ਅਮਰੀਕਾ ਅਤੇ ਕੈਨੇਡਾ ਵਿਚ 2 ਹਵਾਈ ਜਹਾਜ਼ ਕਰੈਸ਼, 4 ਮੌਤਾਂ

ਅਮਰੀਕਾ ਦੇ ਰਿਹਾਇਸ਼ੀ ਇਲਾਕੇ ਵਿਚ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।

Update: 2024-09-02 12:46 GMT

ਪੋਰਟਲੈਂਡ : ਅਮਰੀਕਾ ਦੇ ਰਿਹਾਇਸ਼ੀ ਇਲਾਕੇ ਵਿਚ ਹਵਾਈ ਜਹਾਜ਼ ਕਰੈਸ਼ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਦੂਜੇ ਪਾਸੇ ਕੈਨੇਡਾ ਦੇ ਐਲਬਰਟਾ ਸੂਬੇ ਵਿਚ ਇਕ ਛੋਟਾ ਹਵਾਈ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਉਲਝਣ ਮਗਰੋਂ ਕਰੈਸ਼ ਹੋ ਗਿਆ ਅਤੇ ਤਕਰੀਬਨ ਚਾਰ ਹਜ਼ਾਰ ਘਰਾਂ ਦੀ ਬਿਜਲੀ ਗੁੱਲ ਹੋ ਗਈ। ਓਰੇਗਨ ਸੂਬੇ ਦੇ ਫੇਅਰਵਿਊ ਇਲਾਕੇ ਵਿਚ ਜਹਾਜ਼ ਕਰੈਸ਼ ਹੋਣ ਮਗਰੋਂ ਕਈ ਘਰ ਸੜ ਕੇ ਸੁਆਹ ਹੋ ਗਏ। ਇਹ ਇਲਾਕਾ ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ਅਤੇ ਟਰੌਟਡੇਲ ਏਅਰਪੋਰਟ ਤੋਂ ਜ਼ਿਆਦਾ ਦੂਰ ਨਹੀਂ।

ਫੇਅਰਵਿਊ ਦੇ ਕਈ ਘਰਾਂ ਵਿਚ ਲੱਗੀ ਅੱਗ, ਇਕ ਜਣਾ ਲਾਪਤਾ

ਜਹਾਜ਼ ਵਿਚ ਸਵਾਰ ਦੋਵੇਂ ਜਣੇ ਦਮ ਤੋੜ ਗਏ ਜਦਕਿ ਇਕ ਘਰ ਵਿਚ ਮੌਜੂਦ ਸ਼ਖਸ ਹਾਦਸੇ ਦੀ ਭੇਟ ਚੜ੍ਹ ਗਿਆ। ਹਾਦਸੇ ਮਗਰੋਂ ਇਕ ਘਰ ਦਾ ਵਸਨੀਕ ਲਾਪਤਾ ਵੀ ਦੱਸਿਆ ਜਾ ਰਿਹਾ ਹੈ। ਗ੍ਰੀਸ਼ਮ ਫਾਇਰ ਚੀਫ ਸਕੌਟ ਲੂਇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਵਾਈ ਜਹਾਜ਼ ਬੇਕਾਬੂ ਹੋਣ ਮਗਰੋਂ ਸਭ ਤੋਂ ਪਹਿਲਾਂ ਇਕ ਬਿਜਲੀ ਦੇ ਖੰਭੇ ਵਿਚ ਵੱਜਿਆ ਅਤੇ ਇਸ ਮਗਰੋਂ ਇਕ ਘਰ ਦੀ ਛੱਤ ਪਾੜਦਾ ਹੋਇਆ ਅੰਦਰ ਦਾਖਲ ਹੋ ਗਿਆ। ਹਾਦਸੇ ਮਗਰੋਂ ਹਰ ਪਾਸੇ ਅੱਗ ਦੇ ਭਾਂਬੜ ਨਜ਼ਰ ਆ ਰਹੇ ਸਨ। ਹਾਦਸੇ ਕਾਰਨ ਸੈਂਕੜੇ ਘਰਾਂ ਦੀ ਬਿਜਲੀ ਗੁੱਲ ਹੋ ਗਈ। ਫੈਡਰਲ ਐਵੀਏਸ਼ਨ ਅਥਾਰਟੀ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਐਲਬਰਟਾ ਦੇ ਫੋਰਟ ਵਰਮਿਲੀਅਨ ਕਸਬੇ ਵਿਚ ਛੋਟਾ ਜਹਾਜ਼ ਕਰੈਸ਼ ਹੋਣ ਕਾਰਨ ਪਾਇਲਟ ਦਮ ਤੋੜ ਗਿਆ ਅਤੇ ਜਹਾਜ਼ ਦੇ ਬਿਜਲੀ ਦੀਆਂ ਤਾਰਾਂ ਵਿਚ ਉਲਝਣ ਕਾਰਨ 3,800 ਘਰਾਂ ਦੀ ਬਿਜਲੀ ਗੁੱਲ ਹੋ ਗਈ।

ਐਲਬਰਟਾ ਦੇ ਫੋਰਟ ਵਰਮਿਲੀਅਨ ਕਸਬੇ ਵਿਚ 3800 ਘਰਾਂ ਦੀ ਬਿਜਲੀ ਗੁੱਲ

ਐਡਮਿੰਟਨ ਤੋਂ 560 ਕਿਲੋਮੀਟਰ ਉਤਰ ਪੱਛਮ ਵੱਲ ਵਾਪਰੇ ਹਾਦਸੇ ਦੌਰਾਨ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਜਾਂਚਕਰਤਾ ਮੌਕੇ ’ਤੇ ਪੁੱਜ ਗਏ ਅਤੇ ਹਾਦਸੇ ਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐਟਕੋ ਇਲੈਕਟ੍ਰਿਕ ਨੇ ਦੱਸਿਆ ਕਿ ਐਤਵਾਰ ਬਾਅਦ ਦੁਪਹਿਰ ਤੱਕ ਮੁਰੰਮਤ ਦਾ ਕੰਮ ਮੁਕੰਮਲ ਕਰਦਿਆਂ ਬਿਜਲੀ ਸਪਲਾਈ ਬਹਾਲ ਕਰ ਦਿਤੀ ਗਈ।

Tags:    

Similar News