Trump ਹੁਣ Punjabi ਟ੍ਰਾਂਸਪੋਰਟਰਾਂ ਦੇ ਪਿੱਛੇ ਪਏ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਛਿੜੀ ਬਿਪਤਾ ਦਰਮਿਆਨ ਪੰਜਾਬੀ ਪਰਵਾਰ ਦੀ ਮਾਲਕੀ ਵਾਲੀ ਟ੍ਰਾਂਸਪੋਰਟ ਕੰਪਨੀ ਨੂੰ 78 ਲੱਖ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ

Update: 2026-04-07 12:44 GMT

ਓਕਲਾਹੋਮਾ ਸਿਟੀ : ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਛਿੜੀ ਬਿਪਤਾ ਦਰਮਿਆਨ ਪੰਜਾਬੀ ਪਰਵਾਰ ਦੀ ਮਾਲਕੀ ਵਾਲੀ ਟ੍ਰਾਂਸਪੋਰਟ ਕੰਪਨੀ ਨੂੰ 78 ਲੱਖ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ। ਕੈਲੇਫੋਰਨੀਆ ਨਾਲ ਸਬੰਧਤ ਚੰਦੀ 209 ਟ੍ਰਕਿੰਗ ਇਨਕਾਰਪੋਰੇਟਡ ਦਾ ਟਰੱਕ ਪਾਕਿਸਤਾਨ ਤੋਂ ਆਇਆ 32 ਸਾਲਾ ਵਿਲਾਇਤ ਹੁਸੈਨ ਚਲਾ ਰਿਹਾ ਸੀ ਜਦੋਂ ਓਕਲਾਹੋਮਾ ਸਿਟੀ ਦੇ ਦੱਖਣ-ਪੱਛਮ ਵੱਲ ਵਾਪਰੇ ਹਾਦਸੇ ਦੌਰਾਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਓਕਲਾਹੋਮਾ ਕਾਊਂਟੀ ਦੀ ਜਿਊਰੀ ਮੁਤਾਬਕ ਵਿਲਾਇਤ ਹੁਸੈਨ ਸਟੌਪ ਸਾਈਨ ’ਤੇ ਰੁਕਣ ਵਿਚ ਅਸਫ਼ਲ ਰਿਹਾ ਅਤੇ ਆਪਣੇ ਟਰੱਕ ਨੂੰ ਮੋੜਨ ਲੱਗਾ। ਇਸੇ ਦੌਰਾਨ ਪਿਕਟੱਕ ਟਰੱਕ ਵਿਚ ਸਵਾਰ 31 ਸਾਲਾ ਲੂਇਸ ਦੀ ਟੱਕਰ ਟਰੱਕ ਨਾਲ ਹੋ ਗਈ। ਅਦਾਲਤ ਵਿਚ ਪੇਸ਼ ਮੈਡੀਕਲ ਰਿਕਾਰਡ ਮੁਤਾਬਕ ਲੂਹਿਸ ਨੂੰ ਸਿਰ ਅਤੇ ਧੌਣ ’ਤੇ ਗੰਭੀਰ ਸੱਟਾਂ ਵੱਜੀਆਂ ਅਤੇ ਧੌਣ ਦੀ ਸਰਜਰੀ ਵੀ ਕਰਵਾਉਣੀ ਪਈ।

