ਕੈਨੇਡਾ ’ਚ ਨਸ਼ਿਆਂ ਦੀ ਓਵਰਡੋਜ਼ ਨੇ ਉਜਾੜੇ 192 ਪਰਵਾਰ
ਕੈਨੇਡਾ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਇਕੱਲੇ ਬੀ.ਸੀ. ਸੂਬੇ ਵਿਚ ਜੁਲਾਈ ਮਹੀਨੇ ਦੌਰਾਨ 192 ਜਣਿਆਂ ਦੀ ਜਾਨ ਗਈ।;
ਵੈਨਕੂਵਰ : ਕੈਨੇਡਾ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਇਕੱਲੇ ਬੀ.ਸੀ. ਸੂਬੇ ਵਿਚ ਜੁਲਾਈ ਮਹੀਨੇ ਦੌਰਾਨ 192 ਜਣਿਆਂ ਦੀ ਜਾਨ ਗਈ। 2016 ਤੋਂ ਹੁਣ ਤੱਕ ਕੈਨੇਡਾ ਵਿਚ ਤਕਰੀਬਨ 45 ਹਜ਼ਾਰ ਲੋਕ ਜ਼ਹਿਰੀਲੇ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਪਿਛਲੇ ਚਾਰ ਸਾਲ ਵਿਚ ਤਕਰੀਬਨ ਦੁੱਗਣੀ ਹੋ ਚੁੱਕੀ ਹੈ। ਬੀ.ਸੀ. ਦੇ ਚੀਫ ਕੌਰੋਨਰ ਡਾ. ਜਤਿੰਦਰ ਬੈਦਵਾਨ ਨੇ ਦੱਸਿਆ ਕਿ ਕਤਲ, ਸੜਕ ਹਾਦਸਿਆਂ, ਖੁਦਕੁਸ਼ੀਆਂ ਜਾਂ ਕੁਦਰਤੀ ਆਫ਼ਤਾਂ ਨਾਲ ਐਨਾ ਜਾਨੀ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਗੈਰਕਾਨੂੰਨੀ ਨਸ਼ੀਲੇ ਪਦਾਰਥ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿਚ ਨਸ਼ਿਆਂ ਕਾਰਨ ਜਾਨ ਗਵਾਉਣ ਵਾਲਿਆਂ ਦੀ ਰੋਜ਼ਾਨਾ ਔਸਤ 6 ਤੋਂ ਉਤੇ ਚੱਲ ਰਹੀ ਹੈ। ਜੁਲਾਈ ਦੇ ਅੰਕੜੇ ਇਕ ਨਜ਼ਰੀਏ ਤੋਂ ਤਸੱਲੀਬਖ਼ਸ਼ ਮੰਨੇ ਜਾ ਸਕਦੇ ਹਨ ਕਿ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਵਿਚ 15 ਫੀ ਸਦੀ ਕਮੀ ਆਈ ਹੈ। ਜੁਲਾਈ 2023 ਵਿਚ 226 ਜਣਿਆਂ ਨੇ ਜ਼ਹਿਰੀਲੇ ਨਸ਼ਿਆਂ ਕਾਰਨ ਜਾਨ ਗਵਾਈ।
ਬੀ.ਸੀ. ਵਿਚ 7 ਮਹੀਨੇ ਦੌਰਾਨ 1,365 ਜਣਿਆਂ ਦੀ ਗਈ ਜਾਨ
ਮੌਜੂਦਾ ਵਰ੍ਹੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਕ ਲੱਖ ਦੀ ਆਬਾਦੀ ਪਿੱਛੇ 41 ਲੋਕ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਇਹ ਗਿਣਤੀ 2023 ਦੇ ਮੁਕਾਬਲੇ ਘੱਟ ਬਣਦੀ ਹੈ ਜਦੋਂ ਇਕ ਲੱਖ ਦੀ ਆਬਾਦੀ ਪਿੱਛੇ 46 ਤੋਂ ਵੱਧ ਜਣਿਆਂ ਦੀ ਜਾਨ ਗਈ। ਬੀ.