ਵਿਸ਼ਵ ਦਾ ਸਭ ਤੋਂ ਲੰਬਾ ਹਾਈਵੇਅ

ਵਿਸ਼ਵ ਦਾ ਸਭ ਤੋਂ ਲੰਬਾ ਹਾਈਵੇਅ

ਟੈਕਸਾਸ, 7 ਸਤੰਬਰ (ਸ਼ਾਹ) : ਤੁਸੀਂ ਬਹੁਤ ਸਾਰੇ ਲੰਬੀ ਤੋਂ ਲੰਬੀ ਦੂਰੀ ਵਾਲੇ ਹਾਈਵੇਅ ਦੇਖੇ ਹੋਣਗੇ ਜਾਂ ਉਨ੍ਹਾਂ ’ਤੇ ਸਫ਼ਰ ਵੀ ਕੀਤਾ ਹੋਵੇਗਾ। ਆਮ ਤੌਰ ’ਤੇ ਇਨ੍ਹਾਂ ਹਾਈਵੇਜ਼ ਦੀ ਲੰਬਾਈ 500 ਕਿਲੋਮੀਟਰ ਤੋਂ 1000-1200 ਕਿਲੋਮੀਟਰ ਤੱਕ ਹੁੰਦੀ ਐ ਪਰ ਅੱਜ ਅਸੀਂ ਤੁਹਾਨੂੰ ਵਿਸ਼ਵ ਦੇ ਸਭ ਤੋਂ ਲੰਬੇ ਹਾਈਵੇਅ ਬਾਰੇ ਦੱਸਣ ਜਾ ਰਹੇ ਆਂ, ਜਿਸ ਦੀ ਲੰਬਾਈ ਇੰਨੀ ਜ਼ਿਆਦਾ ਹੈ ਕਿ ਇਸ ’ਤੇ ਸਫ਼ਰ ਕਰਦਿਆਂ ਹੀ ਮਹੀਨੇ ਗੁਜ਼ਰ ਜਾਂਦੇ ਨੇ ਕਿਉਂਕਿ ਇਹ ਹਾਈਵੇਅ ਕਿਸੇ ਇਕ ਜਾਂ ਦੋ ਦੇਸ਼ਾਂ ਵਿਚ ਨਹੀਂ ਬਲਕਿ 14 ਦੇਸ਼ਾਂ ਵਿਚੋਂ ਹੋ ਕੇ ਲੰਘਦਾ ਏ ਅਤੇ ਇਸ ’ਤੇ ਡਰਾਈਵਿੰਗ ਕਰਨਾ ਕੋਈ ਖਾਲਾ ਜੀ ਵਾੜਾ ਨਹੀਂ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਕਿਹੜੇ ਦੇਸ਼ਾਂ ਵਿਚੋਂ ਹੋ ਕੇ ਗੁਜ਼ਰਦਾ ਏ ਇਹ ਹਾਈਵੇਅ ਅਤੇ ਕਿੰਨੀ ਐ ਇਸ ਦੀ ਲੰਬਾਈ?


ਪੈਨ ਅਮੈਰੀਕਨ ਹਾਈਵੇਅ.. ਯਾਨੀ ਦੁਨੀਆਂ ਦਾ ਸਭ ਤੋਂ ਲੰਬਾ ਹਾਈਵੇਅ ਜੋ ਕਈ ਦੇਸ਼ਾਂ ਵਿਚੋਂ ਹੋ ਕੇ ਗੁਜ਼ਰਦਾ ਏ। ਇਸ ਹਾਈਵੇਅ ਦੀ ਲੰਬਾਈ ਇੰਨੀ ਜ਼ਿਆਦਾ ਹੈ ਕਿ ਇਸ ਦਾ ਨਾਮ ਗਿੰਨੀਜ਼ ਆਫ਼ ਵਰਲਡ ਰਿਕਾਰਡ ਵਿਚ ਵੀ ਦਰਜ ਐ। ਅਜਿਹਾ ਕੋਈ ਖੇਤਰ ਨਹੀਂ, ਜਿੱਥੋਂ ਇਹ ਹਾਈਵੇਅ ਨਾ ਲੰਘਦਾ ਹੋਵੇ। ਯਾਨੀ ਇਸ ਹਾਈਵੇਅ ਦੇ ਰਸਤੇ ਵਿਚ ਸੰਘਣੇ ਜੰਗਲ ਤੋਂ ਲੈ ਕੇ ਰੇਗਿਸਤਾਨ ਤੱਕ ਅਤੇ ਬਰਫ਼ੀਲੇ ਖੇਤਰਾਂ ਤੋਂ ਲੈ ਕੇ ਖ਼ੁਸ਼ਕ ਮੌਸਮ ਤੱਕ ਸਭ ਕੁਝ ਪੈਂਦੇ ਨੇ।