ਕੈਲੇਫੋਰਨੀਆ ਦੀ ਫ਼ਰਮ ਨੂੰ 8 ਮਿਲੀਅਨ ਡਾਲਰ ਜੁਰਮਾਨਾ

ਲੂਇਸ ਦੇ ਵਕੀਲਾਂ ਨੇ ਅਦਾਲਤੀ ਫ਼ੈਸਲੇ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਹੋਰਨਾਂ ਟਰੱਕ ਡਰਾਈਵਰਾਂ ਅਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਵੀ ਸਖ਼ਤ ਸੁਨੇਹਾ ਮਿਲੇਗਾ ਅਤੇ ਮੁਕੰਮਲ ਤੌਰ ’ਤੇ ਸਿਖਲਾਈ ਪ੍ਰਾਪਤ ਡਰਾਈਵਰ ਹੀ ਭਰਤੀ ਕੀਤੇ ਜਾਣਗੇ। ਲੂਇਸ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਚੰਦੀ 209 ਟ੍ਰਕਿੰਗ ਵੱਲੋਂ ਵਿਲਾਇਤ ਹੁਸੈਨ ਦੀ ਭਰਤੀ ਕਰਦਿਆਂ ਵੱਡੀ ਅਣਗਹਿਲੀ ਵਰਤੀ ਗਈ। ਉਨ੍ਹਾਂ ਕਿਹਾ ਕਿ ਪੈਨਸਿਲਵੇਨੀਆ ਵਿਚ ਰਹਿੰਦਾ ਵਿਲਾਇਤ ਹੁਸੈਨ ਹਾਲ ਹੀ ਵਿਚ ਪਾਕਿਸਤਾਨ ਤੋਂ ਆਇਆ ਸੀ ਅਤੇ ਉਸ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ। ਦੂਜੇ ਪਾਸੇ ਵਿਲਾਇਤ ਹੁਸੈਨ ਅਤੇ ਚੰਦੀ 209 ਟ੍ਰਕਿੰਗ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਾ ਕੀਤੀ ਪਰ ਡਰਾਈਵਰ ਦੀ ਭਰਤੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਬਚਾਅ ਪੱਖ ਦੇ ਵਕੀਲਾਂ ਮੁਤਾਬਕ ਵਿਲਾਇਤ ਹੁਸੈਨ ਆਪਣਾ ਟ੍ਰੈਕਟਰ ਟ੍ਰੇਲਰ ਮੋੜ ਰਿਹਾ ਸੀ ਅਤੇ ਲੂਇਸ ਸਹੀ ਅੰਦਾਜ਼ਾ ਲਾਉਣ ਵਿਚ ਅਸਫ਼ਲ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਦੌਰਾਨ ਲੂਇਸ ਗੰਭੀਰ ਜ਼ਖਮੀ ਨਹੀਂ ਹੋਇਆ ਅਤੇ ਹਰਜਾਨੇ ਦੀ ਰਕਮ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਕਰਦੀ ਹੈ। ਉਧਰ, ਲੂਇਸ ਦੇ ਵਕੀਲਾਂ ਦਾ ਕਹਿਣਾ ਸੀ ਕਿ ਤਕਰੀਬਨ 8 ਮਿਲੀਅਨ ਡਾਲਰ ਦਾ ਹਰਜਾਨਾ ਸਮੁੱਚੇ ਅਮਰੀਕਾ ਦੀਆਂ ਟ੍ਰਾਂਸਪੋਰਟ ਕੰਪਨੀਆਂ ਨੂੰ ਸਪੱਸ਼ਟ ਸੁਨੇਹਾ ਦਿੰਦਾ ਹੈ ਕਿ ਡਰਾਈਵਰਾਂ ਦੀ ਭਰਤੀ ਅਤੇ ਟ੍ਰੇਨਿੰਗ ਨੂੰ ਅਹਿਮੀਅਤ ਦਿਤੀ ਜਾਵੇ।

ਲਹਿੰਦੇ ਪੰਜਾਬ ਦਾ ਡਰਾਈਵਰ ਚਲਾ ਰਿਹਾ ਸੀ ਟਰੱਕ

ਇਹ ਪੁੱਛੇ ਜਾਣ ਕਿ ਕੀ ਚੰਦੀ 209 ਟ੍ਰਕਿੰਗ ਵੱਲੋਂ ਜਿਊਰੀ ਦੇ ਫ਼ੈਸਲੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਹੈ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਦੱਸ ਦੇਈਏ ਕਿ 3 ਮਾਰਚ 2024 ਦੀ ਰਾਤ ਵਾਪਰੇ ਹਾਦਸੇ ਦੌਰਾਨ ਵਿਲਾਇਤ ਹੁਸੈਨ ਆਪਣਾ ਟਰੱਕ ਪ੍ਰਾਈਵੇਟ ਡਰਾਈਵ ਵੇਅ ਵਿਚੋਂ ਕੱਢ ਕੇ ਸੜਕ ’ਤੇ ਲਿਜਾ ਰਿਹਾ ਸੀ ਅਤੇ ਇਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ। ਅਮਰੀਕਾ ਵਿਚ ਟਰੱਕਾਂ ਨਾਲ ਸਬੰਧਤ ਹਾਦਸਿਆਂ ਦੌਰਾਨ 2023 ਵਿਚ 4,354 ਜਣਿਆਂ ਦੀ ਜਾਨ ਗਈ ਅਤੇ ਇਹ ਅੰਕੜਾ 2009 ਦੇ ਮੁਕਾਬਲੇ 38 ਫ਼ੀ ਸਦੀ ਵੱਧ ਬਣਦਾ ਹੈ। ਵਿਲਾਇਦ ਹੁਸੈਨ ਅਤੇ ਚੰਦੀ 209 ਟ੍ਰਕਿੰਗ ਨਾਲ ਸਬੰਧਤ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਵਿਚ ਨੌਨ ਡੌਮੀਸਾਈਲ ਟਰੱਕ ਡਰਾਈਵਰਾਂ ਨੂੰ ਕਿੱਤੇ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਅੰਗਰੇਜ਼ੀ ਵਿਚ ਮੁਹਾਰਤ ਨਾ ਹੋਣ ਕਰ ਕੇ 14 ਹਜ਼ਾਰ ਤੋਂ ਵੱਧ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਹੋ ਚੁੱਕੇ ਹਨ ਜਦਕਿ ਇੰਡਿਆਨਾ ਵਰਗੇ ਰਾਜਾਂ ਵਿਚ ਨੌਨ ਡੌਮੀਸਾਈਲ ਡਰਾਈਵਰਾਂ ਨੂੰ ਸੀ.ਡੀ.ਐਲ. ਜਾਰੀ ਕਰਨ ’ਤੇ ਮੁਕੰਮਲ ਰੋਕ ਲਾਈ ਜਾ ਚੁੱਕੀ ਹੈ।

Tags:    

Similar News