ਤੰਬਾਕੂਨੋਸ਼ੀ- ਮੌਤ ਨੂੰ ਸੱਦਾ

ਸਾਡੇ ਦੇਸ਼ ਚ ਤੰਬਾਕੂਨੋਸ਼ੀ ਸਦੀਆਂ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹਾਲਾਂਕਿ ਪੁਰਾਣੇ ਸਮਿਆਂ ਚ ਤਾਂ ਅਨਪੜ੍ਹਤਾ ਤੇ ਜਾਗਰੂਕਤਾ ਦੀ ਘਾਟ ਕਾਰਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਲੋਕਾਂ ਚ ਗਿਆਨ ਦੀ ਘਾਟ ਸੀ ਪਰ ਅੱਜ ਜਦੋਂ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਏ ਕਿ ਤੰਬਾਕੂਨੋਸ਼ੀ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਜਨਕ ਏ, ਫੇਰ ਵੀ ਲੋਕ ਧੜੱਲੇ ਨਾਲ ਇਸ ਜ਼ਹਿਰ ਦਾ ਪ੍ਰਯੋਗ ਕਰਦੇ, ਮੌਤ ਨੂੰ ਗੱਲ੍ਹ ਲਾ ਰਹੇ ਨੇਂ।
ਸਾਡੇ ਦੇਸ਼ ਚ ਹਰ ਰੋਜ ਤਕਰੀਬਨ 2800 ਲੋਕਾਂ ਦੀ ਮੌਤ, ਤੰਬਾਕੂ ਉਤਪਾਦਾਂ ਦੀ ਵਰਤੋਂ ਕਾਰਨ ਹੁੰਦੀ ਏ, ਜਰਾ ਸੋਚੋ ਦੁਨੀਆ ਚ ਹਰੇਕ ਘੰਟੇ 600 ਲੋਕ ਇਸ ਮਿੱਠੇ ਜ਼ਹਿਰ ਕਾਰਨ ਮਰ ਰਹੇ ਹਨ। ਤੰਬਾਕੂਨੋਸ਼ੀ, ਖਾਸਕਰ ਬੀੜੀ ਜਾਂ ਸਿਗਰਟ ਰਾਹੀਂ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਪੈਦਾ ਕਰਦੀ ਏ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਖਤਰਨਾਕ ਹੈ। ਨਿਕੋਟੀਨ ਬਹੁਤ ਈ ਜਾਨਲੇਵਾ ਜ਼ਹਿਰ ਏ, ਤੰਬਾਕੂ ਵਿਚ ਪਾਇਆ ਜਾਣ ਵਾਲਾ ਇਹ ਨਿਕੋਟੀਨ ਈ ਵਿਅਕਤੀ ਨੂੰ ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦਾ ਹੈ, ਜੋ ਵੱਖ-ਵੱਖ ਜਾਨਲੇਵਾ ਬੀਮਾਰੀਆਂ ਦਾ ਜਨਮਦਾਤਾ ਹੈ।
