ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿਚ 4 ਹਜ਼ਾਰ ਨੂੰ ਪੀ.ਆਰ. ਦਾ ਸੱਦਾ
ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਦੌਰਾਨ 4 ਹਜ਼ਾਰ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਹੈ;
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਦੌਰਾਨ 4 ਹਜ਼ਾਰ ਉਮੀਦਵਾਰਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਹੈ ਅਤੇ ਇਸ ਵਾਰ ਘੱਟੋ ਘੱਟ ਸੀ.ਆਰ.ਐਸ. ਸਕੋਰ 509 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ 911 ਅਤੇ ਫਰੈਂਚ ਭਾਸ਼ਾ ਵਿਚ ਮੁਹਾਰਤ ਵਾਲੇ ਇਕ ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿਤਾ ਜਾ ਚੁੱਕਾ ਹੈ। ਜੁਲਾਈ ਦੇ ਅੰਤ ਵਿਚ ਕੱਢੇ ਡਰਾਅ ਦੌਰਾਨ ਕੈਨੇਡੀਅਨ ਤਜਰਬੇ ਵਾਲੇ 5 ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿਤੇ ਜਾਣ ਮਗਰੋਂ ਇਹ ਸਭ ਤੋਂ ਵੱਡਾ ਡਰਾਅ ਮੰਨਿਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਹੁਣ ਤੱਕ 6 ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਦਿਤੇ ਜਾ ਚੁੱਕੇ ਹਨ ਜਦਕਿ ਅਗਸਤ ਵਿਚ ਅੰਕੜਾ 10 ਹਜ਼ਾਰ ਦਰਜ ਕੀਤਾ ਗਿਆ।
ਘੱਟੋ ਘੱਟ ਸੀ.ਆਰ.ਐਸ. ਸਕੋਰ 509 ਦਰਜ ਕੀਤਾ ਗਿਆ
ਜੁਲਾਈ ਮਹੀਨਾ ਪ੍ਰਵਾਸੀਆਂ ਲਈ ਬਿਹਤਰ ਸਾਬਤ ਹੋਇਆ ਜਦੋਂ 25 ਹਜ਼ਾਰ ਤੋਂ ਵੱਧ ਉਮੀਦਵਾਰ ਨੂੰ ਪੀ.ਆਰ. ਦੇ ਸੱਦੇ ਭੇਜੇ ਗਏ। ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਜੁਲਾਈ ਮਹੀਨੇ ਦੌਰਾਨ ਸੀ.ਆਰ.ਐਸ. 515 ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉਚਾ ਚੱਲ ਰਿਹਾ ਸੀ। ਇਥੇ ਦਸਣਾ ਬਣਦਾ ਹੈ ਕਿ ਪੀ.ਐਨ.ਪੀ. ਵਿਚ 600 ਪੁਆਇੰਟ ਖੁਦ ਬ ਖੁਦ ਮਿਲ ਜਾਂਦੇ ਹਨ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪੈਂਦੀ। ਮਿਸਾਲ ਵਜੋਂ ਜੇ ਕਿਸੇ ਉਮੀਦਵਾਰ ਦਾ ਸਕੋਰ 300 ਬਣਦਾ ਹੈ ਅਤੇ ਉਸ ਨੂੰ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਨਾਮਜ਼ਦ ਕਰ ਦਿਤਾ ਜਾਵੇ ਤਾਂ ਉਸ ਦਾ ਕੁਲ ਸਕੋਰ 900 ਹੋ ਜਾਵੇਗਾ। 2023 ਤੋਂ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀਆਂ ’ਤੇ ਆਧਾਰਤ ਚੋਣ ਪ੍ਰਕਿਰਿਆ ਆਰੰਭੀ ਗਈ ਹੈ ਤਾਂ ਕਿ ਕੁਝ ਖਾਸ ਖੇਤਰਾਂ ਵਿਚ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ।
ਕੌਮਾਂਤਰੀ ਵਿਦਿਆਰਥੀਆਂ ਨੂੰ ਸੀ.ਐਲ.ਬੀ. ਦਾ ਲਾਭ ਮਿਲਣ ਦੇ ਚਰਚੇ
ਹੈਲਥ ਕੇਅਰ ਸੈਕਟਰ ਸਭ ਤੋਂ ਉਪਰ ਹੈ ਜਦਕਿ ਸਾਇੰਸ ਟੈਕਨਾਲੋਜੀ ਅਤੇ ਮੈਥੇਮੈਟਿਕਸ ਦੇ ਪੇਸ਼ੇ ਵਿਚ ਵੀ ਮੰਗ ਘਟਣ ਦਾ ਨਾਂ ਨਹੀਂ ਲੈ ਰਹੀ। ਦੂਜੇ ਪਾਸੇ ਕਾਰਪੇਂਟਰ, ਪਲੰਬਰ ਅਤੇ ਕੌਂਟਰੈਕਟਰ ਵੀ ਭਾਰੀ ਮੰਗ ਅਧੀਨ ਆਉਂਦੇ ਹਨ ਜਦਕਿ ਟ੍ਰਾਂਸਪੋਰਟੇਸ਼ਨ ਅਤੇ ਐਗਰੀਕਲਚਰ ਨਾਲ ਸਬੰਧਤ ਕਾਮਿਆਂ ਨੂੰ ਵੀ ਤਰਜੀਹ ਦਿਤੀ ਜਾ ਰਹੀ ਹੈ। ਚੇਤੇ ਰਹੇ ਕਿ ਕੈਨੇਡਾ ਵਿਚ ਪਹਿਲੀ ਨਵੰਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਵਰਕ ਪਰਮਿਟ ਅਰਜ਼ੀਆਂ ’ਤੇ ਕੈਨੇਡੀਅਨ ਲੈਗੁਏਜ ਬੈਂਚਮਾਰਕ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਐਕਸਪ੍ਰੈਸ ਐਂਟਰੀ ਦੌਰਾਨ ਫਾਇਦਾ ਵੀ ਹੋ ਸਕਦਾ ਹੈ। ਹਾਲਾਂਕਿ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਵਾਸਤੇ ਸੀ.ਐਲ.ਬੀ. ਵਿਚ ਘੱਟੋ ਘੱਟ ਪੰਜ ਅੰਕ ਲੈਣੇ ਲਾਜ਼ਮੀ ਹੋਣਗੇ ਜੋ ਕਾਲਜ ਪਾਸ ਕਰਨ ਵਾਲਿਆਂ ਵਾਸਤੇ ਰੱਖੇ ਗਏ ਹਨ ਜਦਕਿ ਯੂਨੀਵਰਸਿਟੀ ਪਾਸ ਆਊਟਸ ਵਾਸਤੇ 7 ਬੈਂਡ ਦੀ ਸ਼ਰਤ ਲਾਗੂ ਕੀਤੀ ਗਈ ਹੈ।