ਕੈਨੇਡਾ ਵਿਚ ਦਾਖਲ ਹੁੰਦੇ 44 ਗੈਰਕਾਨੂੰਨੀ ਪ੍ਰਵਾਸੀ ਕਾਬੂ
ਟਰੱਕ ਵਿਚ ਲੁਕ ਕੇ ਕੈਨੇਡਾ ਦਾਖਲ ਹੋ ਰਹੇ 40 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ ਕਰਦਿਆਂ ਤਿੰਨ ਮਨੁੱਖੀ ਤਸਕਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ।
ਮੌਂਟਰੀਅਲ : ਟਰੱਕ ਵਿਚ ਲੁਕ ਕੇ ਕੈਨੇਡਾ ਦਾਖਲ ਹੋ ਰਹੇ 40 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ ਕਰਦਿਆਂ ਤਿੰਨ ਮਨੁੱਖੀ ਤਸਕਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਆਰ.ਸੀ.ਐਮ.ਪੀ. ਅਤੇ ਕਿਊਬੈਕ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਟੈਨਸਟੈਡ ਕਸਬੇ ਨੇੜੇ ਇਕ ਟਰੱਕ ਨੂੰ ਰੋਕਿਆ ਗਿਆ ਜਿਸ ਵਿਚ ਦਰਜਨਾਂ ਲੋਕ ਤੁੰਨੇ ਹੋਏ ਸਨ। ਅਮਰੀਕਾ ਤੋਂ ਆ ਰਹੇ ਪ੍ਰਵਾਸੀਆਂ ਵਿਚ ਇਕ ਗਰਭਵਤੀ ਔਰਤ ਅਤੇ ਚਾਰ ਸਾਲ ਦਾ ਛੋਟਾ ਬੱਚਾ ਵੀ ਸ਼ਾਮਲ ਸੀ ਜਿਨ੍ਹਾਂ ਵਾਸਤੇ ਚੁਫੇਰਿਉਂ ਬੰਦ ਟਰੱਕ ਅੰਦਰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ।
ਆਰ.ਸੀ.ਐਮ.ਪੀ. ਨੇ 3 ਮਨੁੱਖੀ ਤਸਕਰ ਵੀ ਕਾਬੂ ਕੀਤੇ
ਸੀ.ਬੀ.ਐਸ.ਏ. ਨੇ ਕਿਹਾ ਕਿ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਨੂੰ ਰਫਿਊਜੀ ਪ੍ਰੋਸੈਸਿੰਗ ਸੈਂਟਰ ਵਿਚ ਭੇਜ ਦਿਤਾ ਗਿਆ ਹੈ ਜਿਥੇ ਇਨ੍ਹਾਂ ਦੀ ਇੰਮੀਗ੍ਰੇਸ਼ਨ ਪੜਤਾਲ ਕੀਤੀ ਜਾਵੇਗੀ। ਬਾਰਡਰ ਏਜੰਸੀ ਵੱਲੋਂ ਪ੍ਰਾਈਵੇਸੀ ਕਾਰਨਾਂ ਦਾ ਹਵਾਲਾ ਦਿੰਦਿਆਂ ਬਾਕੀ ਰਹਿੰਦੇ ਪ੍ਰਵਾਸੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੂਜੇ ਪਾਸੇ ਮਨੁੱਖੀ ਤਸਕਰੀ ਦੇ ਤਿੰਨ ਸ਼ੱਕੀਆਂ ਨੂੰ ਬੁੱਧਵਾਰ ਤੱਕ ਅਦਾਲਤ ਵਿਚ ਪੇਸ਼ੀ ਹੋਣ ਤੱਕ ਹਿਰਾਸਤ ਵਿਚ ਰੱਖਿਆ ਜਾਵੇਗਾ। ਆਰ.ਸੀ.ਐਮ.