CBI ਵਲੋਂ ECHS scam ਦਾ ਪਰਦਾਫਾਸ਼, ਕਈ ਨਿਜੀ ਹਸਪਤਾਲਾਂ 'ਤੇ ਐਫਆਈਆਰ ਦਰਜ

ਕਈ ਨਿਜੀ ਹਸਪਤਾਲਾਂ ਵਲੋਂ ਮਰੀਜ਼ਾਂ ਨੂੰ ਧੱਕੇ ਨਾਲ ਅਤੇ ਬਿਨਾਂ ਕਿਸੇ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਸੀ। ਫਿਰ ਉਨ੍ਹਾਂ ਦਾ ਫਰਜ਼ੀ ਇਲਾਜ ਰਿਕਾਰਡ ਤਿਆਰ...

Update: 2026-04-07 11:37 GMT

ਚੰਡੀਗੜ੍ਹ, 7 ਅਪ੍ਰੈਲ: ਸ਼ਹਿਰ ਦੇ ਕਈ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਜ਼ਬਰਦਸਤੀ ਦਾਖਲ ਕਰਕੇ ਫਰਜ਼ੀ ਇਲਾਜ ਅਤੇ ਬਿਲਿੰਗ ਰਾਹੀਂ ਸਰਕਾਰ ਤੋਂ ਮੋਟੇ ਕਲੇਮ ਲੈਣ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਕਈ ਹਸਪਤਾਲਾਂ, ਉਨ੍ਹਾਂ ਦੇ ਨਿਰਦੇਸ਼ਕਾਂ ਅਤੇ ਸਟਾਫ ਵਿਰੁੱਧ ਐਫਆਈਆਰ ਦਰਜ ਕੀਤੀ ਹੈ।

ਫਰਜ਼ੀ ਦਾਖਲਾ, ਟੈਸਟ ਅਤੇ ਵਧੇਰੇ ਬਿੱਲਿੰਗ ਦਾ ਖੇਡ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਰੀਜ਼ਾਂ ਨੂੰ ਬਿਨਾਂ ਲੋੜ ਦੇ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਸੀ। ਉਨ੍ਹਾਂ ਦੇ ਨਾਂ ‘ਤੇ ਫਰਜ਼ੀ ਇਲਾਜ ਰਿਕਾਰਡ ਤਿਆਰ ਕਰਕੇ ਗੈਰ-ਜ਼ਰੂਰੀ ਟੈਸਟ ਕਰਵਾਏ ਜਾਂਦੇ ਸਨ ਅਤੇ ਦਵਾਈਆਂ ਦੇ ਬਿੱਲ ਵਧਾ-ਚੜ੍ਹਾ ਕੇ ਬਣਾਏ ਜਾਂਦੇ ਸਨ। ਬਾਅਦ ਵਿੱਚ ਇਹ ਸਾਰੇ ਬਿੱਲ ਸਰਕਾਰ ਕੋਲ ਕਲੇਮ ਵਜੋਂ ਪੇਸ਼ ਕੀਤੇ ਜਾਂਦੇ ਸਨ। ਸੀਬੀਆਈ ਨੂੰ ਜਾਂਚ ਦੌਰਾਨ ਜ਼ਰੂਰੀ ਦਸਤਾਵੇਜ਼ਾਂ ਵਿੱਚ ਜਾਲਸਾਜ਼ੀ, ਡਿਜੀਟਲ ਸਿਸਟਮ ਨਾਲ ਛੇੜਛਾੜ ਅਤੇ ਡਿਜੀਟਲ ਸਿਗਨੇਚਰ ਦੀ ਦੁਰਵਰਤੋਂ ਵਰਗੀਆਂ ਗੰਭੀਰ ਬੇਨਿਯਮੀਆਂ ਮਿਲੀਆਂ ਹਨ।

ਹਸਪਤਾਲਾਂ ਵਿਚਕਾਰ ਕਮਿਸ਼ਨ ਦਾ ਗਠਜੋੜ

ਜਾਂਚ ਵਿੱਚ ‘ਮੰਥਨ ਹੈਲਥਕੇਅਰ’ ਅਤੇ ‘ਧਰਮ ਹਸਪਤਾਲ’ ਵਿਚਕਾਰ ਲੱਖਾਂ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਇੱਕ ਐਗਰੀਮੈਂਟ ਵੀ ਮਿਲਿਆ ਹੈ ਜਿਸ ਵਿੱਚ ਅੱਧੀ-ਅੱਧੀ ਕਮਿਸ਼ਨ ਦਾ ਜ਼ਿਕਰ ਹੈ। ਇਕੱਠੀ ਕੀਤੀ ਰਕਮ ਨੂੰ ਦੋਵਾਂ ਪਾਸਿਆਂ ਵੱਲੋਂ ਵੰਡਿਆ ਜਾਂਦਾ ਸੀ।

