ਕੈਨੇਡਾ ’ਚ 2023 ਦੌਰਾਨ 1.47 ਲੱਖ ਸ਼ਰਨਾਰਥੀਆਂ ਨੇ ਕਦਮ ਰੱਖਿਆ

ਕੈਨੇਡਾ ਵਿਚ 2023 ਦੌਰਾਨ 1 ਲੱਖ 47 ਹਜ਼ਾਰ ਸ਼ਰਨਾਰਥੀਆਂ ਨੇ ਕਦਮ ਰੱਖਿਆ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ। ਸ਼ਰਨਾਰਥੀਆਂ ਦੀ ਆਮਦ ਦੇ ਮਾਮਲੇ ਵਿਚ ਅਮਰੀਕਾ, ਜਰਮਨੀ, ਮਿਸਰ ਅਤੇ ਸਪੇਨ ਤੋਂ ਬਾਅਦ ਕੈਨੇਡਾ ਨੂੰ ਪੰਜਵਾਂ ਸਥਾਨ ਮਿਲਿਆ ਹੈ।

Update: 2024-06-14 06:25 GMT

ਟੋਰਾਂਟੋ : ਕੈਨੇਡਾ ਵਿਚ 2023 ਦੌਰਾਨ 1 ਲੱਖ 47 ਹਜ਼ਾਰ ਸ਼ਰਨਾਰਥੀਆਂ ਨੇ ਕਦਮ ਰੱਖਿਆ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ। ਸ਼ਰਨਾਰਥੀਆਂ ਦੀ ਆਮਦ ਦੇ ਮਾਮਲੇ ਵਿਚ ਅਮਰੀਕਾ, ਜਰਮਨੀ, ਮਿਸਰ ਅਤੇ ਸਪੇਨ ਤੋਂ ਬਾਅਦ ਕੈਨੇਡਾ ਨੂੰ ਪੰਜਵਾਂ ਸਥਾਨ ਮਿਲਿਆ ਹੈ। 2022 ਵਿਚ ਕੈਨੇਡਾ 9ਵੇਂ ਸਥਾਨ ’ਤੇ ਸੀ ਅਤੇ ਉਸ ਵਰ੍ਹੇ ਦੌਰਾਨ 94 ਹਜ਼ਾਰ ਸ਼ਰਨਾਰਥੀ ਪੁੱਜੇ ਸਨ। ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖਲ ਹੋ ਰਹੇ ਰਫਿਊਜੀਆਂ ਜਾਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਘਟਾਉਣ ਲਈ ਕੈਨੇਡਾ ਸਰਕਾਰ ਕਈ ਕਦਮ ਉਠਾ ਚੁੱਕੀ ਹੈ ਪਰ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਮਾਰਚ 2023 ਵਿਚ ਅਮਰੀਕਾ ਨਾਲ ਤੀਜੀ ਧਿਰ ਸੰਧੀ ਦਾ ਘੇਰਾ ਵਧਾਉਂਦਿਆਂ ਕਿਊਬੈਕ ਦਾ ਰੋਕਸਮ ਰੋਡ ਲਾਂਘਾ ਬੰਦ ਕਰ ਦਿਤਾ ਗਿਆ ਅਤੇ ਜ਼ਮੀਨੀ ਰਸਤੇ ਆਉਣ ਵਾਲਿਆਂ ਨੂੰ ਸਿੱਧੇ ਤੌਰ ’ਤੇ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ।