ਪੀ. ਦੇ ਬੁਲਾਰੇ ਚਾਰਲਸ ਪੌਇਰੀਅਰ ਮੁਤਾਬਕ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦੇ ਕੈਨੇਡਾ ਦਾਖਲ ਹੋਣ ਦੀ ਇਤਲਾਹ ਮਿਲਣ ਮਗਰੋਂ ਐਤਵਾਰ ਵੱਡੇ ਤੜਕੇ ਤਕਰੀਬਨ ਸਵਾ ਦੋ ਵਜੇ ਕਿਊਬ ਵੈਨ ਨੂੰ ਰੋਕਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਪੈਦਲ ਅਮਰੀਕਾ ਤੋਂ ਕੈਨੇਡਾ ਦੀ ਸਰਹੱਦ ਵਿਚ ਦਾਖਲ ਹੋਏ ਅਤੇ ਫਿਰ ਟਰੱਕ ਰਾਹੀਂ ਵਸੋਂ ਵਾਲੇ ਇਲਾਕੇ ਵੱਲ ਜਾ ਰਹੇ ਸਨ। ਚਾਰਲਸ ਦਾ ਕਹਿਣਾ ਸੀ ਕਿ ਉਸ ਨੇ ਆਪਣੀ ਨੌਕਰੀ ਦੌਰਾਨ ਪ੍ਰਵਾਸੀਆਂ ਦਾ ਐਨਾ ਵੱਡਾ ਝੁੰਡ ਕਦੇ ਨਹੀਂ ਦੇਖਿਆ।
ਅਮਰੀਕਾ ਤੋਂ ਪੈਦਲ ਕੈਨੇਡਾ ਦੀ ਸਰਹੱਦ ਵਿਚ ਹੋਏ ਦਾਖਲ
ਪੁਲਿਸ ਦਾ ਮੰਨਣਾ ਹੈ ਕਿ ਹਵਾ-ਪਾਣੀ ਦੀ ਅਣਹੋਂਦ ਵਿਚ ਇਕ ਬੰਦ ਟਰੱਕ ਅੰਦਰ ਮੌਜੂਦ ਪ੍ਰਵਾਸੀਆਂ ਨਾਲ ਕੁਝ ਵੀ ਹੋ ਸਕਦਾ ਸੀ ਪਰ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸੇ ਦੌਰਾਨ ਕੈਨੇਡਾ ਅਤੇ ਯੂ.ਕੇ. ਦੇ ਨਕਲੀ ਪਾਸਪੋਰਟ ਰਾਹੀਂ ਪ੍ਰਵਾਸੀਆਂ ਦੀ ਆਵਾਜਾਈ ਕਰਵਾਉਣ ਵਾਲੇ ਇਕ ਗਿਰੋਹ ਦਾ ਸਪੇਨ ਵਿਚ ਪਰਦਾ ਫਾਸ਼ ਕੀਤਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਗਰੀਸ ਵਿਚ ਰਫ਼ਿਊਜੀ ਦਸਤਾਵੇਜ਼ ਹਾਸਲ ਕਰਨ ਵਾਲੇ ਪ੍ਰਵਾਸੀਆਂ ਨੂੰ ਯੂਰਪੀ ਹਵਾਈ ਅੱਡਿਆਂ ’ਤੇ ਭੇਜਿਆ ਜਾਂਦਾ ਜਿਥੇ ਗਿਰੋਹ ਦੇ ਮੈਂਬਰ 3 ਹਜ਼ਾਰ ਡਾਲਰ ਵਿਚ ਕੈਨੇਡਾ ਜਾਂ ਯੂ.ਕੇ. ਦਾ ਜਾਅਲੀ ਪਾਸਪੋਰਟ ਮੁਹੱਈਆ ਕਰਵਾ ਦਿੰਦੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸੂਹ ’ਤੇ ਹੀ ਸਪੈਨਿਸ਼ ਪੁਲਿਸ ਨੇ ਕਾਰਵਾਈ ਕੀਤੀ ਕਿਉਂਕਿ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੇ ਜਾਅਲੀ ਪਾਸਪੋਰਟ ਦੇ ਆਧਾਰ ’ਤੇ ਸਪੇਨ ਤੋਂ ਕੈਨੇਡਾ ਦਾ ਜਹਾਜ਼ ਚੜ੍ਹਨ ਦਾ ਯਤਨ ਕੀਤਾ। ਮੈਡਰਿਡ ਅਤੇ ਸਪੇਨ ਦੇ ਉਤਰੀ ਹਿੱਸਿਆਂ ਵਿਚ ਮਾਰੇ ਛਾਪਿਆਂ ਦੌਰਾਨ ਗਿਰੋਹ ਦੇ 11 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਆਸਟਰੀਆ, ਫਿਨਲੈਂਡ, ਜਰਮਨੀ, ਸਵਿਟਜ਼ਰਲੈਂਡ ਅਤੇ ਯੂ.ਕੇ. ਦੀਆਂ ਜਾਂਚ ਏਜੰਸੀਆਂ ਨੇ ਵੀ ਸਪੇਨ ਪੁਲਿਸ ਦੀ ਮਦਦ ਕੀਤੀ ਅਤੇ ਪੜਤਾਲ ਦੌਰਾਨ ਫਲਾਈਟ ਬੁਕਿੰਗਜ਼, ਮਨੀ ਟ੍ਰਾਂਸਫਰ, ਕ੍ਰੈਡਿਟ ਕਾਰਡ ਪੇਮੈਂਟਸ ਅਤੇ ਏਅਰਪੋਰਟ ਸਰਵੇਲੈਂਸ ਫੁਟੇਜ ਦੀ ਡੂੰਘਾਈ ਨਾਲ ਪੁਣ-ਛਾਣ ਕੀਤੀ ਗਈ।