾਰ-ਵਟਾਂਦਰਾ’ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਹਿਤੈਸ਼ੀਆਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਘੇ ਵਿਦਵਾਨ ਡਾ. ਪਿਆਰੇ ਲਾਲ, ਮਿੱਤਰ ਸੈਨ ਮੀਤ, ਡਾ. ਬਾਵਾ ਸਿੰਘ, ਹਰਿੰਦਰ ਸਿੰਘ ਟੈਕਸਸ ਅਤੇ ਡਾ. ਪ੍ਰਿਥੀਵਾਲ ਸੋਹੀ ਵੱਲੋਂ ਆਪਣੀਆਂ ਦਲੀਲ ਭਰਪੂਰ ਅਤੇ ਤਰਕਮਈ ਤਕਰੀਰਾਂ ਰਾਹੀਂ ਸਮਸਿਆ ਦੀ ਜੜ ਅਤੇ ਇਸ ਦੇ ਢੁਕਵੇਂ ਹੱਲ ’ਤੇ ਚਾਨਣਾ ਪਾਇਆ।
ਡਾ. ਪਿਆਰੇ ਲਾਲ ਗਰਗ ਅਤੇ ਹੋਰਨਾਂ ਵੱਲੋਂ ਇਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ
ਵਿਦਵਾਨਾਂ ਵੱਲੋਂ ਪੰਜਾਬੀ ਬੋਲੀ ਦੇ ਅਜੋਕੇ ਹਾਲਾਤ ਅਤੇ ਦਰਪੇਸ਼ ਚੁਣੌਤੀਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸਭਨਾਂ ਨੂੰ ਇਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਵੀ ਦਿਤਾ ਗਿਆ। ਸਰੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਕਰਵਾਏ ਸਮਾਗਮ ਦੌਰਾਨ ਪੇਸ਼ ਕੁਝ ਮਤਿਆਂ ਨੂੰ ਉਥੇ ਮੌਜੂਦ ਪਤਵੰਤਿਆਂ ਵੱਲੋਂ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿਤੀ ਗਈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ ’ਤੇ ਪੁੱਜੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਭਰਦੀ ਪੰਜਾਬੀ ਗਾਇਕਾ ਸਾਂਝ ਜੌੜਾ ਅਤੇ ਤਬਲਾ ਉਸਤਾਦ ਅਮਰਜੀਤ ਸਿੰਘ ਨੇ ਕਲਾਸੀਕਲ ਸੰਗੀਤ ਦੀਆਂ ਕੁਝ ਵੰਨਗੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਤੋਂ ਸਰੋਤੇ ਬੇਹੱਦ ਪ੍ਰਭਾਵਤ ਹੋਏ। ਸਾਂਝ ਜੌੜਾ ਵੱਲੋਂ ਬਗੈਰ ਸਾਜ਼ਾਂ ਤੋਂ ਆਪਣੀ ਮਨਮੋਹਕ ਅਤੇ ਦਿਲਕਸ਼ ਆਵਾਜ਼ ਵਿਚ ਸੁਰਬੱਧ ਕੀਤੀ ਅੰਮ੍ਰਿਤਾ ਪ੍ਰੀਤਮ ਦੀ ਰਚਨਾ ‘ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ’ ਸੁਣ ਕੇ ਦਰਸ਼ਕ ਗਦ-ਗਦ ਹੋ ਗਏ ਅਤੇ ਹਾਲ ਤਾੜੀਆਂ ਨਾਲ ਗੂੰਜਣ ਲੱਗਾ।
ਸਰੀ ਵਿਖੇ ਖੁੱਲ੍ਹੇ ਵਿਚਾਰ-ਵਟਾਂਦਰੇ ਵਿਚ ਪੁੱਜੇ ਵੱਡੀ ਗਿਣਤੀ ਵਿਚ ਪੰਜਾਬੀ ਹਿਤੈਸ਼ੀ
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਮੱਲ੍ਹੀ, ਰਿੱਕੀ ਬਾਜਵਾ, ਡਾ. ਜਗਜੀਤ ਸਿੰਘ, ਕ੍ਰਿਪਾਲ ਸਿੰਘ ਗਰਚਾ, ਮੋਤਾ ਸਿੰਘ ਝੀਤਾ, ਦਵਿੰਦਰ ਸਿੰਘ ਘਟੌੜਾ, ਸਤਨਾਮ ਸਿੰਘ ਜੌਹਲ, ਨਵਰੂਪ ਸਿੰਘ ਅਤੇ ਐਨ.ਆਰ. ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਵੀ ਸ਼ਾਮਲ ਹੋਏ। ਸਮਾਗਮ ਦੌਰਾਨ ਸਰੀ ਬੁੱਕ ਵੱਲੋਂ ਲਾਏ ਪੰਜਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ ਦੇ ਸਟਾਲ ’ਤੇ ਵੱਡੀ ਗਿਣਤੀ ਵਿਚ ਪਾਠਕਾਂ ਦੀ ਹਾਜ਼ਰੀ ਵੇਖਣ ਨੂੰ ਮਿਲੀ। ‘ਹਮਦਰਦ ਟੀ.ਵੀ.’ ਨਾਲ ਗੱਲਬਾਤ ਕਰਦਿਆਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੰਜਾਬੀ ਬੋਲੀ ਨੂੰ ਜਿਊਂਦਾ ਰੱਖਣ ਲਈ ਬੇਹੱਦ ਲਾਜ਼ਮੀ ਹੈ ਕਿ ਵਿਗਿਆਨ ਸਣੇ ਹਰ ਵਿਸ਼ੇ ਦੀਆਂ ਕਿਤਾਬਾਂ ਦਾ ਅਨੁਵਾਦ ਪੰਜਾਬੀ ਵਿਚ ਕੀਤਾ ਜਾਵੇ ਅਤੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਮੁਹੱਈਆ ਕਰਵਾਏ ਜਾਣ।