ਇਹ ਹਾਈਵੇਅ ਉਤਰੀ ਅਮਰੀਕਾ ਤੋਂ ਦੱਖਣ ਅਮੈਰੀਕਾ ਤੱਕ ਲਗਭਗ 30 ਹਜ਼ਾਰ ਕਿਲੋਮੀਟਰ ਦੀ ਦੂਰੀ ਕਰਨ ਵਾਲੀਆਂ ਸੜਕਾਂ ਦਾ ਇਕ ਨੈੱਟਵਰਕ ਐ, ਜਿਸ ਨੂੰ ਧਰਤੀ ਦੀ ਸਭ ਤੋਂ ਲੰਬੀ ਸੜਕ ਕਿਹਾ ਜਾਂਦੈ। ਇਸ ’ਤੇ ਡਰਾਈਵਿੰਗ ਕਰਨਾ ਆਸਾਨ ਕੰਮ ਨਹੀਂ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜੋ ਇਸ ਨੂੰ ਬਾਕੀ ਦੇ ਹਾਈਵੇਅ ਤੋਂ ਅਲੱਗ ਬਣਾਉਂਦੀਆਂ ਨੇ। ਇਸ ਹਾਈਵੇਅ ਨਾਲ ਜੁੜੀਆਂ ਖ਼ਾਸ ਅਤੇ ਰੋਮਾਂਚਕ ਗੱਲਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


ਪੈਨ ਅਮੈਰਿਕਨ ਹਾਈਵੇਅ ਕਈ ਸ਼ਹਿਰਾਂ ਅਤੇ ਦੇਸ਼ਾਂ ਵਿਚੋਂ ਦੀ ਹੋ ਕੇ ਲੰਘਦਾ ਏ। ਇਹ ਮੈਕਸੀਕੋ, ਗਵਾਟੇਮਾਲਾ, ਐਲ ਸਾਲਵਾਡੋਰ, ਹੋਂਡੂਰਾਸ, ਨਿਕਾਰਾਗੂਆ, ਕੋਸਟਾ ਰਿਕਾ ਅਤੇ ਉਤਰੀ ਅਮੈਰਿਕਾ ਵਿਚ ਪਨਾਮਾ ਤੋਂ ਹੋ ਕੇ ਲੰਘਦਾ ਏ। ਇਹ ਕੋਲੰਬੀਆ, ਇਕਵਾਡੋਰ, ਪੇਰੂ, ਚਿਲੀ ਅਤੇ ਅਰਜਨਟੀਨਾ ਹੁੰਦੇ ਹੋਏ ਦੱਖਣ ਅਮੈਰਿਕਾ ਤੱਕ ਜਾਂਦਾ ਏ।

ਪੈਨ ਅਮੈਰਿਕਨ ਹਾਈਵੇਅ ’ਤੇ ਡਰਾਇਵ ਕਰਨਾ ਬਿਲਕੁਲ ਵੀ ਆਸਾਨ ਨਹੀਂ। ਇਸ ਦੀ ਵਜ੍ਹਾ ਇਹ ਐ ਕਿ ਇਹ ਹਾਈਵੇਅ ਵੱਖ ਵੱਖ ਪ੍ਰਸਥਿਤੀਆਂ ਵਿਚੋਂ ਹੁੰਦੇ ਹੋਏ ਲੰਘਦਾ ਏ। ਕਿਤੇ ਲੰਬਾ ਰੇਗਿਸਤਾਨ ਐ ਤਾਂ ਕਿਤੇ ਸੰਘਣੇ ਜੰਗਲ। ਅਜਿਹੇ ਵਿਚ ਇਨ੍ਹਾਂ ਬਦਲਦੀਆਂ ਪ੍ਰਸਥਿਤੀਆਂ ਵਿਚ ਇਸ ਹਾਈਵੇਅ ’ਤੇ ਗੱਡੀ ਚਲਾਉਣੀ ਕਾਫ਼ੀ ਮੁਸ਼ਕਲ ਹੁੰਦਾ ਏ। ਕਈ ਖੇਤਰਾਂ ਵਿਚ ਡਰਾਈਵਿੰਗ ਕਦੇ ਕਦੇ ਖ਼ਤਰਨਾਕ ਵੀ ਹੋ ਜਾਂਦੀ ਐ।

