ਬਰੈਂਪਟਨ ਅਤੇ ਮਿਸੀਸਾਗਾ ਵਿਖੇ 30 ਦਿਨ ਵਿਚ 473 ਹਮਲੇ
ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਇਕ ਮਕਾਨ ਵਿਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 37 ਸਾਲ ਦੇ ਤੇਜਿੰਦਰ ਸਿੰਘ ਕਾਹਲੋਂ ਨੂੰ ਨਾਜਾਇਜ਼ ਹਥਿਆਰ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ
ਬਰੈਂਪਟਨ : ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਇਕ ਮਕਾਨ ਵਿਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 37 ਸਾਲ ਦੇ ਤੇਜਿੰਦਰ ਸਿੰਘ ਕਾਹਲੋਂ ਨੂੰ ਨਾਜਾਇਜ਼ ਹਥਿਆਰ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫ਼ਸਰਾਂ ਵੱਲੋਂ ਕੀਤੀ ਕਾਰਵਾਈ ਮਗਰੋਂ ਤੇਜਿੰਦਰ ਸਿੰਘ ਕਾਹਲੋਂ ਵਿਰੁੱਧ ਪ੍ਰੋਬੇਸ਼ਨ ਦੀ ਉਲੰਘਣਾ ਕਰਨ, ਨਾਜਾਇਜ਼ ਹਥਿਆਰ ਦੀ ਮੌਜੂਦਗੀ ਬਾਰੇ ਜਾਣਕਾਰੀ ਹੋਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਹਥਿਆਰ ਦੀ ਲਾਪ੍ਰਵਾਹੀ ਨਾਲ ਵਰਤੋਂ ਕਰਨ ਅਤੇ ਜਾਣ-ਬੁੱਝ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਬਰੈਂਪਟਨ ਦੇ ਕੰਜ਼ਰਵੇਸ਼ਨ ਡਰਾਈਵ ਅਤੇ ਡਾਨਰਿਜ ਟ੍ਰੇਲ ਇਲਾਕੇ ਵਿਚ ਹਥਿਆਰਾਂ ਨਾਲ ਸਬੰਧਤ ਕਈ ਵਾਰਦਾਤਾਂ ਸਾਹਮਣੇ ਆਈਆਂ ਜਿਨ੍ਹਾਂ ਕਰ ਕੇ ਕਮਿਊਨਿਟੀ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਿੰਸਾ ਵਧਣ ਦਾ ਖਦਸ਼ ਵਧ ਗਿਆ।
ਬਰੈਂਪਟਨ ਦਾ ਤੇਜਿੰਦਰ ਸਿੰਘ ਕਾਹਲੋਂ ਗ੍ਰਿਫ਼ਤਾਰ
ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਯਤਨਾਂ ਤਹਿਤ ਜਾਂਚਕਰਤਾਵਾਂ ਨੇ ਤਲਾਸ਼ੀ ਵਾਰੰਟ ਹਾਸਲ ਕਰਦਿਆਂ ਛਾਪਾ ਮਾਰ ਦਿਤਾ। ਪੀਲ ਰੀਜਨਲ ਪੁਲਿਸ ਵੱਲੋਂ ਫ਼ਿਲਹਾਲ ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਪਰ ਨਾਲ ਹੀ ਦਾਅਵਾ ਕੀਤਾ ਹੈ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਖਾਤਰ ਹਰ ਸੰਭਵ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਇਲਾਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਕੋਈ ਸ਼ੱਕੀ ਸਰਗਰਮੀ ਨਜ਼ਰ ਆਵੇ ਤਾਂ 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2233 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ 30 ਦਿਨ ਦੌਰਾਨ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਅਸਾਲਟ ਦੇ 473 ਮਾਮਲੇ ਸਾਹਮਣੇ ਆ ਚੁੱਕੇ ਹਨ।
ਨਾਜਾਇਜ਼ ਹਥਿਆਰ ਰੱਖਣ ਦੇ ਲੱਗੇ ਦੋਸ਼
263 ਮਾਮਲੇ ਬਰੈਂਪਟਨ ਅਤੇ 219 ਮਿਸੀਸਾਗਾ ਵਿਚ ਸਾਹਮਣੇ ਆਏ ਅਤੇ ਰੋਜ਼ਾਨਾ ਔਸਤ ਗਿਣਤੀ 15 ਜਾਂ ਇਸ ਤੋਂ ਵੱਧ ਬਣਦੀ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਡੰਡਾਸ ਸਟ੍ਰੀਟ, ਐਗÇਲੰਟਨ ਐਵੇਨਿਊ ਅਤੇ ਕੈਨੇਡੀ ਰੋਡ ਇਲਾਕਿਆਂ ਵਿਚ 9-9 ਵਾਰਦਾਤਾਂ ਸਾਹਮਣੇ ਆਈਆਂ। ਤਾਜ਼ਾ ਅੰਕੜੇ 15 ਅਕਤੂਬਰ ਤੋਂ 15 ਨਵੰਬਰ ਤੱਕ ਵਾਪਰੀਆਂ ਘਟਨਾਵਾਂ ’ਤੇ ਆਧਾਰਤ ਹਨ ਜਿਨ੍ਹਾਂ ਦੌਰਾਨ ਕਈ ਜਣੇ ਜ਼ਖਮੀ ਹੋਏ। ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਣਜਾਣ ਲੋਕਾਂਦੇ ਘਰ ਆਉਣ ’ਤੇ ਦਰਵਾਜ਼ਾ ਨਾ ਖੋਲਿ੍ਹਆ ਜਾਵੇ ਅਤੇ ਸ਼ਾਰਟ ਕੱਟ ਦੇ ਚੱਕਰ ਵਿਚ ਸੁੰਨੀਆਂ ਥਾਵਾਂ ਵਿਚੋਂ ਲੰਘਣ ਦੇ ਯਤਨ ਨਾ ਕੀਤੇ ਜਾਣ। ਜੇ ਕੋਈ ਤੁਹਾਡਾ ਪਰਸ ਜਾਂ ਬੈਗ ਖੋਹਣ ਦਾ ਯਤਨ ਕਰਦਾ ਹੈ ਤਾਂ ਵਿਰੋਧ ਨਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਸੁਰੱਖਿਅਤ ਟਿਕਾਣੇ ’ਤੇ ਪੁੱਜਣ ਦੇ ਯਤਨ ਕੀਤੇ ਜਾਣ।