2 ਲੱਖ ਕੈਨੇਡੀਅਨ ਕਰ ਰਹੇ ਪਾਸਪੋਰਟ ਦੀ ਉਡੀਕ
ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਵਿਸ ਕੈਨੇਡਾ ਕੋਲ ਫਸੇ ਪਾਸਪੋਰਟਾਂ ਦੀ ਗਿਣਤੀ 2 ਲੱਖ ਦੇ ਨੇੜੇ ਪੁੱਜ ਗਈ ਹੈ ਅਤੇ ਡਾਕ ਸੇਵਾਵਾਂ ਬਹਾਲ ਹੋਣ ਤੱਕ ਪਾਸਪੋਰਟ ਭੇਜਣੇ ਸੰਭਵ ਨਹੀਂ।;
ਟੋਰਾਂਟੋ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਵਿਸ ਕੈਨੇਡਾ ਕੋਲ ਫਸੇ ਪਾਸਪੋਰਟਾਂ ਦੀ ਗਿਣਤੀ 2 ਲੱਖ ਦੇ ਨੇੜੇ ਪੁੱਜ ਗਈ ਹੈ ਅਤੇ ਡਾਕ ਸੇਵਾਵਾਂ ਬਹਾਲ ਹੋਣ ਤੱਕ ਪਾਸਪੋਰਟ ਭੇਜਣੇ ਸੰਭਵ ਨਹੀਂ। ਫੈਡਰਲ ਸਰਕਾਰ ਵੱਲੋਂ ਸੁਝਾਅ ਦਿਤਾ ਗਿਆ ਹੈ ਕਿ ਜਿਹੜੇ ਲੋਕਾਂ ਨੂੰ ਪਾਸਪੋਰਟ ਦੀ ਤੁਰਤ ਜ਼ਰੂਰਤ ਹੈ, ਉਹ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਸੰਪਰਕ ਕਰਨ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦਾ ਕਹਿਣਾ ਹੈ ਕਿ ਹੜਤਾਲ ਕਾਰਨ ਰੋਕੇ ਪਾਸਪੋਰਟਾਂ ਨੂੰ ਸਰਵਿਸ ਕੈਨੇਡਾ ਦੇ 60 ਦਫ਼ਤਰਾਂ ਵਿਚੋਂ ਕਿਸੇ ਇਕ ’ਤੇ ਮੰਗਵਾਉਣ ਦੀ ਅਰਜ਼ੀ ਦਾਖਲ ਕਰਦਿਆਂ ਸਬੰਧਤ ਸ਼ਖਸ ਦਸਤੀ ਤੌਰ ’ਤੇ ਆਪਣਾ ਪਾਸਪੋਰਟ ਹਾਸਲ ਕਰ ਸਕਦਾ ਹੈ।
ਫੈਡਰਲ ਸਰਕਾਰ ਵੱਲੋਂ ਸਰਵਿਸ ਕੈਨੇਡਾ ਦੇ ਦਫ਼ਤਰ ਜਾਣ ਦਾ ਸੁਝਾਅ
ਦੂਜੇ ਪਾਸੇ ਨਵਾਂ ਪਾਸਪੋਰਟ ਬਣਾਉਣ ਜਾਂ ਨਵਿਆਉਣ ਦੇ ਇੱਛਕ ਲੋਕਾਂ ਨੂੰ ਨਿਜੀ ਤੌਰ ’ਤੇ ਸਰਵਿਸ ਕੈਨੇਡਾ ਦੇ ਦਫ਼ਤਰ ਪੁੱਜਣ ਦਾ ਸੁਝਾਅ ਦਿਤਾ ਗਿਆ ਹੈ। ਖੁਦ ਜਾ ਕੇ ਅਰਜ਼ੀ ਦਾਖਲ ਕਰਨ ਵਾਲੇ ਵੀ ਦਸਤੀ ਤੌਰ ਤੇ ਪਾਸਪੋਰਟ ਹਾਸਲ ਕਰ ਸਕਦੇ ਹਨ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵੱਲੋਂ 8 ਨਵੰਬਰ ਤੋਂ ਹੀ ਪਾਸਪੋਰਟ ਭੇਜਣ ਦੀ ਪ੍ਰਕਿਰਿਆ ਬੰਦ ਕਰ ਦਿਤੀ ਗਈ ਕਿਉਂਕਿ ਹੜਤਾਲ ਸ਼ੁਰੂ ਹੋਣ ਮਗਰੋਂ ਸਭ ਕੁਝ ਧਰਿਆ-ਧਰਾਇਆ ਰਹਿ ਜਾਣਾ ਸੀ ਅਤੇ ਲੋਕਾਂ ਤੱਕ ਪਾਸਪੋਰਟ ਨਹੀਂ ਸਨ ਪੁੱਜਣੇ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਤਰਜਮਾਨ ਮਿਲਾ ਰਾਏ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇ ਕਿਸੇ ਬਿਨੈਕਾਰ ਵੱਲੋਂ ਹੜਤਾਲ ਤੋਂ ਐਨ ਪਹਿਲਾਂ ਪਾਸਪੋਰਟ ਦੀ ਅਰਜ਼ੀ ਭੇਜੀ ਗਈ ਤਾਂ ਸੰਭਾਵਤ ਤੌਰ ’ਤੇ ਇਹ ਅਰਜ਼ੀ ਸਰਵਿਸ ਕੈਨੇਡਾ ਕੋਲ ਨਹੀਂ ਪੁੱਜੀ ਅਤੇ ਡਾਕ ਸੇਵਾਵਾਂ ਬਹਾਲ ਹੋਣ ਤੱਕ ਇਸ ਦੀ ਪ੍ਰੋਸੈਸਿੰਗ ਸੰਭਵ ਨਹੀਂ ਹੋ ਸਕੇਗੀ। ਸਰਵਿਸ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਤੁਰਤ ਪਾਸਪੋਰਟ ਦੀ ਜ਼ਰੂਰਤ ਹੈ, ਉਹ 1800 567 6868 ’ਤੇ ਸੰਪਰਕ ਕਰ ਸਕਦੇ ਹਨ। ਦੂਜੇ ਪਾਸੇ ਡਾਕ ਮੁਲਾਜ਼ਮਾਂ ਦੀ ਹੜਤਾਲ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ।
ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਰਵਾਇਤੀ ਤਰੀਕੇ ਨਾਲ ਭੇਜਣੇ ਸੰਭਵ ਨਹੀਂ
ਮੁਲਾਜ਼ਮ ਯੂਨੀਅਨ ਆਉਂਦੇ ਚਾਰ ਸਾਲ ਦੌਰਾਨ ਤਨਖਾਹਾਂ ਵਿਚ 24 ਫੀ ਸਦੀ ਵਾਧੇ ਦੀ ਬਜਾਏ 19 ਫੀ ਸਦੀ ਵਾਧੇ ’ਤੇ ਆ ਚੁੱਕੀ ਹੈ ਪਰ ਗੱਲਬਾਤ ਹਾਲੇ ਵੀ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੀ। ਮੁਲਾਜ਼ਮ ਯੂਨੀਅਨ ਵੱਲੋਂ ਨਵੰਬਰ 2023 ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਰੰਭੀ ਗਈ ਪਰ ਇਕ ਸਾਲ ਤੱਕ ਕੋਈ ਢੁਕਵਾਂ ਹੁੰਗਾਰਾ ਨਾ ਮਿਲਣ ਮਗਰੋਂ ਯੂਨੀਅਨ ਨੇ ਹੜਤਾਲ ਦਾ ਰਾਹ ਚੁਣਿਆ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਮਹਿਕਮੇ ਦੀ ਵਿੱਤੀ ਹਾਲਤ ਪਹਿਲਾਂ ਹੀ ਨਿਘਾਰ ਵੱਲ ਜਾ ਰਹੀ ਹੈ ਅਤੇ ਅਜਿਹੇ ਵਿਚ ਯੂਨੀਅਨ ਦੀਆਂ ਮੰਗਾਂ ਵੱਡਾ ਬੋਝ ਪਾ ਦੇਣਗੀਆਂ। ਦੱਸਿਆ ਜਾ ਰਿਹਾ ਹੈ ਕਿ 2024 ਦੇ ਪਹਿਲੇ ਅੱਧ ਤੌਰਾਨ ਕੈਨੇਡਾ ਪੋਸਟ ਨੂੰ ਤਕਰੀਬਨ 500 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ 2018 ਤੋਂ ਹੁਣ ਤੱਕ 3 ਅਰਬ ਡਾਲਰ ਦਾ ਘਾਟਾ ਪੈ ਚੁੱਕਾ ਹੈ।