ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਨਾਲ ਵਰਤਿਆ ਭਾਣਾ

ਸਿਰਫ ਕੁਝ ਮਹੀਨੇ ਕੈਨੇਡਾ ਪੁੱਜੇ ਦੋ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

Update: 2024-09-24 12:18 GMT

ਵਿੰਨੀਪੈਗ : ਸਿਰਫ ਕੁਝ ਮਹੀਨੇ ਕੈਨੇਡਾ ਪੁੱਜੇ ਦੋ ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਜਿੰਦਰ ਸਿੰਘ ਸੰਧੂ ਨੇ ਮਾਰਚ ਮਹੀਨੇ ਦੌਰਾਨ ਆਪਣੇ ਸੁਪਨਿਆਂ ਦੇ ਮੁਲਕ ਵਿਚ ਕਦਮ ਰੱਖਿਆ ਜਦਕਿ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਕਸਬੇ ਦਾ ਗੁਰਵਿੰਦਰ ਸਿੰਘ ਜਨਵਰੀ ਵਿਚ ਕੈਨੇਡਾ ਪੁੱਜਾ ਅਤੇ ਦੋਵੇਂ ਜਣੇ ਅਚਨਚੇਤ ਇਸ ਦੁਨੀਆਂ ਤੋਂ ਚਲੇ ਗਏ। ਗੁਰਜਿੰਦਰ ਸਿੰਘ ਸੰਧੂ ਯੂ.ਪੀ.ਐਸ. ਡਿਲੀਵਰੀ ਦਾ ਕੰਮ ਕਰਦਾ ਸੀ ਅਤੇ 21 ਸਤੰਬਰ ਨੂੰ ਅਚਾਨਕ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਗੁਰਜਿੰਦਰ ਦੇ ਰਿਸ਼ਤੇਦਾਰਾਂ ਨੇ ਪੈਰਾਮੈਡਿਕਸ ਨੂੰ ਸੱਦਿਆ ਅਤੇ ਉਸ ਨੂੰ ਬਚਾਉਣ ਦਾ ਹਰ ਸੰਭਵ ਉਪਰਾਲਾ ਕੀਤਾ ਗਿਆ ਪਰ ਉਹ ਦਮ ਤੋੜ ਗਿਆ। ਵਿੰਨੀਪੈਗ ਦੀ ਮਨਕੀਰਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਗੁਰਜਿੰਦਰ ਸਿੰਘ ਸੰਧੂ ਦੇ ਪਰਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਗਈ ਹੈ।

ਸਿਰਫ 6 ਮਹੀਨੇ ਪਹਿਲਾਂ ਕੈਨੇਡਾ ਪੁੱਜਾ ਸੀ ਗੁਰਜਿੰਦਰ ਸਿੰਘ ਸੰਧੂ

ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਜਿੰਦਰ ਸਿੰਘ ਆਪਣੇ ਪਿੱਛੇ ਗਰਭਵਤੀ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ। ਗੁਰਜਿੰਦਰ ਸੰਧੂ ਦੇ ਸਾਥੀਆਂ ਨੇ ਦੱਸਿਆ ਕਿ ਉਹ ਬੇਹੱਦ ਨਿਮਰ ਸੁਭਾਅ ਦਾ ਮਾਲਕ ਸੀ ਅਤੇ ਕਦੇ ਕਿਸੇ ਨਾਲ ਫਾਲਤੂ ਗੱਲ ਨਹੀਂ ਸੀ ਕਰਦਾ। ਕੈਨੇਡਾ ਆਉਣ ਮਗਰੋਂ ਉਹ ਆਪਣੇ ਪਰਵਾਰ ਨੂੰ ਇਥੇ ਸੱਦਣ ਦੀ ਵਿਉਂਤਬੰਦੀ ਕਰਨ ਲੱਗਾ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਦੂਜੇ ਪਾਸੇ ਹਰਪ੍ਰੀਤ ਸਿੰਘ ਜਵੰਦਾ ਵੱਲੋਂ ਗੁਰਜਿੰਦਰ ਸੰਧੂ ਦੀ ਬੇਵਕਤੀ ਮੌਤ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਹਰ ਦਾਨੀ ਵੱਲੋਂ ਕੀਤੀ ਮਾਮੂਲੀ ਆਰਥਿਕ ਸਹਾਇਤਾ ਗੁਰਜਿੰਦਰ ਦੇ ਪਰਵਾਰ ਨੂੰ ਮੁਸ਼ਕਲਾਂ ਦਾ ਟਾਕਰਾ ਕਰਨ ਵਿਚ ਮਦਦ ਕਰ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਨਾਭਾ ਨੇੜਲੇ ਪਿੰਡ ਪਾਲੀਆ ਦੀ ਨਵਦੀਪ ਕੌਰ ਬ੍ਰੇਨ ਹੈਮਰੇਜ ਕਾਰਨ ਦਮ ਤੋੜ ਗਿਆ। 22 ਸਾਲ ਦੀ ਨਵਦੀਪ ਕੌਰ ਨੂੰ ਉਸ ਦੇ ਮਾਪਿਆਂ ਨੇ 35 ਲੱਖ ਰੁਪਏ ਖਰਚ ਕਰ ਕੇ ਕੈਨੇਡਾ ਭੇਜਿਆ ਅਤੇ ਅਚਾਨਕ ਬਿਮਾਰ ਹੋਣ ਕਾਰਨ ਉਸ ਨੂੰ ਬਰੈਂਪਟਨ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਨਵਦੀਪ ਕੌਰ 7 ਸਤੰਬਰ ਨੂੰ ਆਪਣੇ ਪਰਵਾਰ ਨਾਲ ਫੋਨ ’ਤੇ ਗੱਲ ਕਰਦਿਆਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ ਅਤੇ ਇਸ ਮਗਰੋਂ ਕਦੇ ਹੋਸ਼ ਵਿਚ ਨਾ ਆ ਸਕੀ।