ਪੈਨ ਅਮੈਰਿਕਨ ਹਾਈਵੇਅ ਦੀ ਲੰਬਾਈ ਕਰੀਬ 30 ਹਜ਼ਾਰ ਕਿਲੋਮੀਟਰ ਐ। ਇਹ ਇੰਨਾ ਲੰਬਾ ਹੈ ਕਿ ਇਸ ਦੀ ਦੂਰੀ ਤੈਅ ਕਰਨ ਵਿਚ ਲੋਕਾਂ ਨੂੰ ਕਈ ਮਹੀਨੇ ਲੱਗ ਜਾਂਦੇ ਨੇ। ਇਸ ਹਾਈਵੇਅ ’ਤੇ ਸਾਰੇ ਲੋਕ ਯਾਤਰਾ ਕਰਨਾ ਚਾਹੁੰਦੇ ਨੇ। ਹਰ ਸਾਲ ਵੱਡੀ ਗਿਣਤੀ ਵਿਚ ਲੋਕ ਇਸ ਹਾਈਵੇਅ ’ਤੇ ਸਫ਼ਰ ਕਰਨ ਦੇ ਲਈ ਨਿਕਲਦੇ ਨੇ। ਇਸ ਦੇ ਲਈ ਉਹ ਕਈ ਕਈ ਮਹੀਨੇ ਤੱਕ ਤਿਆਰੀਆਂ ਕਰਦੇ ਨੇ।


ਅਜਿਹੇ ਬਹੁਤ ਸਾਰੇ ਲੋਕ ਨੇ ਜੋ ਇਸ ਹਾਈਵੇਅ ’ਤੇ ਬਾਈਕ ਰਾਹੀਂ ਯਾਤਰਾ ਕਰਨਾ ਪਸੰਦ ਕਰਦੇ ਨੇ। ਇਸ ਹਾਈਵੇਅ ’ਤੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂਤਿਆਰੀ ਕਰਨੀ ਬਹੁਤ ਜ਼ਰੂਰੀ ਐ ਕਿਉਂਕਿ ਜੇਕਰ ਇਸ ਹਾਈਵੇਅ ’ਤੇ ਤੁਹਾਡੀ ਕਾਰ ਖ਼ਰਾਬ ਹੋ ਗਈ ਤਾਂ ਕਾਫ਼ੀ ਮੁਸ਼ਕਲ ਹੋ ਸਕਦੀ ਐ। ਇਹ ਹਾਈਵੇਅ ਇੰਨਾ ਲੰਬਾ ਹੈ ਕਿ ਤੁਹਾਡੇ ਤੱਕ ਮਦਦ ਪਹੁੰਚਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਏ। ਅਜਿਹੇ ਵਿਚ ਤੁਹਾਡੀ ਕਾਰ ਜਾਂ ਬਾਈਕ ਵਿਚ ਸਾਰੇ ਤਰ੍ਹਾਂ ਦੇ ਟੂਲ ਹੋਣੇ ਚਾਹੀਦੇ ਨੇ, ਜਿਸ ਨਾਲ ਗੱਡੀ ਪੈਂਚਰ ਜਾਂ ਖ਼ਰਾਬ ਹੋਣ ’ਤੇ ਤੁਸੀਂ ਉਸ ਨੂੰ ਖ਼ੁਦ ਹੀ ਠੀਕ ਕਰ ਸਕੋ।


