ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਕਾਬੂ ਕੀਤੇ 7113 ਭਾਰਤੀ

ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ 84 ਫ਼ੀ ਸਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ 7,113 ਭਾਰਤੀਆਂ ਨੂੰ ਅਮਰੀਕਾ ਦੇ ਬਾਰਡਰ ’ਤੇ ਰੋਕਿਆ ਗਿਆ;

Update: 2025-01-02 13:08 GMT

ਟੋਰਾਂਟੋ : ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ 84 ਫ਼ੀ ਸਦੀ ਕਮੀ ਆਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਬੀਤੇ ਅਕਤੂਬਰ ਤੇ ਨਵੰਬਰ ਦੌਰਾਨ 7,113 ਭਾਰਤੀਆਂ ਨੂੰ ਅਮਰੀਕਾ ਦੇ ਬਾਰਡਰ ’ਤੇ ਰੋਕਿਆ ਗਿਆ ਜਦਕਿ ਕੁਲ ਫੜੇ ਪ੍ਰਵਾਸੀਆਂ ਦੀ ਗਿਣਤੀ 27,610 ਦਰਜ ਕੀਤੀ ਗਈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਜੂਨ 2024 ਮਗਰੋਂ ਕੈਨੇਡੀਅਨ ਵੀਜ਼ਾ ਜਾਂ ਵਰਕ ਪਰਮਿਟ ਧਾਰਕਾਂ ਦੇ ਅਮਰੀਕਾ ਦਾਖਲ ਹੋਣ ਦੀ ਦਰ ਬਿਲਕੁਲ ਹੇਠਲੇ ਪੱਧਰ ’ਤੇ ਆ ਚੁੱਕੀ ਹੈ ਪਰ ਅਮਰੀਕਾ ਦੀ ਇਕ ਮੀਡੀਆ ਰਿਪੋਰਟ ਬਿਲਕੁਲ ਉਲਟ ਦਾਅਵਾ ਕਰ ਰਹੀ ਹੈ।

ਇੰਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਭਾਰਤੀਆਂ ਦੀ ਗਿਣਤੀ ਵਿਚ 84 ਫ਼ੀ ਸਦੀ ਕਮੀ ਆਈ

ਉਤਰੀ ਬਾਰਡਰ ’ਤੇ ਕਾਬੂ ਕੀਤੇ ਕੁਲ ਪ੍ਰਵਾਸੀਆਂ ਵਿਚੋਂ ਭਾਰਤੀਆਂ ਦੀ ਗਿਣਤੀ 25 ਫ਼ੀ ਸਦੀ ਬਣਦੀ ਹੈ ਅਤੇ ਇਨ੍ਹਾਂ ਵਿਚ ਉਹ ਪ੍ਰਵਾਸੀ ਸ਼ਾਮਲ ਨਹੀਂ ਜੋ ਅਮਰੀਕਾ ਦੇ ਬਾਰਡਰ ਏਜੰਟਾਂ ਤੋਂ ਅੱਖ ਬਚਾ ਕੇ ਨਿਕਲਣ ਵਿਚ ਸਫ਼ਲ ਰਹੇ। ਇੰਮੀਗ੍ਰੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣਾ ਕੈਨੇਡਾ ਦੀ ਮੁੱਖ ਤਰਜੀਹ ਹੈ ਅਤੇ ਅਮਰੀਕਾ ਸਣੇ ਹੋਰਨਾਂ ਕੌਮਾਂਤਰੀ ਭਾਈਵਾਲਾਂ ਨਾਲ ਤਾਲਮੇਲ ਅਧੀਨ ਕਦਮ ਉਠਾਏ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਧਮਕੀ ਦੇ ਚੁੱਕੇ ਹਨ ਕਿ ਜੇ ਕੈਨੇਡਾ ਸਰਕਾਰ ਅਮਰੀਕਾ ਵੱਲ ਹੋ ਰਹੇ ਗੈਰਕਾਨੂੰਨੀ ਪ੍ਰਵਾਸ ਨੂੰ ਰੋਕਣ ਵਿਚ ਅਸਫ਼ਲ ਰਹਿੰਦੀ ਹੈ ਤਾਂ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਗੂ ਕੀਤਾ ਜਾਵੇਗਾ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਉਤਰੀ ਸਰਹੱਦ ’ਤੇ ਗੈਰਕਾਨੂੰਨੀ ਪ੍ਰਵਾਸ ਵਿਚ 84 ਫੀ ਸਦੀ ਕਮੀ ਦਾ ਅੰਕੜਾ ਇਸੇ ਕਰ ਕੇ ਪ੍ਰਚਾਰਿਆ ਜਾ ਰਿਹਾ ਹੈ। ਕਸਟਮਜ਼ ਅਤੇ ਬਾਰਡਰ ਪੈਟਰੌਲ ਦੇ ਅੰਕੜਿਆਂ ਮੁਤਾਬਕ 2022 ਵਿਚ 109,535 ਗੈਰਕਾਨੂੰਨੀ ਪ੍ਰਵਾਸੀਆਂ ਰੋਕਿਆ ਗਿਆ ਜਿਨ੍ਹਾਂ ਵਿਚੋਂ 16 ਫੀ ਸਦੀ ਭਾਰਤੀ ਸਨ। 2023 ਵਿਚ 1 ਲੱਖ 89 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਰੋਕੇ ਗਏ ਜਿਨ੍ਹਾਂ ਵਿਚੋਂ ਭਾਰਤੀਆਂ ਦੀ ਗਿਣਤੀ 30 ਹਜ਼ਾਰ ਦਰਜ ਕੀਤੀ ਗਈ ਅਤੇ 2024 ਦੌਰਾਨ ਤਕਰੀਬਨ 2 ਲੱਖ ਪ੍ਰਵਾਸੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਵਿਚੋਂ ਭਾਰਤੀਆਂਦੀ ਗਿਣਤੀ 43 ਹਜ਼ਾਰ ਤੋਂ ਵੱਧ ਬਣਦੀ ਹੈ।