ਭਾਦਸੋਂ ਦੇ ਗੁਰਵਿੰਦਰ ਸਿੰਘ ਨੂੰ ਵੀ ਪਿਆ ਦਿਲ ਦਾ ਦੌਰਾ

ਨਵਦੀਪ ਦੇ ਮਾਪਿਆਂ ਵੱਲੋਂ ਉਸ ਦੀ ਦੇਹ ਲਿਆਉਣ ਲਈ ਸਰਕਾਰ ਅੱਗੇ ਫਰਿਆਦ ਕੀਤੀ ਗਈ ਹੈ। ਇਸੇ ਦੌਰਾਨ ਨਾਭਾ ਸਬ ਤਹਿਸੀਲ ਵਿਚ ਪੈਂਦੇ ਭਾਦਸੋਂ ਕਸਬੇ ਦਾ ਗੁਰਵਿੰਦਰ ਸਿੰਘ ਅਚਨਚੇਤ ਦਮ ਤੋੜ ਗਿਆ। ਗੁਰਵਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਪਤਨੀ ਦੋ ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ। ਇਸ ਮਗਰੋਂ ਗੁਰਵਿੰਦਰ ਸਿੰਘ ਨੂੰ ਵੀ ਵਰਕ ਪਰਮਿਟ ਮਿਲ ਗਿਆ ਅਤੇ ਉਹ ਤਕਰੀਬਨ 9 ਮਹੀਨੇ ਪਹਿਲਾਂ ਕੈਨੇਡਾ ਰਵਾਨਾ ਹੋ ਗਿਆ। ਬੀਤੇ ਦਿਨ ਉਹ ਆਪਣੇ ਕੰਮ ’ਤੇ ਗਿਆ ਅਤੇ ਆਪਣੇ ਸਾਥੀਆਂ ਨੂੰ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ। ਗੁਰਵਿੰਦਰ ਦੇ ਸਾਥੀਆਂ ਨੇ ਉਸ ਨੂੰ ਇਕ ਪਾਸੇ ਆਰਾਮ ਕਰਨ ਲਈ ਆਖ ਦਿਤਾ ਪਰ ਜਦੋਂ ਦੁਬਾਰਾ ਜਾ ਕੇ ਦੇਖਿਆ ਤਾਂ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਗੁਰਵਿੰਦਰ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਪਹਿਲਾਂ ਨੂੰਹ ਨੂੰ ਵਿਦੇਸ਼ ਭੇਜਿਆ ਅਤੇ ਤਕਰੀਬਨ 9 ਮਹੀਨੇ ਪਹਿਲਾਂ ਬੇਟਾ ਵੀ ਚਲਾ ਗਿਆ। ਗੁਰਵਿੰਦਰ ਅਕਸਰ ਹੀ ਆਪਣੇ ਪਿਤਾ ਨੂੰ ਕਹਿੰਦਾ ਕਿ ਉਹ ਸਾਰਾ ਕਰਜ਼ਾ ਲਾਹ ਦੇਵੇਗਾ ਪਰ ਇਹ ਸੰਭਵ ਨਾ ਹੋ ਸਕਿਆ। ਪਿਤਾ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਵਿੰਦਰ ਦੀ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ।

Tags:    

Similar News