ਕੈਨੇਡਾ ਵਾਲਿਆਂ ਨੂੰ ਮਹਿੰਗੀ ਬਰੈੱਡ ਵੇਚਣ ਦੇ ਮਾਮਲੇ ਵਿਚ ਆਇਆ ਵੱਡਾ ਮੋੜ

ਕੈਨੇਡਾ ਵਿਚ ਬਰੈੱਡ ਦੀਆਂ ਕੀਮਤਾਂ ਵਧਾਉਣ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਦਾ ਸਾਹਮਣਾ ਕਰ ਰਹੀਆਂ ਗਰੌਸਰੀ ਕੰਪਨੀਆਂ ਵਿਚੋਂ ਇਕ ਲੌਬਲਾਅ ਨੇ ਸਮਝੌਤੇ ਦੇ ਮਕਸਦ ਨਾਲ 500 ਮਿਲੀਅਨ ਡਾਲਰ ਦੀ ਅਦਾਇਗੀ ਕਰਨ ਬਾਰੇ ਸਹਿਮਤੀ ਦੇ ਦਿਤੀ ਹੈ।;

Update: 2024-07-26 11:53 GMT

ਟੋਰਾਂਟੋ : ਕੈਨੇਡਾ ਵਿਚ ਬਰੈੱਡ ਦੀਆਂ ਕੀਮਤਾਂ ਵਧਾਉਣ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਦਾ ਸਾਹਮਣਾ ਕਰ ਰਹੀਆਂ ਗਰੌਸਰੀ ਕੰਪਨੀਆਂ ਵਿਚੋਂ ਇਕ ਲੌਬਲਾਅ ਨੇ ਸਮਝੌਤੇ ਦੇ ਮਕਸਦ ਨਾਲ 500 ਮਿਲੀਅਨ ਡਾਲਰ ਦੀ ਅਦਾਇਗੀ ਕਰਨ ਬਾਰੇ ਸਹਿਮਤੀ ਦੇ ਦਿਤੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 16 ਸਾਲ ਤੱਕ ਚੱਲੀ ਸਾਜ਼ਿਸ਼ ਦੌਰਾਨ ਬਰੈੱਡ ਦੇ ਇਕ ਪੈਕਟ ਦੀ ਕੀਮਤ ਵਿਚ ਡੇਢ ਡਾਲਰ ਦਾ ਗੈਰਵਾਜਬ ਵਾਧਾ ਕੀਤਾ ਗਿਆ। ਮੁਕੱਦਮੇ ਵਿਚ ਧਿਰ ਬਣਾਈਆਂ ਕੰਪਨੀਆਂ ਵਿਚ ਲੌਬਲਾਅ ਤੋਂ ਇਲਾਵਾ ਮੈਟਰੋ, ਵਾਲਮਾਰਟ ਕੈਨੇਡਾ, ਜਾਇੰਟ ਟਾਈਗਰ, ਸੋਬੀਜ਼ ਅਤੇ ਕੈਨੇਡਾ ਬਰੈਡ ਕੰਪਨੀ ਸ਼ਾਮਲ ਹਨ। ਉਧਰ ਮੁਦਈ ਧਿਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਲੌਬਲਾਅ ਵੱਲੋਂ ਕੀਤੀ ਪੇਸ਼ਕਸ਼ ਨੂੰ ਅਦਾਲਤੀ ਪ੍ਰਵਾਨਗੀ ਮਿਲਣੀ ਬਾਕੀ ਹੈ ਪਰ ਭਰੋਸਾ ਤੋੜਨ ਦੇ ਮਾਮਲੇ ਵਿਚ ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਅਦਾਇਗੀ ਹੋਵੇਗੀ।

