ਕੈਨੇਡੀਅਨ ਚੋਣਾਂ ਵਿਚ 27 ਪੰਜਾਬੀ ਉਮੀਦਵਾਰ ਮੈਦਾਨ ’ਚ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਸ ਵਾਰ ਸੱਤਾਧਾਰੀ ਐਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਫਸਵਾਂ ਮੁਕਾਬਲਾ ਹੋ ਰਿਹਾ ਹੈ।;

Update: 2024-09-18 12:39 GMT

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਸ ਵਾਰ ਸੱਤਾਧਾਰੀ ਐਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਫਸਵਾਂ ਮੁਕਾਬਲਾ ਹੋ ਰਿਹਾ ਹੈ। ਦੋਹਾਂ ਪਾਰਟੀਆਂ ਦੀ ਜਿੱਤ ਦਾ ਦਾਰੋਮਦਾਰ ਸਾਊਥ ਏਸ਼ੀਅਨ, ਖਾਸ ਤੌਰ ’ਤੇ ਪੰਜਾਬੀਆਂ ਦੀਆਂ ਵੋਟਾਂ ’ਤੇ ਨਿਰਭਰ ਕਰਦਾ ਹੈ ਜਿਸ ਮੱਦੇਨਜ਼ਰ ਭਾਈਚਾਰੇ ਨਾਲ ਸਬੰਧਤ ਉਮੀਦਵਾਰਾਂ ਨੂੰ ਤਰਜੀਹ ਦਿਤੀ ਗਈ ਹੈ। ਵਿਧਾਨ ਸਭਾ ਦੀਆਂ 93 ਸੀਟਾਂ ਲਈ 19 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬੀ ਉਮੀਦਵਾਰਾਂ ਵਿਚੋਂ ਸਭ ਤੋਂ ਲੰਮਾ ਤਜਰਬਰਾ ਜਗਰੂਪ ਬਰਾੜ ਕੋਲ ਹੈ ਜੋ ਸਰੀ-ਫਲੀਟਵੁੱਡ ਹਲਕੇ ਤੋਂ ਸੱਤਵੀਂ ਵਾਰ ਚੋਣ ਲੜ ਰਹੇ ਹਨ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਗਰੂਪ ਬਰਾੜ ਸਿਰਫ 2013 ਵਿਚ ਚੋਣ ਹਾਰੇ।

19 ਅਕਤੂਬਰ ਨੂੰ ਪੈਣਗੀਆਂ ਬੀ.ਸੀ ਵਿਧਾਨ ਸਭਾ ਲਈ ਵੋਟਾਂ

ਭਾਰਤ ਦੀ ਬਾਸਕਟਬਾਲ ਟੀਮ ਦਾ ਹਿੱਸਾ ਰਹੇ ਜਗਰੂਪ ਬਰਾੜ ਉਚੇਰੀ ਸਿੱਖਿਆ ਲਈ ਕੈਨੇਡਾ ਆਏ ਅਤੇ ਇਥੇ ਹੀ ਵਸ ਗਏ। ਉਹ 2004 ਤੋਂ ਸਿਆਸਤ ਵਿਚ ਹਨ ਅਤੇ ਉਸੇ ਸਾਲ ਪਹਿਲੀ ਵਾਰ ਐਮ.ਐਲ.ਏ. ਵੀ ਚੁਣੇ ਗਏ ਸਨ। ਡੈਲਟਾ ਸੀਟ ਤੋਂ ਐਨ.ਡੀ.ਪੀ. ਵੱਲੋਂ ਰਵੀ ਕਾਹਲੋਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਇਸ ਵੇਲੇ ਬੀ.ਸੀ. ਦੇ ਹਾਊਸਿੰਗ ਮੰਤਰੀ ਹਨ। ਰਵੀ ਕਾਹਲੋਂ ਸਾਲ 2000 ਦੀਆਂ ਸਿਡਨੀ ਓਲੰਪਿਕਸ ਅਤੇ 2008 ਦੀਆਂ ਬੀਜਿੰਗ ਓਲੰਪਿਕਸ ਵਿਚ ਬਤੌਰ ਹਾਕੀ ਖਿਡਾਰੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ। ਐਜੁਕੇਸ਼ਨ ਅਤੇ ਚਾਈਲਡ ਕੇਅਰ ਮੰਤਰੀ ਰਚਨਾ ਸਿੰਘ ਤੀਜੀ ਵਾਰ ਸਰੀ ਨੌਰਥ ਹਲਕੇ ਤੋਂ ਐਨ.ਡੀ.ਪੀ. ਦੀ ਟਿਕਟ ’ਤੇ ਮੈਦਾਨ ਵਿਚ ਹਨ। ਦਿੱਲੀ ਵਿਚ ਜੰਮੀ ਰਚਨਾ ਸਿੰਘ ਦੀ ਪਰਵਰਿਸ਼ ਚੰਡੀਗੜ੍ਹ ਵਿਖੇ ਹੋਈ ਅਤੇ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਜ਼ ਡਿਗਰੀ ਹਾਸਲ ਕੀਤੀ। ਸੂਬਾ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੀ ਸਿਆਸਤ ਵਿਚ ਲੰਮਾ ਤਜਰਬਾ ਰਖਦੇ ਹਨ ਜੋ 2005 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਤੇ ਇਸ ਮਗਰੋਂ 2009, 2013, 2017 ਅਤੇ 2020 ਵਿਚ ਮੁੜ ਜਿੱਤ ਹਾਸਲ ਕੀਤੀ। ਬਰਨਬੀ-ਐਡਮੰਡਜ਼ ਹਲਕੇ ਤੋਂ ਐਨ.ਡੀ.ਪੀ. ਦੇ ਉਮੀਦਵਾਰ ਰਾਜ ਚੌਹਾਨ 2013 ਤੋਂ 2017 ਦਰਮਿਆਨਅ ਸਹਾਇਕ ਡਿਪਟੀ ਸਪੀਕਰ ਰਹੇ ਅਤੇ 2017 ਤੋਂ 2020 ਦਰਮਿਆਨ ਡਿਪਟੀ ਸਪੀਕਰ ਦੀਆਂ ਸੇਵਾਵਾਂ ਨਿਭਾਈਆਂ। ਵਿਰੋਧੀ ਧਿਰ ਵਿਚ ਹੁੰਦਿਆਂ ਉਨ੍ਹਾਂ ਨੇ ਇੰਮੀਗ੍ਰੇਸ਼ਨ, ਮੈਂਟਲ ਹੈਲਥ ਅਤੇ ਕਿਰਤ ਮਾਮਲਿਆਂ ਦੇ ਆਲੋਚਕ ਦਾ ਫਰਜ਼ ਅਦਾ ਕੀਤਾ।