ਸੀ. ਵਿਚ ਸਭ ਤੋਂ ਜ਼ਿਆਦਾ 296 ਮੌਤਾਂ ਵੈਨਕੂਵਰ ਵਿਖੇ ਹੋਈਆਂ ਜਦਕਿ 130 ਮੌਤਾਂ ਨਾਲ ਸਰੀ ਦੂਜੇ ਸਥਾਨ ’ਤੇ ਆਉਂਦਾ ਹੈ। ਡਾ. ਬੈਦਵਾਨ ਦਾ ਕਹਿਣਾ ਸੀ ਕਿ 31 ਅਗਸਤ ਨੂੰ ਕੌਮਾਂਤਰੀ ਓਵਰਡੋਜ਼ ਜਾਗਰੂਕਤਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਮਾਜ ਵਿਚ ਵਧੇਰੇ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਕਿਉਂਕਿ 2016 ਵਿਚ ਬਿਲਿਕ ਹੈਲਥ ਐਮਰਜੰਸੀ ਦੇ ਐਲਾਨ ਮਗਰੋਂ ਬੀ.ਸੀ. ਵਿਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਟੱਪ ਚੁੱਕੀ ਹੈ। ਐਨਾ ਵੱਡਾ ਜਾਨੀ ਨੁਕਸਾਨ ਸਿਰਫ ਸੂਬੇ ਦੇ ਲੋਕਾਂ ਨੂੰ ਪ੍ਰਭਾਵਤ ਨਹੀਂ ਕਰਦਾ ਸਗੋਂ ਦੂਰ-ਦੂਰ ਤੱਕ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਜੁਲਾਈ 2024 ਵਿਚ ਹੋਈਆਂ ਮੌਤਾਂ ਵਿਚੋਂ 90 ਫੀ ਸਦੀ ਫੈਂਟਾਨਿਲ ਕਰ ਕੇ ਹੋਈਆਂ ਅਤੇ ਹੈਰੋਇਨ ਤੋਂ 50 ਗੁਣਾ ਖਤਰਨਾਕ ਨਸ਼ੀਲਾ ਪਦਾਰਥ ਲਗਾਤਾਰ ਲੋਕਾਂ ਤੱਕ ਪਹੁੰਚ ਰਿਹਾ ਹੈ। ਇਸੇ ਦੌਰਾਨ ਬੀ.ਸੀ. ਦੀ ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਨੇ ਕਿਹਾ ਕਿ ਓਪੀਆਇਡ ਟ੍ਰੀਟਮੈਂਟ ਐਕਸੈਸ ਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਪੀੜਤਾਂ ਨੂੰ ਤੁਰਤ ਮਦਦ ਮੁਹੱਈਆ ਕਰਵਾਈ ਜਾ ਸਕਦੀ ਹੈ। ਦੂਜੇ ਪਾਸੇ ਪਬਲਿਕ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਮੁਨਾਫਾ ਵਧਾਉਣ ਲਈ ਕਈ ਕਿਸਮ ਦੇ ਨਸ਼ਿਆਂ ਨੂੰ ਰਲਾ ਦਿਤਾ ਜਾਂਦਾ ਹੈ ਅਤੇ ਇਸ ਦੇ ਅਸਰ ਬਾਰੇ ਉਹ ਖੁਦ ਨਹੀਂ ਜਾਣਦੇ। ਇਥੋਂ ਤੱਕ ਕਿ ਵਰਤੋਂਕਾਰਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਹੜੇ ਨਸ਼ੇ ਦੀ ਵਰਤੋਂ ਕਰ ਰਹੇ ਹਨ। ਬੀ.ਸੀ ਵਿਚ ਜਾਨੀ ਨੁਕਸਾਨ ਘਟਾਉਣ ਲਈ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣ ਦੀ ਕਾਨੂੰਨੀ ਇਜਾਜ਼ਤ ਵੀ ਦਿਤੀ ਗਈ ਪਰ ਨਤੀਜੇ ਨਾਂਹਪੱਖੀ ਰਹੇ। ਭਾਵੇਂ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚ ਨਸ਼ੇ ਕਰਨ ਦੇ ਸੁਰੱਖਿਅਤ ਕੇਂਦਰਾਂ ਰਾਹੀਂ ਹੁਣ ਤੱਕ 55 ਹਜ਼ਾਰ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ ਪਰ ਇਨ੍ਹਾਂ ਕੇਂਦਰਾਂ ਦਾ ਭਵਿੱਖ ਵਿਚ ਧੁੰਦਲਾ ਨਜ਼ਰ ਆ ਰਿਹਾ ਹੈ।