ਉਨਟਾਰੀਓ ਦੀ ਫਾਰਮੇਸੀ ’ਚੋਂ ਗਾਇਬ ਹੋਈਆਂ 2.45 ਲੱਖ ਨਸ਼ੇ ਦੀਆਂ ਗੋਲੀਆਂ

ਉਨਟਾਰੀਓ ਦੀ ਇਕ ਫਾਰਮੇਸੀ ਵਿਚੋਂ 40 ਲੱਖ ਡਾਲਰ ਮੁੱਲ ਦੀਆਂ ਦਰਦ ਨਿਵਾਰਕ ਗੋਲੀਆਂ ਗਾਇਬ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਤਕਰੀਬਨ ਢਾਈ ਲੱਖ ਹਾਈਡਰੋਮੌਰਫੋਨ ਗੋਲੀਆਂ ਦਾ ਕੋਈ ਅਤਾ-ਪਤਾ ਨਹੀਂ ਜੋ ਬੇਹੱਦ ਨਸ਼ੇ ਵਾਲੀਆਂ ਹਨ

Update: 2024-06-28 11:38 GMT

ਟੋਰਾਂਟੋ : ਉਨਟਾਰੀਓ ਦੀ ਇਕ ਫਾਰਮੇਸੀ ਵਿਚੋਂ 40 ਲੱਖ ਡਾਲਰ ਮੁੱਲ ਦੀਆਂ ਦਰਦ ਨਿਵਾਰਕ ਗੋਲੀਆਂ ਗਾਇਬ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਤਕਰੀਬਨ ਢਾਈ ਲੱਖ ਹਾਈਡਰੋਮੌਰਫੋਨ ਗੋਲੀਆਂ ਦਾ ਕੋਈ ਅਤਾ-ਪਤਾ ਨਹੀਂ ਜੋ ਬੇਹੱਦ ਨਸ਼ੇ ਵਾਲੀਆਂ ਹਨ ਅਤੇ ਮਾਮੂਲੀ ਓਵਰਡੋਜ਼ ਜਾਨ ਦਾ ਖੌਅ ਬਣ ਸਕਦੀ ਹੈ। ਫਾਰਮੇਸੀ ਵਿਚ ਕੋਈ ਲੁੱਟ ਜਾਂ ਚੋਰੀ ਦੀ ਵਾਰਦਾਤ ਨਹੀਂ ਵਾਪਰੀ ਜਿਸ ਦੇ ਮੱਦੇਨਜ਼ਰ ਹੈਲਥ ਕੈਨੇਡਾ ਦੇ ਇਕ ਬੁਲਾਰੇ ਨੇ ਕਿਹਾ ਕਿ ਗੋਲੀਆਂ ਇਕੋ ਵੇਲੇ ਗਾਇਬ ਨਹੀਂ ਹੋਈਆਂ ਬਲਕਿ ਲਗਾਤਾਰ ਵਕਫੇ ਦੌਰਾਨ ਫਾਰਮੇਸੀ ਤੋਂ ਬਾਹਰ ਲਿਜਾਈਆਂ ਗਈਆਂ। ਉਧਰ ਗੋਲੀਆਂ ਤਿਆਰ ਕਰਨ ਵਾਲੀ ਕੰਪਨੀ ਪਰਜੂ ਫਾਰਮਾ ਦਾ ਕਹਿਣਾ ਹੈ ਕਿ ਉਹ ਵੱਲੋਂ ਗੋਲੀਆਂ ਦੀ ਸਪਲਾਈ ਸਹੀ ਤਰੀਕੇ ਨਾਲ ਕੀਤੀ ਗਈ ਅਤੇ ਫਾਰਮੇਸੀ ਤੋਂ ਕਿਸੇ ਕਿਸਮ ਦੀ ਸ਼ਿਕਾਇਤ ਨਹੀਂ ਆਈ। ਉਨਟਾਰੀਓ ਕਾਲਜ ਆਫ ਫਾਰਮਾਸਿਸਟਸ ਵੱਲੋਂ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ ਪਰ ਵਿਸਤਾਰਤ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦੀ ਜ਼ਰੂਰਤ ਨਹੀਂ।