ਐਨ.ਡੀ.ਪੀ. ਅਤੇ ਕੰਜ਼ਰਵੇਟਿਵ ਪਾਰਟੀ ਵਿਚ ਫਸਵਾਂ ਮੁਕਾਬਲਾ

ਹੋਰਨਾਂ ਪੰਜਾਬੀ ਉਮੀਦਵਾਰਾਂ ਵਿਚ ਕੈਮਲੂਪਸ ਸੈਂਟਰ ਤੋਂ ਐਨ.ਡੀ.ਪੀ. ਵੱਲੋਂ ਕਮਲ ਗਰੇਵਾਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਕੈਲੋਨਾ-ਮਿਸ਼ਨ ਤੋਂ ਹਰਪ੍ਰੀਤ ਬੱਦੋਵਾਲ ਉਮੀਦਵਾਰ ਹਨ। ਵਰਨਨ-ਲੰਬੀ ਸੀਟ ਤੋਂ ਹਰਵਿੰਦਰ ਸੰਧੂ, ਸਰੀ-ਸਰਪਨਟਾਈਨ ਰਿਵਰ ਤੋਂ ਬਲਤੇਜ ਢਿੱਲੋਂ, ਰਿਚਮੰਡ ਕੁਈਨਜ਼ਬ੍ਰੋਅ ਤੋਂ ਅਮਨ ਸਿੰਘ, ਬਰਨਬੀ ਸੈਂਟਰ ਤੋਂ ਐਨੀ ਕੰਗ, ਬਰਨਬੀ ਈਸਟ ਤੋਂ ਰੀਆ ਅਰੋੜਾ, ਵੈਨਕੂਵਰ ਹੇਸਟਿੰਗਜ਼ ਤੋਂ ਨਿੱਕੀ ਸ਼ਰਮਾ, ਵੈਨਕੂਵਰ ਲੰਗਾਰਾ ਤੋਂ ਸੁਨੀਤਾ ਧੀਰ, ਲੈਂਗਫੋਰਡ ਹਾਈਲੈਂਡ ਤੋਂ ਰਵੀ ਪਰਮਾਰ ਅਤੇ ਸਰੀ ਪੈਨੋਰਮਾ ਤੋਂ ਜਿਨੀ ਸਿਮਜ਼ ਮੈਦਾਨ ਵਿਚ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਐਬਸਫੋਰਡ ਤੋਂ ਹਰਮਨ ਭੰਗੂ, ਸਰੀ ਫਲੀਟਵੁੱਡ ਤੋਂ ਅਵਤਾਰ ਗਿੱਲ, ਸਰੀ ਗਿਲਫਰਡ ਤੋਂ ਐਚ.ਐਸ. ਰੰਧਾਵਾ, ਸਰੀ ਨਿਊਟਨ ਤੋਂ ਤੇਗਜੋਤ ਬੱਲ, ਸਰੀ ਨੌਰਥ ਤੋਂ ਮਨਦੀਪ ਧਾਲੀਵਾਲ, ਬਰਨਬੀ ਵੈਸਟਮਿੰਸਟਰ ਤੋਂ ਦੀਪਕ ਸੂਰੀ ਅਤੇ ਵੈਨਕੂਵਰ-ਫਰੇਜ਼ਰਵਿਊ ਤੋਂ ਜਗਦੀਪ ਸੰਘੇੜਾ ਚੋਣ ਲੜ ਰਹੇ ਹਨ। ਗਰੀਨ ਪਾਰਟੀ ਵੱਲੋਂ ਸਰੀ-ਗਿਲਫਰਡ ਤੋਂ ਮਨਜੀਤ ਸਹੋਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਪਵਨੀਤ ਸਿੰਘ, ਅਮਨਦੀਪ ਸਿੰਘ, ਅੰਮ੍ਰਿਤ ਬੜਿੰਗ ਅਤੇ ਦੁਪਿੰਦਰ ਸਰਾਂ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾਅ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਅੱਠ ਪੰਜਾਬੀ ਜੇਤੂ ਰਹੇ ਸਨ ਜਿਨ੍ਹਾਂ ਵਿਚੋਂ ਸੱਤ ਦੁਬਾਰਾ ਚੋਣ ਲੜ ਰਹੇ ਹਨ। ਦੂਜੇ ਪਾਸੇ 2005 ਤੋਂ ਐਨ.ਡੀ.ਪੀ. ਦੇ ਵਿਧਾਇਕ ਰਹੇ ਹੈਰੀ ਬੈਂਸ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ। 

Tags:    

Similar News