ਸੀਬੀਆਈ ਵੱਲੋਂ ਹੁਣ ਪੂਰੀ ‘ਮਨੀ ਟ੍ਰੇਲ’ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਮਰੀਜ਼ਾਂ ਦੇ ਨਾਂ ‘ਤੇ ਲਿਆ ਗਿਆ ਪੈਸਾ ਕਿਹੜੇ-ਕਿਹੜੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਗਿਆ। ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਵੀ ਸ਼ੁਰੂ ਹੋ ਸਕਦੀ ਹੈ।

ਈਸੀਐਚਐਸ ਅਧਿਕਾਰੀਆਂ ਦੀ ਮਿਲੀਭੁਗਤ ਦੇ ਇਸ਼ਾਰੇ

ਸੀਬੀਆਈ ਦੇ ਅਨੁਸਾਰ ਇਸ ਘੁਟਾਲੇ ਵਿੱਚ ਈਸੀਐਚਐਸ ਦੇ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ। ਮਰੀਜ਼ਾਂ ਨੂੰ ਵਾਰ-ਵਾਰ ਰੈਫਰ ਕਰਨਾ ਅਤੇ ਕਲੇਮ ਪਾਸ ਕਰਵਾਉਣਾ ਬਿਨਾਂ ਅਧਿਕਾਰੀਆਂ ਦੀ ਸਹਾਇਤਾ ਸੰਭਵ ਨਹੀਂ ਸੀ। ਜਾਂਚ ਦਾ ਦਾਇਰਾ ਹੁਣ ਹੋਰ ਵਧਾਇਆ ਜਾ ਰਿਹਾ ਹੈ।

ਇਸ ਘੁਟਾਲੇ ਦੇ ਮਾਸਟਰਮਾਈਂਡ ਵਜੋਂ ‘ਮੰਥਨ ਹੈਲਥ ਕੇਅਰ’ ਦੀ ਨਿਰਦੇਸ਼ਕ ਡਾ. ਰਿੰਪਲ ਗੁਪਤਾ ਅਤੇ ਡਾ. ਵਿਕਾਸ ਸ਼ਰਮਾ ਦੇ ਨਾਮ ਸਾਹਮਣੇ ਆਏ ਹਨ। ਉਨ੍ਹਾਂ ਨੇ ਹੋਰ ਹਸਪਤਾਲਾਂ ਨੂੰ ਆਪਣੇ ਨਾਲ ਜੋੜ ਕੇ ਇਹ ਰੈਕਟ ਚਲਾਇਆ। ਧਰਮ ਹਸਪਤਾਲ ਦੇ ਮਾਲਕ ਡਾ. ਅਜੇ ਕੁਮਾਰ ਅਗਰਵਾਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਅਜੇ ਤਕ ਮੁਲਜ਼ਮ ਨਹੀਂ ਬਣਾਇਆ ਗਿਆ, ਪਰ ਸੀਬੀਆਈ ਮੁਤਾਬਕ ਉਨ੍ਹਾਂ ਨੇ ਆਪਣਾ ਸਿਸਟਮ ਮੰਥਨ ਹੈਲਥ ਕੇਅਰ ਨੂੰ ਸੌਂਪਿਆ ਹੋਇਆ ਸੀ।

ਹੋਰ ਨਾਮਜ਼ਦ ਸੰਸਥਾਵਾਂ ਅਤੇ ਵਿਅਕਤੀ

ਇਸ ਮਾਮਲੇ ਵਿੱਚ ਮੰਥਨ ਹੈਲਥ ਕੇਅਰ (ਸੈਕਟਰ-38), ਧਰਮ ਹਸਪਤਾਲ (ਸੈਕਟਰ-15), ਕੇਅਰ ਪਾਰਟਨਰ ਹਾਰਟ ਸੈਂਟਰ (ਸੈਕਟਰ-19), ਬਿੱਲ ਕਲਰਕ ਮਨਜੀਤ ਸਿੰਘ ਅਤੇ ਪ੍ਰਵੀਨ ਕੁਮਾਰ, ਈਸੀਐਚਐਸ ਪਾਲੀ ਕਲੀਨਿਕ ਅਤੇ ਰੀਜਨਲ ਸੈਂਟਰ ਦੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਸੀਬੀਆਈ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Tags:    

Similar News