ਸੰਯੁਕਤ ਰਾਸ਼ਟਰ ਵਿਚ ਰਫਿਊਜੀ ਮਾਮਲਿਆਂ ਦੇ ਹਾਈ ਕਮਿਸ਼ਨਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਅਮਰੀਕਾ ਵਿਚ 12 ਲੱਖ ਸ਼ਰਨਾਰਥਦੀ ਦਾਖਲ ਹੋਏ ਜਦਕਿ ਜਰਮਨੀ ਵਿਚ ਕਦਮ ਰੱਖਣ ਵਾਲਿਆਂ ਦਾ ਅੰਕੜਾ 3 ਲੱਖ 29 ਹਜ਼ਾਰ ਦਰਜ ਕੀਤਾ ਗਿਆ। ਮਿਸਰ ਵਿਚ 1 ਲੱਖ 83 ਹਜ਼ਾਰ ਸ਼ਰਨਾਰਥੀ ਦਾਖਲ ਹੋਏ ਅਤੇ ਸਪੇਨ ਵਿਚ 1 ਲੱਖ 63 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੇ ਪਨਾਹ ਮੰਗੀ। ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ 2023 ਦੌਰਾਨ ਦੁਨੀਆਂ ਵਿਚ 11 ਕਰੋੜ 73 ਲੱਖ ਲੋਕ ਉਜਾੜੇ ਦਾ ਸ਼ਿਕਾਰ ਬਣੇ ਜਦਕਿ 2022 ਵਿਚ 10 ਕਰੋੜ 84 ਲੱਖ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਸੀਰੀਆ ਵਿਚ ਸਭ ਤੋਂ ਵੱਡਾ ਸੰਕਟ ਚੱਲ ਰਿਹਾ ਹੈ ਅਤੇ ਹੁਣ ਤੱਕ ਇਕ ਕਰੋੜ 38 ਲੱਖ ਲੋਕ ਉਜੜ ਚੁੱਕੇ ਹਨ। ਸੁਡਾਨ ਵਿਚ ਇਹ ਅੰਕੜਾ ਇਕ ਕਰੋੜ 8 ਲੱਖ ਦੇ ਨੇੜੇ ਹੈ ਅਤੇ ਗਾਜ਼ਾ ਪੱਟੀ ਦੀ ਕੁਲ ਆਬਾਦੀ ਦਾ 75 ਫੀ ਸਦੀ ਦੇ ਘਰ-ਬਾਰ ਇਜ਼ਰਾਇਲੀ ਹਮਲੇ ਦੀ ਭੇਟ ਚੜ੍ਹ ਚੁੱਕੇ ਹਨ। ਕੈਨੇਡਾ ਵੱਲੋਂ ਅਤੀਤ ਵਿਚ ਅਫਗਾਨਿਸਤਾਨ, ਸੀਰੀਆ, ਸੋਮਾਲੀਆ ਅਤੇ ਐਰੀਟ੍ਰੀਆ ਤੋਂ ਕਾਨੂੰਨੀ ਤਰੀਕੇ ਨਾਲ ਰਫਿਊਜੀਆਂ ਨੂੰ ਸੱਦਿਆ ਗਿਆ ਪਰ ਅਮਰੀਕਾ ਦੇ ਰਸਤੇ ਆਉਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਰਹੀ।

ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਸਤੰਬਰ 2023 ਦੌਰਾਨ ਅਸਾਇਲਮ ਦੇ 7,280 ਦਾਅਵਿਆਂ ਦਾ ਨਿਪਟਾਰਾ ਕੀਤਾ। 2021 ਵਿਚ ਹਰ ਮਹੀਨੇ ਔਸਤਨ 1100 ਰਫਿਊਜੀਆਂ ਦੀਆਂ ਫਾਈਲਾਂ ਨਿਪਟਾਈਆਂ ਗਈ ਅਤੇ 2022 ਦੌਰਾਨ ਇਹ ਅੰਕੜਾ ਵਧ ਕੇ 3,600 ਹੋ ਗਿਆ। ਇਸ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੰਗ, ਸਿਆਸੀ ਅਸਥਿਰਤਾ, ਆਜ਼ਾਦੀ ’ਤੇ ਡਾਕਾ, ਜਾਨ ਦਾ ਡਰ, ਗਿਰੋਹ ਹਿੰਸਾ ਅਤੇ ਘਰੇਲੂ ਹਿੰਸਾ ਵਰਗੇ ਕਈ ਕਾਰਨ ਲੋਕਾਂ ਨੂੰ ਆਪਣਾ ਜੱਦੀ ਇਲਾਕਾ ਛੱਡਣ ਲਈ ਮਜਬੂਰ ਕਰ ਰਹੇ ਹਨ। ਸਿਰਫ ਇਥੇ ਹੀ ਬੱਸ ਨਹੀਂ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਉਣ ਵਾਲੇ ਲੋਕ ਵੀ ਪਨਾਹ ਦਾ ਦਾਅਵਾ ਕਰ ਦਿੰਦੇ ਹਨ। ਇਸੇ ਦੌਰਾਨ ਕਿਊਬੈਕ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰੌਕਸਮ ਰੋਡ ਬੰਦ ਹੋਣ ਦੇ ਬਾਵਜੂਦ ਸੂਬੇ ਨੂੰ ਰਾਹਤ ਨਹੀਂ ਮਿਲੀ। ਹੁਣ ਨਿਊ ਯਾਰਕ ਤੋਂ ਹਵਾਈ ਜਹਾਜ਼ ਚੜ੍ਹ ਕੇ ਵੱਡੀ ਗਿਣਤੀ ਵਿਚ ਸ਼ਰਨਾਰਥੀ ਕਿਊਬੈਕ ਪੁੱਜ ਰਹੇ ਹਨ। ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਸਿਰਫ ਕਿਊਬੈਕ ਦੇ ਹਵਾਈ ਅੱਡਿਆਂ ਰਾਹੀਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ 17 ਹਜ਼ਾਰ ਤੋਂ ਵੱਧ ਦਰਜ ਕੀਤੀ ਗਈ।

Tags:    

Similar News