ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਫੜੇ 43,764 ਭਾਰਤੀ

ਕੈਨੇਡਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿਚ ਮੌਜੂਦਾ ਵਰ੍ਹੇ ਦੌਰਾਨ 22 ਫੀ ਸਦੀ ਵਾਧਾ ਹੋਇਆ ਹੈ;

Update: 2024-12-02 13:08 GMT

ਨਿਊ ਯਾਰਕ : ਕੈਨੇਡਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿਚ ਮੌਜੂਦਾ ਵਰ੍ਹੇ ਦੌਰਾਨ 22 ਫੀ ਸਦੀ ਵਾਧਾ ਹੋਇਆ ਹੈ ਅਤੇ ਬਾਰਡਰ ਪੈਟਰੌਲ ਏਜੰਟਾਂ ਵੱਲੋਂ 43,764 ਜਣਿਆਂ ਨੂੰ ਕਾਬੂ ਕੀਤਾ ਗਿਆ। 2023 ਵਿਚ 30 ਹਜ਼ਾਰ ਭਾਰਤੀਆਂ ਨੂੰ ਕੈਨੇਡਾ-ਯੂ.ਐਸ. ਦੇ ਬਾਰਡਰ ’ਤੇ ਰੋਕਿਆ ਗਿਆ ਜਦਕਿ 2022 ਵਿਚ ਤਕਰੀਬਨ 18 ਹਜ਼ਾਰ ਭਾਰਤੀਆਂ ਨੂੰ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਿਆ ਗਿਆ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 2 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਜਦਕਿ ਪਿਛਲੇ ਸਾਲ 1 ਲੱਖ 89 ਹਜ਼ਾਰ ਲੋਕ ਇੰਮੀਗ੍ਰੇਸ਼ਨ ਹਿਰਾਸਤ ਵਿਚ ਲਏ ਗਏ ਸਨ।

2024 ਦੇ ਹੈਰਾਨਕੁੰਨ ਅੰਕੜੇ ਆਏ ਸਾਹਮਣੇ

2022 ਦੇ ਮੁਕਾਬਲੇ ਤਾਜ਼ਾ ਅੰਕੜਾ ਤਕਰੀਬਨ ਦੁੱਗਣਾ ਹੋ ਗਿਆ ਹੈ ਜਦੋਂ 1 ਲੱਖ 9 ਹਜ਼ਾਰ ਲੋਕਾਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਵੱਲੋਂ ਰੋਕਿਆ ਗਿਆ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹਰ ਪ੍ਰਵਾਸੀ ਵੱਲੋਂ ਇਕ ਅਣਜਾਣ ਮੁਲਕ ਵਿਚ ਆਪਣੀ ਜ਼ਿੰਦਗੀ ਸ਼ੁਰੂ ਕਰਨ ਦੇ ਫੈਸਲੇ ਪਿੱਛੇ ਵੱਖਰਾ ਕਾਰਨ ਹੈ। ਆਮਦਨ ਸਭ ਤੋਂ ਵੱਡਾ ਰੋਲ ਅਦਾ ਕਰਦੀ ਹੈ ਅਤੇ ਭਾਰਤ ਵਿਚ ਔਸਤ ਸਾਲਾਨਾ ਆਮਦਨ ਸਿਰਫ 1,161 ਡਾਲਰ ਬਣਦੀ ਹੈ ਜਦਕਿ ਅਮਰੀਕਾ ਵਿਚ ਸਭ ਤੋਂ ਘੱਟ ਪ੍ਰਤੀ ਵਿਅਕਤੀ ਆਮਦਨ ਮਿਸੀਸਿਪੀ ਵਿਚ ਦਰਜ ਕੀਤੀ ਗਈ ਹੈ ਜੋ 48,100 ਡਾਲਰ ਬਣਦੀ ਹੈ। ਅਮਰੀਕਾ ਦੇ ਸਭ ਤੋਂ ਘੱਟ ਆਮਦਨ ਵਾਲੇ ਸੂਬੇ ਵਿਚ ਵੀ ਭਾਰਤੀ ਲੋਕ 50 ਗੁਣਾ ਵੱਧ ਕਮਾਈ ਕਰ ਸਕਦੇ ਹਨ। ਕੈਨੇਡਾ ਦੇ ਰਸਤੇ ਅਮਰੀਕਾ ਪੁੱਜਣ ਪਿੱਛੇ ਸਭ ਤੋਂ ਵੱਡਾ ਕਾਰਨ ਵੀਜ਼ਾ ਮਿਲਣ ਵਿਚ ਦਿੱਕਤ ਦੱਸਿਆ ਜਾ ਰਿਹਾ ਹੈ। ਕੈਨੇਡੀਅਨ ਵਿਜ਼ਟਰ ਵੀਜ਼ਾ 90 ਤੋਂ 100 ਦਿਨ ਦੇ ਅੰਦਰ ਮਿਲ ਜਾਂਦਾ ਹੈ ਜਦਕਿ ਅਮਰੀਕਾ ਦੀ ਵੀਜ਼ਾ ਇੰਟਰਵਿਊ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ ਅਤੇ ਵੀਜ਼ਾ ਮਿਲਣ ਦੇ ਆਸਾਰ ਬਹੁਤ ਘੱਟ ਹੁੰਦੇ ਹਨ।

ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ 22 ਫੀ ਸਦੀ ਵਾਧਾ

ਇਕ ਹੋਰ ਵੱਡਾ ਕਾਰਨ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਣਾ ਮੈਕਸੀਕੋ ਦੇ ਮੁਕਾਬਲੇ ਸੁਰੱਖਿਅਤ ਮੰਨਿਆ ਜਾਂਦਾ ਹੈ ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਭਾਰਤੀ ਹੁਣ ਕੈਨੇਡਾ ਪੁੱਜਣ ’ਤੇ ਜ਼ੋਰ ਦੇ ਰਹੇ ਹਨ। ਅਭਿਨਵ ਇੰਮੀਗ੍ਰੇਸ਼ਨ ਦੇ ਅਜੇ ਸ਼ਰਮਾ ਦਾ ਕਹਿਣਾ ਸੀ ਕਿ ਬਾਇਡਨ ਸਰਕਾਰ ਦੀਆਂ ਨੀਤੀਆਂ ਸਦਕਾ ਵੀ ਕੈਨੇਡੀਅਨ ਸਰਹੱਦ ਤੋਂ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਧੀ। ਬਤੌਰ ਰਾਸ਼ਟਰਪਤੀ ਜੋਅ ਬਾਇਡਨ ਦੇ ਚੌਥੇ ਸਾਲ ਦੌਰਾਨ ਅਮਰੀਕਾ ਪੁੱਜਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧਾ ਹੋਇਆ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਕੈਨੇਡਾ ਦੇ ਰਸਤੇ ਅਮਰੀਕਾ ਪੁੱਜੇ ਭਾਰਤੀਆਂ ਅਤੇ ਹੋਰਨਾਂ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਦੀ ਗਿਣਤੀ ਵਧੀ। ਦੂਜੇ ਪਾਸੇ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੇ ਵੀ ਅੰਕੜਾ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਰਹੱਦ ਪਾਰ ਕਰਨ ਵਾਲੇ ਭਾਰਤੀਆਂ ਦਾ ਅੰਕੜਾ 43,764 ਦੱਸਿਆ ਜਾ ਰਿਹਾ ਹੈ ਪਰ ਇਹ ਇਸ ਤੋਂ ਵੀ ਕਿਤੇ ਜ਼ਿਆਦਾ ਹੋ ਸਕਦਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਸੇ ਰੁਝਾਨ ਦੇ ਮੱਦੇਨਜ਼ਰ ਕੈਨੇਡੀਅਨ ਅਤੇ ਮੈਕਸੀਕਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦਿਤੀ ਗਈ ਅਤੇ ਹੁਣ ਦੋਹਾਂ ਮੁਲਕਾਂ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਦਾਖਲੇ ਨੂੰ ਠੱਲ੍ਹ ਪਾਉਣ ਦੇ ਯਤਨ ਆਰੰਭੇ ਜਾ ਰਹੇ ਹਨ।

Tags:    

Similar News