40 ਲੱਖ ਡਾਲਰ ਬਣਦੀ ਹੈ ਕਿ ਦਰਦ ਨਿਵਾਰਕ ਗੋਲੀਆਂ ਦੀ ਕੀਮਤ

ਇਥੇ ਦਸਣਾ ਬਣਦਾ ਹੈ ਕਿ ਮਹਾਂਮਾਰੀ ਮਗਰੋਂ ਕੈਨੇਡੀਅਨ ਫਾਰਮੇਸੀਆਂ ਵਿਚੋਂ ਦਵਾਈਆਂ ਗਾਇਬ ਹੋਣ ਦੇ ਮਾਮਲੇ ਸਾਹਮਣੇ ਆਈ ਪਰ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਦੀ ਵਰਤੋਂ ਕਿਥੇ ਕੀਤੀ ਗਈ। ਨੌਰਥ ਯਾਰਕ ਜਨਰਲ ਹਸਪਤਾਲ ਵਿਚ ਮਰੀਜ਼ ਸੁਰੱਖਿਆ ਮਾਮਲਿਆਂ ਦੀ ਮੁਖੀ ਪੈਟ੍ਰੀਸ਼ੀਆ ਟਰਬੋਵਿਚ ਨੇ ਕਿਹਾ ਕਿ ਐਨੇ ਵੱਡੇ ਪੱਧਰ ’ਤੇ ਦਰਦ ਨਿਵਾਰਕ ਗੋਲੀਆਂ ਦਾ ਗਾਇਬ ਹੋਣਾ ਚਿੰਤਾਵਾਂ ਪੈਦਾ ਕਰਦਾ ਹੈ। ਸੀ.ਬੀ.ਸੀ.ਵੱਲੋਂ 2018 ਤੋਂ 2023 ਤੱਕ ਦੇ ਅੰਕੜਿਆਂ ਬਾਰੇ ਕੀਤੇ ਵਿਸ਼ਲੇਸ਼ਣ ਮੁਤਾਬਕ ਫਾਰਮੇਸੀਆਂ, ਹੋਲਸੇਲਰਾਂ ਅਤੇ ਹਸਪਤਾਲਾਂ ਵਿਚੋਂ ਸਭ ਤੋਂ ਜ਼ਿਆਦਾ ਗਾਇਬ ਹੋਣ ਵਾਲੀਆਂ ਚੀਜ਼ਾਂ ਵਿਚ ਦਰਦ ਨਿਵਾਰਕ ਗੋਲੀਆਂ ਦੀ ਮਿਕਦਾਰ ਸਭ ਤੋਂ ਵੱਧ ਬਣਦੀ ਹੈ। ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋਵੇ ਤਾਂ ਗੱਲ ਸਮਝ ਆਉਂਦੀ ਹੈ ਜਿਥੇ ਲੁਟੇਰੇ ਅਚਾਨਕ ਫਾਰਮੇਸੀ ਵਿਚ ਦਾਖਲ ਹੋ ਕੇ ਦਵਾਈਆਂ ਲੈ ਜਾਣ ਜਾਂ ਫਾਰਮੇਸੀ ਦਾ ਹੀ ਕੋਈ ਮੁਲਾਜ਼ਮ ਦਵਾਈਆਂ ਚੋਰੀ ਕਰਦਾ ਫੜਿਆ ਜਾਵੇ। ਇਸ ਦੇ ਨਾਲ ਹੀ ਕੈਨੇਡਾ ਵਿਚ ਫਾਰਮੇਸੀਆਂ ਦੀ ਗਿਣਤੀ ਵੀ ਵਧ ਰਹੀ ਹੈ। 