Canada ’ਚ ਚੋਰ-ਲੁਟੇਰਿਆਂ ਤੋਂ ਬਚਾਅ ਲਈ ਵਿਲੱਖਣ ਠੀਕਰੀ ਪਹਿਰੇ

ਚੋਰ-ਲੁਟੇਰਿਆਂ ਤੋਂ ਤੰਗ ਟੋਰਾਂਟੋ ਵਾਲਿਆਂ ਨੇ ਠੀਕਰੀ ਪਹਿਰੇ ਦਾ ਨਵਾਂ ਤਰੀਕਾ ਈਜਾਦ ਕੀਤਾ ਹੈ

Update: 2026-04-07 12:32 GMT

ਟੋਰਾਂਟੋ : ਚੋਰ-ਲੁਟੇਰਿਆਂ ਤੋਂ ਤੰਗ ਟੋਰਾਂਟੋ ਵਾਲਿਆਂ ਨੇ ਠੀਕਰੀ ਪਹਿਰੇ ਦਾ ਨਵਾਂ ਤਰੀਕਾ ਈਜਾਦ ਕੀਤਾ ਹੈ। ਜੀ ਹਾਂ, ਰਾਤ ਹੁੰਦਿਆਂ ਹੀ ਪ੍ਰਾਈਵੇਟ ਗੱਡੀਆਂ ਦਾ ਸੁਰੱਖਿਆ ਦਸਤਾ ਰੋਜ਼ਡੇਲ ਇਲਾਕੇ ਵਿਚ ਗਸ਼ਤ ਸ਼ੁਰੂ ਕਰ ਦਿੰਦਾ ਹੈ ਅਤੇ ਬਿਲਕੁਲ ਚੁੱਪ-ਚਪੀਤੇ ਇਲਾਕੇ ਦੀ ਨਿਗਰਾਨੀ ਕੀਤੀ ਜਾਂਦੀ ਹੈ। ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਚੈੱਕ ਕਰਦਿਆਂ ਕੋਈ ਸ਼ੱਕੀ ਨਜ਼ਰ ਆ ਜਾਵੇ ਤਾਂ ਬਗੈਰ ਕਿਸੇ ਹਫ਼ੜਾ-ਦਫ਼ੜੀ ਤੋਂ ਉਸ ਨੂੰ ਚੁਫੇਰਿਉਂ ਘੇਰਨ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ। ਇਲਾਕੇ ਦੇ ਗੇੜੇ ਕੱਢ ਰਹੀ ਟੀਮ ਕਿਸੇ ਘਰ ਵਿਚ ਡਾਕਾ ਪੈਣ ਦੀ ਇਤਲਾਹ ਮਿਲਣ ’ਤੇ ਛੇ ਮਿੰਟ ਤੋਂ ਵੀ ਘੱਟ ਸਮੇਂ ਵਿਚ ਮੌਕੇ ’ਤੇ ਪੁੱਜ ਜਾਂਦੀ ਹੈ ਅਤੇ ਸੁਰੱਖਿਆ ਦਸਤੇ ਵਾਲਿਆਂ ਨੇ ਅਹਿਤਿਆਤ ਵਜੋਂ ਕਮੀਜ਼ ਦੇ ਹੇਠਾਂ ਬੁਲਟ ਪਰੂਫ਼ ਜੈਕਟ ਪਾਈ ਹੁੰਦੀ ਹੈ। ਦੂਜੇ ਪਾਸੇ ਘਰਾਂ ਅੰਦਰ ਮੌਜੂਦ ਮੈਂਬਰ ਵੀ ਵੱਖ ਵੱਖ ਪ੍ਰਬੰਧਾਂ ਵਿਚ ਪਿੱਛੇ ਨਹੀਂ ਅਤੇ ਹੈਮਰ ਪਰੂਫ਼ ਸ਼ੀਸ਼ੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾਂ ਨਵੇਂ ਅਲਾਰਮ ਅਤੇ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਸੁਰੱਖਿਆ ਪ੍ਰਬੰਧ ਟੋਰਾਂਟੋ ਦੇ ਕਈ ਇਲਾਕਿਆਂ ਵਿਚ ਆਮ ਹੁੰਦੇ ਜਾ ਰਹੇ ਹਨ ਅਤੇ ਪੁਲਿਸ ਸਹਾਇਤਾ ਪੁੱਜਣ ਤੋਂ ਪਹਿਲਾਂ ਲੋਕ ਆਪਣੀ ਰਾਖੀ ਆਪ ਕਰਨ ਨੂੰ ਤਰਜੀਹ ਦੇਣ ਲੱਗੇ ਹਨ।

