ਕੈਨੇਡਾ ਦੇ ਸਾਰੇ ਗੁਰੂ ਘਰਾਂ 'ਚ ਨਵੇਂ ਵਰ੍ਹੇ ਦਾ ਸ਼ਰਧਾ ਨਾਲ ਕੀਤਾ ਗਿਆ ਆਗਮਨ

ਓਨਟਾਰੀਓ ਖਾਲਸਾ ਦਰਬਾਰ ਵਿਖੇ ਉਤਸ਼ਾਹ ਨਾਲ ਕਰਾਏ ਗਏ ਧਾਰਮਿਕ ਸਮਾਗਮ, ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਅਤੇ ਸੇਵਾਦਾਰ

Update: 2026-03-16 20:51 GMT

13 ਮਾਰਚ 2026 ਨੂੰ ਨਾਨਕਸ਼ਾਹੀ ਸੰਮਤ 558 ਦੇ ਨਵੇਂ ਵਰ੍ਹੇ ਦੇ ਆਗਮਨ ਨੂੰ ਸਮਰਪਿਤ ਸਮਾਗਮਾਂ ਦੀ ਰੌਣਕ ਕੈਨੇਡਾ ਦੇ ਕਈ ਪ੍ਰਮੁੱਖ ਗੁਰਦੁਆਰਾ ਸਾਹਿਬਾਂ ਵਿੱਚ ਵੇਖਣ ਨੂੰ ਮਿਲੀ। ਇਸ ਮੌਕੇ ਓਨਟਾਰੀਓ ਖਾਲਸਾ ਦਰਬਾਰ ਸਮੇਤ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਸ੍ਰੀ ਗੁਰੂ ਸਿੰਘ ਸਭਾ ਮਾਲਟਨ ਅਤੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ, ਬਰੈਂਪਟਨ ਵਿੱਚ ਵੀ ਵਿਸ਼ੇਸ਼ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ ਅਤੇ ਧਾਰਮਿਕ ਵਿਚਾਰਾਂ ਰਾਹੀਂ ਨਵੇਂ ਸਾਲ ਦਾ ਆਤਮਿਕ ਢੰਗ ਨਾਲ ਸਵਾਗਤ ਕੀਤਾ ਗਿਆ। ਓਨਟਾਰੀਓ ਖਾਲਸਾ ਦਰਬਾਰ ਵਿੱਚ ਹੋਏ ਮੁੱਖ ਸਮਾਗਮ ਦੌਰਾਨ ਸਿੱਖ ਪੰਥ ਦੇ ਕਈ ਪ੍ਰਸਿੱਧ ਕਥਾਵਾਚਕਾਂ, ਢਾਡੀ ਜਥਿਆਂ ਅਤੇ ਰਾਗੀ ਜਥਿਆਂ ਨੇ ਹਾਜ਼ਰੀ ਭਰ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। 13 ਮਾਰਚ ਦੀ ਰਾਤ ਨੂੰ ਜੈਕਾਰਿਆਂ ਦੀ ਗੂੰਜ ਅਤੇ ਵਾਹਿਗੁਰੂ ਦੇ ਸਿਮਰਨ ਦੇ ਦਰਮਿਆਨ ਨਾਨਕਸ਼ਾਹੀ ਸੰਮਤ 557 ਨੂੰ ਅਲਵਿਦਾ ਕਿਹਾ ਗਿਆ ਅਤੇ ਸੰਮਤ 558 ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ ਅਤੇ ਹੋਰ ਗ੍ਰੰਥੀ ਸਿੰਘਾਂ ਦੀ ਅਗਵਾਈ ਹੇਠ ਸਮੂਹ ਸੰਗਤ ਵੱਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ।