500 ਮਿਲੀਅਨ ਡਾਲਰ ਦੀ ਅਦਾਇਗੀ ਵਾਸਤੇ ਸਹਿਮਤ ਹੋਈ ਲੌਬਲਾਅ

ਦੂਜੇ ਪਾਸੇ ਮੈਟਰੋ ਅਤੇ ਸੋਬੀਜ਼ ਵੱਲੋਂ ਮੁਕੱਦਮਾ ਲੜਨ ਦਾ ਫੈਸਲਾ ਕੀਤਾ ਗਿਆ ਹੈ। ਮੈਟਰੋ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਗਰੌਸਰੀ ਕੰਪਨੀ ਨੂੰ ਮਾਮਲੇ ਵਿਚ ਫਸਾਉਣ ਲਈ ਲੌਬਲਾਅ ਅਤੇ ਜਾਰਜ ਵੈਸਟਨ ਵੱਲੋਂ ਸਾਜ਼ਿਸ਼ ਘੜੀ ਗਈ। ਸੋਬੀਜ਼ ਨੇ ਵੀ ਕਿਹਾ ਕਿ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ। ਵਾਲਮਾਰਟ ਕੈਨੇਡਾ ਨੇ ਦਲੀਲ ਦਿਤੀ ਹੈ ਕਿ ਉਸ ਵੱਲੋਂ ਕਦੇ ਵੀ ਬਰੈੱਡ ਦੀਆਂ ਕੀਮਤਾਂ ਵਧਾਉਣ ਲਈ ਕਿਸੇ ਸਾਜ਼ਿਸ਼ ਵਿਚ ਸ਼ਮੂਲੀਅਤ ਨਹੀਂ ਕੀਤੀ ਗਈ ਅਤੇ ਨਾ ਹੀ ਕੰਪੀਟੀਸ਼ਨ ਐਕਟ ਦੀ ਉਲੰਘਣਾ ਕੀਤੀ ਹੈ। ਇਸੇ ਦੌਰਾਨ ਲੌਬਲਾਅ ਕੰਪਨੀਜ਼ ਲਿਮ ਅਤੇ ਇਸ ਦੀ ਪੇਰੈਂਟ ਕੰਪਨੀ ਜਾਰਜ ਵੈਸਟਨ ਲਿਮ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 247.5 ਮਿਲੀਅਨ ਡਾਲਰ ਨਕਦ ਅਦਾ ਕੀਤਾ ਜਾਣਗੇ। ਬਾਕੀ ਬਚਦੀ 252.5 ਮਿਲੀਅਨ ਡਾਲਰ ਦੀ ਰਕਮ ਵਿਚੋਂ 156.5 ਮਿਲੀਅਨ ਡਾਲਰ ਲੌਬਲਾਅ ਵੱਲੋਂ ਨਕਦ ਅਦਾ ਕੀਤੇ ਜਾਣਗੇ ਜਦਕਿ 96 ਮਿਲੀਅਨ ਡਾਲਰ ਆਪਣੇ ਗਾਹਕਾਂ ਨੂੰ ਕਾਰਡ ਪ੍ਰੋਗਰਾਮ ਰਾਹੀਂ ਮੁਹੱਈਆ ਕਰਵਾਏ ਜਾਣਗੇ। ਲੌਬਲਾਅ ਦੇ ਚੇਅਰਮੈਨ ਗੇਲਨ ਵੈਸਟਨ ਕਿਹਾ ਕਿ ਅਜਿਹਾ ਵਤੀਰਾ ਕਦੇ ਵੀ ਸਾਹਮਣੇ ਨਹੀਂ ਆਉਣਾ ਚਾਹੀਦਾ।

ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਅਦਾਇਗੀ ਹੋਵੇਗੀ

ਵੈਸਟਨ ਗਰੁੱਪ ਆਫ ਕੰਪਨੀਜ਼ ਵੱਲੋਂ ਅਸੀਂ ਪ੍ਰਾਈਸ ਫਿਕਸਿੰਗ ਦੀ ਹਰਕਤ ਲਈ ਮੁਆਫੀ ਚਾਹੁੰਦੇ ਹਾਂ। ਦੱਸ ਦੇਈਏ ਕਿ ਲੌਬਲਾਅ ਵੱਲੋਂ ਵੀਰਵਾਰ ਨੂੰ ਆਪਣੀ ਦੂਜੀ ਤਿਮਾਹੀ ਦੀ ਕਮਾਈ ਬਾਰੇ ਅੰਕੜੇ ਜਾਰੀ ਕੀਤੇ ਗਏ ਜੋ 10 ਫੀ ਸਦੀ ਹੇਠਾਂ ਆਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 500 ਮਿਲੀਅਨ ਡਾਲਰ ਦੀ ਅਦਾਇਗੀ ਦਾ ਅਸਰ ਗਾਹਕਾਂ ਨੂੰ ਵਧੀਆਂ ਕੀਮਤਾਂ ਦੇ ਰੂਪ ਵਿਚ ਨਹੀਂ ਭੁਗਤਣਾ ਪਵੇਗਾ। ਇਥੇ ਦਸਣਾ ਬਣਦਾ ਹੈ ਕਿ ਜੂਨ 2023 ਵਿਚ ਕੈਨੇਡਾ ਬਰੈੱਡ ਨੂੰ ਕੰਪੀਟੀਸ਼ਨ ਐਕਟ ਅਧੀਨ 50 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਗਿਆ। ਮੈਕਸੀਕੋ ਦੇ ਗਰੁੱਪ ਬਿੰਬੋ ਨਾਲ ਸਬੰਧਤ ਕੈਨੇਡਾ ਬਰੈੱਡ ਕੰਪਨੀ ਵੱਲੋਂ ਕੌਂਪੀਟਿਸ਼ਨ ਐਕਟ ਅਧੀਨ ਪ੍ਰਾਈਸ ਫਿਕਸਿੰਗ ਦੇ ਚਾਰ ਦੋਸ਼ ਕਬੂਲ ਕੀਤੇ ਗਏ। ਕੰਪਨੀ ਨੇ ਮੰਨਿਆ ਕਿ ਵੈਸਟਨ ਫੂਡਜ਼ ਇਨਕਾਰਪੋਰੇਸ਼ਨ ਨਾਲ ਰਲ ਕੇ ਸੈਂਡਵਿਚ ਬਰੈੱਡ ਅਤੇ ਹੌਟਡੌਗ ਬੰਨਜ਼ ਦੀਆਂ ਕੀਮਤਾਂ ਵਧਾਉਣ ਦਾ ਰਾਹ ਪੱਧਰਾ ਕੀਤਾ ਗਿਆ। ਦੋਹਾਂ ਕੰਪਨੀਆਂ ਦੀ ਗੰਢਤੁਪ ਸਦਕਾ 2007 ਅਤੇ 2011 ਵਿਚ ਦੋ ਵਾਰ ਬਰੈੱਡ ਦੀਆਂ ਕੀਮਤਾਂ ਵਧੀਆਂ। ਉਸ ਵੇਲੇ ਕੈਨੇਡਾ ਬਰੈਡ ਦੀ ਮਾਲਕੀ ਮੇਪਲ ਲੀਫ ਫੂਡਜ਼ ਕੋਲ ਹੁੰਦੀ ਸੀ। ਚੇਤੇ ਰਹੇ ਕਿ ਬਰੈੱਡ ਦੀ ਪ੍ਰਾਈਸ ਫਿਕਸਿੰਗ ਬਾਰੇ ਜਨਵਰੀ 2016 ਵਿਚ ਪੜਤਾਲ ਸ਼ੁਰੂ ਹੋਈ ਅਤੇ 2017 ਵਿਚ ਪਹਿਲਾ ਛਾਪਾ ਵੱਜਣ ਮਗਰੋਂ ਮਾਮਲਾ ਜਨਤਕ ਹੋ ਸਕਿਆ। ਕੌਂਪੀਟਿਸ਼ਨ ਬਿਊਰੋ ਵੱਲੋਂ 2018 ਵਿਚ ਦੋਸ਼ ਲਾਇਆ ਗਿਆ ਕਿ ਇਕ ਸਾਧਾਰਣ ਬਰੈੱਡ ਦੀ ਕੀਮਤ ਵਿਚ 16 ਸਾਲ ਦੌਰਾਨ ਘੱਟੋ ਘੱਟ ਡੇਢ ਡਾਲਰ ਦਾ ਨਾਜਾਇਜ਼ ਵਾਧਾ ਕੀਤਾ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਬਾਵਜੂਦ ਗਰੌਸਰੀ ਕੰਪਨੀਆਂ ਦੇ ਮੁਨਾਫ਼ੇ ਵਿਚ ਪਿਛਲੇ ਸਮੇਂ ਦੌਰਾਨ ਹੋਏ ਵਾਧੇ ਨਾਲ ਸਬੰਧਤ ਮਾਮਲਾ ਵੀ ਜਲਦ ਤੋਂ ਜਲਦ ਸੁਲਝਾਇਆ ਜਾਣਾ ਚਾਹੀਦਾ ਹੈ ਤਾਂਕਿ ਲੋਕਾਂ ਨੂੰ ਰਾਹਤ ਮਿਲ ਸਕੇ।

Tags:    

Similar News