2018 ਦੇ ਮੁਕਾਬਲੇ 2023 ਵਿਚ ਇਕ ਹਜ਼ਾਰ ਨਵੀਆਂ ਫਾਰਮੇਸੀਆਂ ਖੁੱਲ੍ਹੀਆਂ ਅਤੇ ਇਹ ਵਾਧਾ ਤਕਰੀਬਨ 10 ਫੀ ਸਦੀ ਬਣਦਾ ਹੈ। ਵੱਡੇ ਪੱਧਰ ’ਤੇ ਦਵਾਈਆਂ ਦਾ ਨੁਕਸਾਨ ਹੋਣ ਬਾਰੇ ਸਾਲ 2018 ਵਿਚ 16 ਮਾਮਲੇ ਸਾਹਮਣੇ ਆਈ ਅਤੇ 2023 ਵਿਚ ਇਨ੍ਹਾਂ ਦੀ ਗਿਣਤੀ 23 ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਗਾਇਬ ਹੋਣ ਵਾਲੀਆਂ ਦਵਾਈਆਂ ਵਿਚ ਔਕਸੀਕੋਡੋਨ ਸਿਖਰ ’ਤੇ ਹੈ ਅਤੇ ਇਸ ਦੀ ਮਿਕਦਾਰ ਵੀ ਕਾਫੀ ਜ਼ਿਆਦਾ ਹੁੰਦੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਔਕਸੀਕੋਡੋਨ ਵਰਤਣ ਵਾਲਿਆਂ ਨੂੰ ਹਾਈਡ੍ਰੋਮੌਰਫੋਨ ਦੀ ਜ਼ਰੂਰਤ ਪੈਂਦੀ ਹੈ ਜੋ ਦਰਦ ਤੋਂ ਜਲਦ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ। ਕੁਝ ਲੋਕ ਤਾਂ ਫੈਂਟਾਨਿਲ ਤੱਕ ਪਹੁੰਚ ਜਾਂਦੇ ਹਨ ਜੋ ਇਸ ਵੇਲੇ ਸਭ ਤੋਂ ਜ਼ਿਆਦਾ ਨਸ਼ੇ ਵਾਲੀ ਗੋਲੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਬੈਨਜ਼ੋਡਾਇਆਜ਼ਪੀਨਜ਼ ਸਾਲਟ ਵਾਲੀਆਂ ਗੋਲੀਆਂ ਦੀ ਮੰਗ ਵੀ ਕਾਫੀ ਜ਼ਿਆਦਾ ਹੈ। ਇਨ੍ਹਾਂ ਦੀ ਵਰਤੋਂ ਐਂਗਜ਼ਾਇਟੀ ਦੇ ਮਰੀਜ਼ਾਂ ਵੱਲੋਂ ਕੀਤੀ ਜਾਂਦੀ ਹੈ। ਇਹ ਦਵਾਈ ਓਵਰਡੋਜ਼ ਦਾ ਕਾਰਨ ਵੀ ਨਹੀਂ ਬਣਦੀ ਪਰ ਕਿਸੇ ਹੋਰ ਨਸ਼ੀਲੀ ਦਵਾਈ ਨਾਲ ਰਲਾ ਕੇ ਲੈਣ ’ਤੇ ਖਤਰਨਾਕ ਸਾਬਤ ਹੁੰਦੀ ਹੈ। ਦੱਸ ਦੇਈਏ ਕਿ ਗਲਤ ਹੱਥਾਂ ਵਿਚ ਜਾਣ ’ਤੇ ਦਰਦ ਨਿਵਾਰਕ ਗੋਲੀਆਂ ਉਪਰ ਕਿਸੇ ਹੋਰ ਨਸ਼ੇ ਦੀ ਪਰਤ ਚੜ੍ਹਾ ਕੇ ਨਸ਼ਾ ਤਸਕਰ ਵੱਧ ਮੁਨਾਫਾ ਤਾਂ ਕਮਾ ਲੈਂਦੇ ਹਨ ਪਰ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਦਾ ਖਤਰਾ ਬਣਿਆ ਰਹਿੰਦਾ ਹੈ।

Tags:    

Similar News