ਕੈਨੇਡਾ ਦੇ ਹਵਾਈ ਅੱਡੇ ’ਤੇ 14.5 ਕਿਲੋ ਡੋਡੇ ਜ਼ਬਤ
ਕੈਨੇਡਾ ਵਿਚ ਭੁੱਕੀ ਦੇ ਸ਼ੌਕੀਨਾਂ ਵੱਲੋਂ ਮੰਗਵਾਏ 14 ਕਿਲੋ 500 ਗ੍ਰਾਮ ਡੋਡੇ ਵਿੰਨੀਪੈਗ ਇੰਟਰਨੈਸ਼ਨਲ ਏਅਰਪੋਰਟ ’ਤੇ ਫੜੇ ਗਏ।
ਵਿੰਨੀਪੈਗ : ਕੈਨੇਡਾ ਵਿਚ ਭੁੱਕੀ ਦੇ ਸ਼ੌਕੀਨਾਂ ਵੱਲੋਂ ਮੰਗਵਾਏ 14 ਕਿਲੋ 500 ਗ੍ਰਾਮ ਡੋਡੇ ਵਿੰਨੀਪੈਗ ਇੰਟਰਨੈਸ਼ਨਲ ਏਅਰਪੋਰਟ ’ਤੇ ਫੜੇ ਗਏ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਅਮਰੀਕਾ ਤੋਂ ਆਈਆਂ ਦੋ ਸ਼ਿਪਮੈਂਟਸ ਵਿਚੋਂ ਇਹ ਡੋਡੇ ਬਰਾਮਦ ਕੀਤੇ ਗਏ ਜੋ ਅੱਗੇ ਐਲਬਰਟਾ ਦੇ ਐਡਮਿੰਟਨ ਸ਼ਹਿਰ ਜਾਣੇ ਸਨ। ਡੋਡਿਆਂ ਦੀ ਅੰਦਾਜ਼ਨ ਕੀਮਤ 29 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ ਅਤੇ ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਕੀਤੇ ਜਾਣ ਦੀ ਰਿਪੋਰਟ ਨਹੀਂ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਔਟਵਾ ਦੇ ਹਰਵਿੰਦਰ ਸਿੰਘ ਮੱਲ੍ਹੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਮਦਦ ਨਾਲ ਕੀਤੀ ਗਈ ਕਾਰਵਾਈ ਬਾਰੇ ਸੀ.ਬੀ.ਐਸ.ਏ. ਨੇ ਦੱਸਿਆ ਕਿ 8 ਮਈ ਨੂੰ ਇਟਲੀ ਤੋਂ ਔਟਵਾ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜੇ ਇਕ ਪੈਕੇਜ ਦੀ ਪੜਤਾਲ ਕਰਦਿਆਂ ਹਰਵਿੰਦਰ ਸਿੰਘ ਮੱਲ੍ਹੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀ.ਬੀ.ਐਸ.ਏ. ਵੱਲੋਂ ਔਟਵਾ ਦਾ ਹਰਵਿੰਦਰ ਮੱਲ੍ਹੀ ਗ੍ਰਿਫ਼ਤਾਰ
ਲੈਬਾਰਟਰੀ ਟੈਸਟ ਦੌਰਾਨ ਪੈਕੇਜ ਵਿਚ ਹੈਰੋਇਨ ਹੋਣ ਦੀ ਤਸਦੀਕ ਹੋ ਗਈ ਜਿਸ ਮਗਰੋਂ ਸੀ.ਬੀ.ਐਸ.ਏ. ਨੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਤੋਂ ਮਦਦ ਮੰਗੀ ਅਤੇ ਤਲਾਸ਼ੀ ਵਾਰੰਟ ਹਾਸਲ ਕਰ ਲਏ। ਕਮਿਊਨਿਟੀ ਸਟ੍ਰੀਟ ਕ੍ਰਾਈਮ ਯੂਨਿਟ, ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਆਰਗੇਨਾਈਜ਼ਡ ਕ੍ਰਾਈਮ ਐਨਫੋਰਸਮੈਂਟ ਬਿਊਰੋ ਅਤੇ ਸੀ.ਬੀ.ਐਸ.ਏ. ਦੀ ਸਾਂਝੀ ਟੀਮ ਵੱਲੋਂ ਔਟਵਾ ਦੇ ਮੈਨੋਟਿਕ ਇਲਾਕੇ ਵਿਚ ਰੈਡ ਕੈਸਲ ਰਾਈਡ ਵਿਖੇ ਸਥਿਤ ਇਕ ਘਰ ਵਿਚ ਛਾਪਾ ਮਾਰਦਿਆਂ ਇਕ ਸ਼ੱਕੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ੱਕੀ ਦੀ ਸ਼ਨਾਖਤ ਹਰਵਿੰਦਰ ਸਿੰਘ ਮੱਲ੍ਹੀ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਕੰਟ੍ਰੋਲਡ ਡ੍ਰਗ ਐਂਡ ਸਬਸਟੈਂਸ ਐਕਟ ਅਧੀਨ ਦੋਸ਼ ਆਇਦ ਕੀਤੇ ਗਏ ਹਨ।
ਇਟਲੀ ਤੋਂ ਆਈ ਹੈਰੋਇਨ ਦੇ ਮਾਮਲੇ ਵਿਚ ਹੋਈ ਕਾਰਵਾਈ
ਸ਼ੱਕੀ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਅਤੇ ਔਟਵਾ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਅਗਲੀ ਪੇਸ਼ੀ 24 ਜੂਨ ਨੂੰ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2 ਕਿਲੋ ਤੋਂ ਵੱਧ ਅਫ਼ੀਮ ਸੀ.ਬੀ.ਐਸ.ਏ. ਨੇ ਕੁਝ ਮਹੀਨੇ ਪਹਿਲਾਂ ਜ਼ਬਤ ਕੀਤੀ ਸੀ ਜਦਕਿ ਅਚਾਰ ਵਾਲੇ ਡੱਬਿਆਂ ਵਿਚੋਂ ਵੀ ਅਫ਼ੀਮ ਬਰਾਮਦ ਕੀਤੀ ਗਈ। ਗਰੇਟਰ ਟੋਰਾਂਟੋ ਏਰੀਆ ਵਾਸਤੇ ਆਈ ਕਮਰਸ਼ੀਅਲ ਸ਼ਿਪਮੈਂਟ ਵਿਚੋਂ ਅਫ਼ੀਮ ਦੇ ਇਹ ਡੱਬੇ ਬਰਾਮਦ ਹੋਏ।