ਅਕਤੂਬਰ ਅਤੇ ਨਵੰਬਰ ਵਿਚ 27,610 ਪ੍ਰਵਾਸੀ ਕਾਬੂ ਕੀਤੇ

ਅੰਕੜਿਆਂ ਦੀ ਡੂੰਘਾਈ ਨਾਲ ਸਮੀਖਿਆ ਦਰਸਾਉਂਦੀ ਹੈ ਕਿ ਭਾਰਤੀ ਨਾਗਰਿਕਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਚੇਤੇ ਰਹੇ ਕਿ ਪਿਛਲੇ ਦਿਨੀਂ ਭਾਰਤ ਦੇ ਐਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੈਨੇਡੀਅਨ ਵਿਦਿਅਕ ਸੰਸਥਾਵਾਂ ’ਤੇ ਗੰਭੀਰ ਦੋਸ਼ ਲਾਏ ਗਏ ਜਿਨ੍ਹਾਂ ਮੁਤਾਬਕ ਭਾਰਤ ਨੌਜਵਾਨਾਂ ਨੂੰ ਸਟੱਡੀ ਵੀਜ਼ਾ ਮਿਲਣ ਮਗਰੋਂ ਟਿਊਸ਼ਨ ਫੀਸ ਸਬੰਧਤ ਲੋਕਾਂ ਦੇ ਖਾਤੇ ਵਿਚ ਵਾਪਸ ਕਰ ਦਿਤੀ ਗਈ। ਈ.ਡੀ. ਮੁਤਬਕ ਅਮਰੀਕਾ ਪਹੁੰਚਾਉਣ ਲਈ ਏਜੰਟਾਂ ਵੱਲੋਂ 55 ਲੱਖ ਤੋਂ 60 ਲੱਖ ਰੁਪਏ ਦਰਮਿਆਨ ਸੌਦੇਬਾਜ਼ੀ ਕੀਤੀ ਗਈ ਅਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਏਜੰਟ ਇਸ ਧੰਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਨ੍ਹਾਂ ਵਿਚੋਂ ਤਕਰੀਬਨ 800 ਸਰਗਰਮੀ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ 262 ਕੈਨੇਡੀਅਨ ਕਾਲਜ ਵੀ ਪੜਤਾਲ ਦੇ ਘੇਰੇ ਵਿਚ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਕੈਂਪਸ ਅਮਰੀਕਾ ਦੇ ਨਾਲ ਲਗਦੇ ਇਲਾਕਿਆਂ ਵਿਚ ਹੈ। ਈ.ਡੀ. ਦੇ ਇਨ੍ਹਾਂ ਦੋਸ਼ਾਂ ਬਾਰੇ ਵੈਨਕੂਵਰ ਦੇ ਇੰਮੀਗ੍ਰੇਸ਼ਨ ਮਾਹਰ ਰਿਚਰਡ ਕਰਲੈਂਡ ਦਾ ਕਹਿਣਾ ਹੈ ਕੈਨੇਡੀਅਨ ਵਿਦਿਅਕ ਅਦਾਰਿਆਂ ਦੀ ਸ਼ਮੂਲੀਅਤ ਹੋਣ ਦੇ ਆਸਾਰ ਨਹੀਂ ਅਤੇ ਨਵੇਂ ਇੰਮੀਗ੍ਰੇਸ਼ਨ ਨਿਯਮ ਮਨੁੱਖੀ ਤਸਕਰੀ ਦੇ ਇਸ ਧੰਦੇ ਨੂੰ ਬੰਦ ਕਰਵਾ ਦੇਣਗੇ। ਫੈਡਰਲ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ ਨੂੰ ਹਦਾਇਤ ਦਿਤੀ ਗਈ ਹੈ ਜਿਹੜੇ ਕੌਮਾਂਤਰੀ ਵਿਦਿਆਰਥੀ ਕਲਾਸਾਂ ਵਿਚ ਨਹੀਂ ਆਉਂਦੇ, ਉਨ੍ਹਾਂ ਬਾਰੇ ਤੁਰਤ ਇੰਮੀਗ੍ਰੇਸ਼ਨ ਵਿਭਾਗ ਨੂੰ ਇਤਲਾਹ ਦਿਤੀ ਜਾਵੇ।

Tags:    

Similar News