ਟੋਰਾਂਟੋ ਵਾਲਿਆਂ ਨੇ ਬਣਾਏ ਪ੍ਰਾਈਵੇਟ ਸੁਰੱਖਿਆ ਦਸਤੇ

ਪਿਛਲੇ ਸਮੇਂ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਰੋਜ਼ਡੇਲ ਸਣੇ ਵੱਖ ਵੱਖ ਇਲਾਕਿਆਂ ਵਿਚ ਲੋਕਾਂ ਠੀਕਰੀ ਪਹਿਰੇ ਵਰਗੇ ਪ੍ਰਬੰਧ ਕਰਨ ਵਾਸਤੇ ਮਜਬੂਰ ਹੋ ਗਏ। ਸਾਊਥ ਰੋਜ਼ਡੇਲ ਰੈਜ਼ੀਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਜੈਨਿਸ ਲੋਅ ਦਾ ਕਹਿਣਾ ਸੀ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਅਪਰਾਧੀਆਂ ਨੇ ਆਪਣੇ ਤੌਰ ਤਰੀਕਿਆਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। 4 ਤੋਂ 6 ਦੀ ਗਿਣਤੀ ਵਿਚ ਆਉਣ ਵਾਲੇ ਲੁਟੇਰੇ ਇਕ ਘਰ ਦਾ ਦਰਵਾਜ਼ਾ ਸੌਖਿਆਂ ਹੀ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਹਨ। ਹਰ ਪਰਵਾਰ ਆਪਣੀ ਜਾਨ ਬਚਾਉਣ ਨੂੰ ਤਰਜੀਹ ਦਿੰਦਾ ਹੈ ਅਤੇ ਅਪਰਾਧ ਇਸ ਦਾ ਫ਼ਾਇਦਾ ਉਠਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ। ਲੋਕਾਂ ਦੇ ਸੁਚੇਤ ਹੋਣ ਕਰ ਕੇ ਰੋਜ਼ਡੇਲ ਅਤੇ ਹੋਰ ਇਲਾਕਿਆਂ ਵਿਚ ਟੋਰਾਂਟੋ ਦੇ ਕੁਲ ਅਪਰਾਧ ਦਰ ਦੇ ਮੁਕਾਬਲੇ ਵਧੇਰੇ ਸੁਧਾਰ ਨਜ਼ਰ ਆ ਰਿਹਾ ਹੈ।

ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ 27 ਫ਼ੀ ਸਦੀ ਘਟੀਆਂ

ਟੋਰਾਂਟੋ ਸ਼ਹਿਰ ਦੇ ਕੁਲ ਅੰਕੜਿਆਂ ਦੇ ਮੁਕਾਬਲੇ ਰੋਜ਼ਡੇਲ ਵਰਗੇ ਇਲਾਕਿਆਂ ਵਿਚ ਦਰਵਾਜ਼ੇ ਤੋੜ ਕੇ ਘਰਾਂ ਵਿਚ ਦਾਖਲ ਹੋਣ ਅਤੇ ਚੋਰੀ ਦੀਆਂ ਵਾਰਦਾਤਾਂ 27 ਫ਼ੀ ਸਦੀ ਘਟ ਗਈਆਂ ਪਰ ਇਸ ਦੇ ਉਲਟ ਮੌਰ ਪਾਰਕ ਇਲਾਕੇ ਵਿਚ ਅਜਿਹੀਆਂ ਵਾਰਦਾਤਾਂ 145 ਫ਼ੀ ਸਦੀ ਵਧੀਆਂ ਜਦਕਿ ਯੰਗ ਸਟ੍ਰੀਟ ਇਲਾਕੇ ਵਿਚ 236 ਫ਼ੀ ਸਦੀ ਅਤੇ ਮਾਊਂਟ ਪਲੈਜ਼ੈਂਟ ਇਲਾਕੇ ਵਿਚ 233 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਜੈਨਿਸ ਲੋਅ ਨੇ ਠੀਕਰੀ ਪਹਿਰੇ ਦੀ ਇਸ ਪਿਰਤ ਪਿੱਛੇ 2016 ਵਿਚ ਵਾਪਰੀ ਇਕ ਘਟਨਾ ਨੂੰ ਜ਼ਿੰਮੇਵਾਰ ਠਹਿਰਾਇਆ ਜਦੋਂ ਇਕ ਚੋਰ ਉਨ੍ਹਾਂ ਦੇ ਘਰ ਦਾਖਲ ਹੋ ਗਿਆ। ਅਲਾਰਮ ਵੱਜਣ ਤੋਂ ਪਹਿਲਾਂ ਉਹ ਸ਼ਖਸ 20 ਮਿੰਟ ਤੱਕ ਘਰ ਅੰਦਰ ਰਿਹਾ ਪਰ ਪੁਲਿਸ ਨੇ ਕੈਮਰਾ ਫੁਟੇਜ ਰਾਹੀਂ ਸ਼ੱਕੀ ਦੀ ਪਛਾਣ ਕਰ ਲਈ। ਪਿਛਲੇ 30 ਸਾਲ ਦੌਰਾਨ ਉਸ ਨਸ਼ੇੜੀ ਨੂੰ 126 ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ। ਪੁਲਿਸ ਨੇ ਮੁੜ ਕਾਬੂ ਕਰ ਕੇ ਜੇਲ ਵਿਚ ਸੁੱਟਿਆ ਤਾਂਅਦਾਲਤ ਨੇ 20 ਮਹੀਨੇ ਦੀ ਸਜ਼ਾ ਸੁਣਾਈ ਪਰ ਬਾਹਰ ਆਉਣ ਤੋਂ 10 ਮਿੰਟ ਦੇ ਅੰਦਰ ਹੀ ਗੁਆਂਢੀ ਦੇ ਘਰ ਵਾਰਦਾਤ ਕਰ ਦਿਤੀ। ਇਸ ਘਟਨਾ ਮਗਰੋਂ ਜੈਨਿਸ ਲੋਅ ਨੇ ਵੱਡੇ ਪੱਧਰ ’ਤੇ ਜਾਗਰੂਕਤਾ ਆਰੰਭੀ ਅਤੇ ਆਪਣੇ ਇਲਾਕੇ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਚੁੱਕੀ।

Tags:    

Similar News