ਕੁਲਹਾਰ ਪੀਜ਼ਾ ਜੋੜੇ ਦੇ ਮਾਮਲੇ ਵਿਚ ਨਿਹੰਗ ਤੇ ਹਿੰਦੂ ਜਥੇਬੰਦੀ ਆਹਮੋ-ਸਾਹਮਣੇ

Update: 2024-10-18 03:17 GMT

ਜਲੰਧਰ : ਨਿਹੰਗਾਂ ਵਲੋਂ ਕੁਲਹਾਰ ਪੀਜ਼ਾ ਖਿਲਾਫ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਅੱਜ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪਹੁੰਚ ਕੇ ਜੋੜੇ ਦਾ ਵਿਰੋਧ ਕਰਨਗੇ।

ਦੱਸ ਦੇਈਏ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ। ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪੁੱਜੇ ਸਨ। ਜਿੱਥੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ।

ਹਾਲ ਹੀ ਵਿੱਚ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਸਮੇਤ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ ਸਨ। ਨਿਹੰਗ ਬਾਬਾ ਮਾਨ ਸਿੰਘ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਸੋਮਵਾਰ ਨੂੰ ਜਲੰਧਰ ਪਹੁੰਚਣਗੇ। ਜੋ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਮਾਮਲੇ ਨੂੰ ਬਹੁਤ ਵੱਡਾ ਨਾ ਕਰੋ। ਪਿਛਲੀਆਂ ਗੱਲਾਂ ਦੇ ਆਧਾਰ 'ਤੇ ਮੈਂ ਤੁਹਾਡੇ ਨਾਲ ਛੋਟੇ ਭਰਾ ਦੀ ਤਰ੍ਹਾਂ ਪੇਸ਼ ਆਵਾਂਗਾ।

ਇਸ ਦੇ ਨਾਲ ਹੀ ਹਿੰਦੂ ਨੇਤਾ ਸਾਧਵੀ ਦੇਵੀ ਠਾਕੁਰ ਨੇ ਕੁਲਹਾਰ ਪੀਜ਼ਾ ਜੋੜੇ ਦੇ ਹੱਕ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਦਸਤਾਰ ਸਜਾਉਣ ਦਾ ਕੋਈ ਨਿਯਮ ਨਹੀਂ ਹੈ। ਜੇਕਰ ਪੱਗ ਬੰਨ ਕੇ ਕੋਈ ਕੰਮ ਕਰਨਾ ਗਲਤ ਹੈ ਤਾਂ ਪੱਗ ਬੰਨ ਕੇ ਬਾਰਾਂ ਵਿੱਚ ਨਾ ਜਾਣਾ। ਮਾਸ ਖਾਣ ਵਾਲਿਆਂ ਨੂੰ ਮਾਸ ਛੱਡ ਦੇਣਾ ਚਾਹੀਦਾ ਹੈ। ਸਿਰਫ਼ ਉਕਤ ਜੋੜੇ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? ਕਹਿੰਦੇ ਨੇ ਕਿ ਸਿੱਖਾਂ ਤੋਂ ਇਲਾਵਾ ਕੋਈ ਵੀ ਦਸਤਾਰ ਨਹੀਂ ਸਜਾ ਸਕਦਾ।

ਨਿਹੰਗਾਂ ਦੇ ਵਿਰੋਧ ਤੋਂ ਬਾਅਦ ਹੁਣ ਜੋੜੇ ਨੇ ਐਤਵਾਰ ਨੂੰ ਆਪਣਾ ਇੱਕ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਜੋੜੇ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਜਾਣਗੇ ਅਤੇ ਉੱਥੇ ਆਪਣੀ ਅਰਜ਼ੀ ਜਮਾਂ ਕਰਵਾਉਣਗੇ। ਸਹਿਜ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਉਹ ਪੁੱਛਣਗੇ ਕਿ ਉਹ ਦਸਤਾਰ ਸਜਾਉਣਗੇ ਜਾਂ ਨਹੀਂ। ਪਰ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ 'ਚ ਸਹਿਜ ਨਾਲ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਵੀ ਮੌਜੂਦ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਸੀ। ਜਿਸ ਤੋਂ ਬਾਅਦ ਨਿਹੰਗ ਬਾਬਾ ਮਾਨ ਸਿੰਘ ਨੇ ਫਿਰ ਤੋਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ।

Tags:    

Similar News