ਅਰਦਾਸ ਦੌਰਾਨ ਸਮੂਹ ਸੰਸਾਰ ਦੀ ਭਲਾਈ, ਸੰਗਤ ਦੀ ਚੜ੍ਹਦੀ ਕਲਾ ਅਤੇ ਸਿੱਖ ਕੌਮ ਦੀ ਤਰੱਕੀ ਲਈ ਅਰਦਾਸਾਂ ਕੀਤੀਆਂ ਗਈਆਂ। ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਨਾਨਕਸ਼ਾਹੀ ਸੰਮਤ 558 ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਮਨਾਉਂਦੇ ਹਾਂ, ਓਸੇ ਤਰ੍ਹਾਂ ਸਾਨੂੰ ਆਪਣੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਵੀ ਨਵਾਂ ਸਾਲ ਖੁਸ਼ੀ ਅਤੇ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਭਾਰੀ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਜੀ ਨੇ ਵੀ ਸੰਗਤ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਦਰਸ਼ਨਜੀਤ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਓਕਾਰ ਸਿੰਘ, ਭਾਈ ਜਗਦੀਸ਼ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਮਨਜੋਤ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।

ਇਸਦੇ ਨਾਲ ਹੀ ਓਨਟਾਰੀਓ ਖਾਲਸਾ ਦਰਬਾਰ ਦੇ ਗੁਰਮਤ ਸਕੂਲ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਸੁਰੀਲੇ ਕੀਰਤਨ ਪੇਸ਼ ਕੀਤੇ। ਭਾਈ ਕੇਵਲ ਸਿੰਘ ਜੀ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ ਅਤੇ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਦੇ ਢਾਡੀ ਜਥੇ ਵੱਲੋਂ ਵੀਰ ਰਸ ਭਰੀਆਂ ਢਾਡੀ ਵਾਰਾਂ ਸੁਣਾਕੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸੇ ਤਰ੍ਹਾਂ ਟੋਰਾਂਟੋ ਦੇ ਸਿੱਖ ਸਪਿਰਿਚੁਅਲ ਸੈਂਟਰ, ਮਾਲਟਨ ਸਥਿਤ ਸ੍ਰੀ ਗੁਰੂ ਸਿੰਘ ਸਭਾ ਅਤੇ ਬ੍ਰੈਂਪਟਨ ਦੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਵਿੱਚ ਵੀ ਨਾਨਕਸ਼ਾਹੀ ਸੰਮਤ 558 ਦੇ ਆਗਮਨ ’ਤੇ ਵਿਸ਼ੇਸ਼ ਦੀਵਾਨ ਸਜਾਏ ਗਏ। ਇਨ੍ਹਾਂ ਗੁਰਦੁਆਰਾ ਸਾਹਿਬਾਂ ਵਿੱਚ ਵੀ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ, ਪਾਠ ਅਤੇ ਅਰਦਾਸਾਂ ਰਾਹੀਂ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ ਅਤੇ ਗੁਰੂ ਘਰਾਂ ਵਿੱਚ ਆਤਮਿਕ ਅਤੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਿਹਾ। ਸਮੂਹ ਗੁਰਦੁਆਰਾ ਸਾਹਿਬਾਂ ਵਿੱਚ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਸੰਗਤਾਂ ਨੇ ਇਕੱਠੇ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ, ਗੁਰਬਾਣੀ ਸੁਣੀ ਅਤੇ ਗੁਰੂ ਕਾ ਲੰਗਰ ਛਕਿਆ। ਇਸ ਤਰ੍ਹਾਂ ਕੈਨੇਡਾ ਭਰ ਵਿੱਚ ਸਿੱਖ ਸੰਗਤ ਵੱਲੋਂ ਨਾਨਕਸ਼ਾਹੀ ਸੰਮਤ 558 ਦੇ ਨਵੇਂ ਵਰ੍ਹੇ ਦਾ ਆਗਮਨ ਬੜੀ ਸ਼ਾਨ-ਸ਼ੌਕਤ, ਸ਼ਰਧਾ ਅਤੇ ਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ।

Tags:    

Similar News