ਦਰਅਸਲ ਪਹਿਲਾਂ ਉਤਰ, ਮੱਧ ਅਤੇ ਦੱਖਣ ਅਮੈਰਿਕਾ ਦੇ ਸੂਬਿਆਂ ਨੂੰ ਜੋੜਨ ਵਾਲਾ ਕੋਈ ਹਾਈਵੇਅ ਮੌਜੂਦ ਨਹੀਂ ਸੀ। ਜਿਸ ਕਰਕੇ ਇਸ ਹਾਈਵੇਅ ਨੂੰ ਬਣਾਏ ਜਾਣ ਦੀ ਕਾਫੀ ਮੰਗ ਉਠਣ ਲੱਗੀ ਸੀ। ਇਸ ਤੋਂ ਬਾਅਦ ਇਸ ਨੂੰ ਸੰਯੁਕਤ ਰਾਜ ਅਮਰੀਕਾ ਨੇ ਬਣਾਉਣਾ ਸ਼ੁਰੂ ਕੀਤਾ। ਇਸ ਹਾਈਵੇਅ ਨੂੰ ਬਣਾਉਣ ਲਈ ਵੱਡੇ ਪੱਧਰ ’ਤੇ ਇੰਜੀਨਿਅਰ ਲਗਾਏ ਗਏ।


ਕਈ ਪੜਾਆਂ ਵਿਚ ਇਸ ਹਾਈਵੇਅ ਨੂੰ ਪੂਰਾ ਕੀਤਾ ਗਿਆ। ਪਹਿਲੇ ਪੜਾਅ ਵਿਚ ਇਸ ਨੂੰ ਲਾਰੇਡੋ, ਟੈਕਸਾਸ ਤੋਂ ਮੈਕਸੀਕੋ ਸਿਟੀ ਤੱਕ ਬਣਾਇਆ ਗਿਆ ਜਦਕਿ ਦੂਜੇ ਪੜਾਅ ਵਿਚ ਪਨਾਮਾ ਸਿਟੀ ਤੱਕ ਇਸ ਨੂੰ ਜੋੜਿਆ ਗਿਆ। ਪਹਿਲਾਂ ਜ਼ਿਆਦਾਤਰ ਮੱਧ ਅਮਰੀਕੀ ਦੇਸ਼ਾਂ ਦੇ ਵਿਚਕਾਰ ਸੜਕਾਂ ਨਹੀਂ ਸਨ ਅਤੇ ਵਪਾਰ ਕਾਫ਼ੀ ਘੱਟ ਹੁੰਦਾ ਸੀ। ਕੋਸਟਾ ਰਿਕਾ ਅਤੇ ਪਨਾਮਾ ਦੇ ਵਿਚਕਾਰ ਕੋਈ ਸੜਕ ਨਹੀਂ ਸੀ। ਇਸ ਤੋਂ ਬਾਅਦ ਇਸ ਹਾਈਵੇਅ ਨੂੰ ਬਣਾਇਆ ਗਿਆ। ਹਾਲਾਂਕਿ ਇਸ ਦਾ ਤੀਜਾ ਪੜਾਅ ਅਜੇ ਪੂਰਾ ਨਹੀਂ ਹੋਇਆ।


ਅਮਰੀਕਾ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਹਾਈਵੇਅ ਦੀ ਯੋਜਨਾ ਗੁਆਂਢੀ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ਲਈ ਬਣਾਈ ਗਈ ਸੀ। ਸਾਲ 1889 ਵਿਚ ਸੰਯੁਕਤ ਰਾਜ ਅਮਰੀਕਾ ਨੇ ਪਹਿਲਾਂ ਪੈਨ ਅਮੈਰਿਕਨ ਸੰਮੇਲਨ ਵਿਚ ਇਸ ਨੂੰ ਰੇਲ ਮਾਰਗ ਦੇ ਰੂਪ ਵਿਚ ਪ੍ਰਸਤਾਵਿਤ ਕੀਤਾ ਸੀ। ਹਾਲਾਂਕਿ ਉਸ ਸਮੇਂ ਇਸ ’ਤੇ ਕੁੱਝ ਤੈਅ ਨਹੀਂ ਹੋ ਸਕਿਆ।


ਇਸ ਮਗਰੋਂ ਸਾਲ 1923 ਵਿਚ ਚਿਲੀ ਵਿਚ ਹੋਏ ਅਮਰੀਕਾ ਰਾਜਾਂ ਦੇ 5ਵੇਂ ਕੌਮਾਂਤਰੀ ਸੰਮੇਲਨ ਵਿਚ ਇਹ ਵਿਚਾਰ ਦੁਬਾਰਾ ਸਾਹਮਣੇ ਆਇਆ, ਉਸ ਸਮੇਂ ਇਸ ਨੂੰ ਸਿਰਫ਼ ਇਕ ਹੀ ਮਾਰਗ ਦੇ ਰੂਪ ਵਿਚ ਯੋਜਨਾਬੱਧ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਰ ਸਾਲ 1928 ਵਿਚ ਕਿਊਬਾ ਵਿਚ ਹੋਏ ਛੇਵੇਂ ਸੰਮੇਲਨ ਤੱਕ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਸਾਲ 1950 ਵਿਚ ਇਸ ਰਾਜ ਮਾਰਗ ਦਾ ਪਹਿਲਾ ਪੜਾਅ ਮੈਕਸੀਕੋ ਵਿਚ ਪੂਰਾ ਹੋਇਆ।


ਮੈਕਸੀਕੋ ਇਸ ਪ੍ਰਸਤਾਵ ਨੂੰ ਅਮਲ ਵਿਚ ਲਿਆਉਣ ਵਾਲਾ ਪਹਿਲਾ ਦੇਸ਼ ਬਣਿਆ ਸੀ। ਮੌਜੂਦਾ ਸਮੇਂ ਇਸ ਹਾਈਵੇਅ ’ਤੇ ਯਾਤਰਾ ਕਰਨਾ ਬੇਹੱਦ ਰੋਮਾਂਚਕ ਹੁੰਦਾ ਏ ਪਰ ਜੰਗਲਾਂ, ਪਹਾੜਾਂ, ਰੇਗਿਸਤਾਨਾਂ ਅਤੇ ਗਲੇਸ਼ੀਅਰਾਂ ਵਿਚੋਂ ਲੰਘਣ ਵਾਲੇ ਇਸ ਹਾਈਵੇਅ ’ਤੇ ਗੱਡੀ ਚਲਾਉਣ ਵਾਲੇ ਡਰਾਇਵਰ ਕਾਫ਼ੀ ਮਾਹਿਰ ਹੋਣੇ ਚਾਹੀਦੇ ਨੇ।


ਸੋ ਕੀ ਤੁਹਾਨੂੰ ਕਦੇ ਇਸ ਹਾਈਵੇਅ ’ਤੇ ਸਫ਼ਰ ਕਰਨਾ ਦਾ ਮੌਕਾ ਮਿਲਿਆ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ।

Related post

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ…

ਨਿਰਮਲ ਨਿਊਯਾਰਕ ,18 ਮਈ (ਰਾਜ ਗੋਗਨਾ )- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ…
ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਨੂੰ 30 ਸਾਲ ਦੀ ਸਜ਼ਾ

ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ…

ਵਾਸ਼ਿੰਗਟਨ, 18 ਮਈ, ਨਿਰਮਲ : ਅਮਰੀਕਾ ਵਿਚ ਹੇਠਲੇ ਸਦਨ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ…
ਭਾਰਤੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਅਮਰੀਕਾ ਵਿਚ ਵਾਧਾ ਹੋਣ ਕਾਰਨ ਰਾਜਨੀਤਿਕ ਭਾਗੀਦਾਰੀ ਵਿੱਚ ਤੇਜ਼ੀ ਨਾਲ ਵਾਧਾ ਨਹੀਂ ਹੋਇਆ : ਕਮਲਾ ਹੈਰਿਸ

ਭਾਰਤੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਅਮਰੀਕਾ ਵਿਚ ਵਾਧਾ…

ਨਿਰਮਲ ਵਾਸ਼ਿੰਗਟਨ, 17 ਮਈ (ਰਾਜ ਗੋਗਨਾ)-ਕਮਲਾ ਹੈਰਿਸ ਜੋ ਅਮਰੀਕਾ ਵਿੱਚ ਭਾਰਤੀ ਮੂਲ ਦੀ ਇੱਕ ਸਿਆਸਤਦਾਨ ਵਜੋਂ ਤਰੱਕੀ ਕੀਤੀ ਹੈ ਅਤੇ ਦੇਸ਼…