ਨਿਕੋਟੀਨ, ਨਾੜੀ ਤੰਤਰ ਤੇ ਖਾਸਕਰ ਫੇਫੜਿਆਂ ਨੂੰ ਖਤਮ ਕਰ ਦਿੰਦਾ ਹੈ। ਨਿਕੋਟੀਨ ਕਾਰਨ ਈ ਵਿਅਕਤੀ ਦਾ ਬਲੱਡ ਪ੍ਰੈਸ਼ਰ ਵੱਧਣ ਲੱਗ ਜਾਂਦਾ ਏ, ਇਸ ਤੋਂ ਇਲਾਵਾ ਗਲੇ ਤੇ ਮੂੰਹ ਦਾ ਕੈਂਸਰ, ਪੇਟ ਦੇ ਖਤਰਨਾਕ ਰੋਗ, ਫੇਫੜੇ ਦਾ ਕੈਂਸਰ, ਦਮਾ, ਅੱਖਾਂ ਦੇ ਰੋਗ, ਨਾਮਰਦੀ ਤੇ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਦੀ ਜੜ੍ਹ ਤੰਬਾਕੂਨੋਸ਼ੀ ਹੀ ਹੈ।
ਬੜੀ ਹੀ ਨਮੋਸ਼ੀ ਦੀ ਗੱਲ ਹੈ ਕਿ ਪੂਰੀ ਦੁਨੀਆ ਚ ਬਿਨਾ ਧੂਂਏ ਵਾਲੇ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੀ ਬੀਮਾਰੀਆਂ ਚ ਸਾਡੀ ਦੁਨੀਆ ਚ ਲਗਭਗ 70% ਹਿੱਸੇਦਾਰੀ ਹੈ। ਪਾਨ ਮਸਾਲਾ, ਜ਼ਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ ਕੱਲ੍ਹ ਤੰਬਾਕੂ ਦੀ ਇਕ ਨਵੀਂ ਕਿਸਮ ਫਲੈਵਰਡ ਪੈਕਡ ਦੇ ਰੂਪ ਚ ਬਹੁਤ ਤੇਜੀ ਨਾਲ ਪ੍ਰਚਲਿਤ ਹੋਈ ਏ ਜੋ ਕੂਲ-ਲਿਪ ਜਾਂ ਸਿਰਹਾਣੇ ਦੇ ਨਾਮ ਤੋਂ ਮਸ਼ਹੂਰ ਹੈ, ਇਹ ਤੰਬਾਕੂ ਤਾਂ ਹੋਰ ਵੀ ਜਿਆਦਾ ਖਤਰਨਾਕ ਹੈ। ਖਾਸਕਰ ਪੰਜਾਬ ਚ ਨੋਜਵਾਨ ਵਰਗ ਇਸ ਨਵੇਂ ਪ੍ਰਚਲਿਤ ਤੰਬਾਕੂ ਦੀ ਲਪੇਟ ਚ ਪੂਰੀ ਤਰਾਂ ਆ ਚੁੱਕਾ ਏ।
ਅਸੀਂ ਪਿੰਡ ਚ ਵਾਲੀਬਾਲ ਖੇਡਦੇ ਆਂ, ਜਦੋਂ ਵੀ ਵਾਲੀਬਾਲ ਦੂਰ ਤੂੜੀ ਆਲੇ ਕੁੱਪ ਦੇ ਔਹਲੇ ਜਾਂਦਾ ਤਾਂ ਮੇਰੇ ਦੋ ਨੌਜਵਾਨ ਸਾਥੀਆਂ ਚ ਬਾਲ ਲੈ ਕੇ ਆਉਣ ਲਈ ਹੋੜ ਲੱਗ ਜਾਂਦੀ, ਇਕ ਦਿਨ ਸ਼ੱਕੀ ਜਾਪਣ ਤੇ ਜਦੋਂ ਮੈਂ ਪਿੱਛੇ ਗਿਆ ਤਾਂ ਜਨਾਬ ਹੁਰੀਂ ਜਲਦੀ ਨਾਲ ਬੁੱਲਾਂ ਥੱਲੇ ਸਿਰਹਾਣਿਆਂ (ਕੂਲ-ਲਿਪ) ਦੀ ਅਦਲਾ-ਬਦਲੀ ਰਾਹੀਂ ਆਪਣੇ ਚੱਕਰ ਵਧਾਉਣ ਚ ਵਿਅਸਤ ਸਨ, ਉਹਨਾਂ ਤਾਂ ਸ਼ਰਮਿੰਦਾ ਹੋ ਕੇ ਦੁਬਾਰਾ ਵਰਤੋਂ ਤੋਂ ਤੌਬਾ ਕਰ ਲਈ ਏ ਪਰ ਸਾਡੇ ਕੁਝ-ਕੁ, ਪੰਜਾਬੀ ਗਾਇਕਾਂ, ਗੀਤਕਾਰਾਂ ਤੇ ਸਰੋਤਿਆਂ ਦਾ ਬੌਧਿਕ ਪੱਧਰ ਵੇਖੋ, ਅਸੀਂ ਇਹਨਾਂ ਸਿਰਹਾਣਿਆਂ (ਕੂਲ-ਲਿਪਾਂ) ਤੇ ਪੰਜਾਬੀ ਗਾਣੇ ਤੱਕ ਕੱਢ ਮਾਰੇ ਨੇਂ। ਪਿੱਛੇ ਜਿਹੇ ਯਾਰਕ ਯੂਨੀਵਰਸਿਟੀ ਵੱਲੋਂ ਕੀਤੇ ਸਰਵੇਖਣ ਰਾਹੀਂ ਬਹੁਤ ਹੀ ਚਿੰਤਾਜਨਕ ਆਂਕੜੇ ਸਾਹਮਣੇ ਆਏ ਹਨ ਕਿ ਪਿੱਛਲੇ ਸੱਤ ਸਾਲਾਂ ਦੌਰਾਨ, ਦੁਨੀਆ ਚ ਬਿਨਾਂ ਧੂਂਏ ਵਾਲੇ ਤੰਬਾਕੂ ਉਤਪਾਦਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਚ ਤਿੰਨ ਗੁਣਾ ਵਾਧਾ ਹੋਇਆ ਹੈ।
ਤੰਬਾਕੂਨੋਸ਼ੀ, ਨਾਮੁਰਾਦ ਅਤੇ ਲਾਇਲਾਜ ਬੀਮਾਰੀਆਂ ਦਾ ਵੱਡਾ ਕਾਰਣ ਹੈ, ਕੈਂਸਰ ਦੇ ਹਰੇਕ 100 ਮਰੀਜਾਂ ਚੋਂ ਲਗਭਗ 30 ਲੋਕ ਤੰਬਾਕੂ ਦੇ ਕਾਰਨ ਇਸ ਬੀਮਾਰੀ ਦੀ ਚਪੇਟ ਚ ਆਉਂਦੇ ਹਨ, ਹਾਲਾਂਕਿ ਇਸ ਵਿੱਚ ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰਟ ਰਾਹੀਂ ਪੈਸਿਵ ਸਮੋਕਿੰਗ ਦੇ ਸ਼ਿਕਾਰਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਔਰਤਾਂ ਲਈ ਤਾਂ ਇਹ ਹੋਰ ਵੀ ਖਤਰਨਾਕ ਏ, ਉਪਰੋਕਤ ਬੀਮਾਰੀਆਂ ਤੋਂ ਇਲਾਵਾ ਇਸ ਨਾਲ ਸਾਡੀਆਂ ਭੈਣਾਂ ਚ, ਬੱਚਾ ਨਾ ਹੋਣਾ, ਬੱਚੇਦਾਨੀ ਦਾ ਕੈਂਸਰ, ਵਾਰ-ਵਾਰ ਗਰਭਪਾਤ ਹੋਣਾ ਤੇ ਮਰੇ ਬੱਚੇ ਦਾ ਜਨਮ ਆਦਿ ਵਰਗੇ ਰੋਗ ਹੋ ਸਕਦੇ ਹਨ। ਸਾਡੇ ਦੇਸ਼ ਚ ਤੰਬਾਕੂਨੋਸ਼ੀ ਨੂੰ ਰੋਕਣ ਲਈ, ਸਰਕਾਰ ਵਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ, ਜਿਸ ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ ਤੇ ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਤੰਬਾਕੂ ਸੰਬੰਧਤ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਆਦਿ ਨੂੰ ਕਾਨੂਨੀ ਅਪਰਾਧ ਘੋਸ਼ਿਤ ਕੀਤਾ ਗਿਆ ਏ। ਪਰ ਇਹ ਸਾਡੇ ਦੇਸ਼ ਦੀ ਤ੍ਰਾਸਦੀ ਏ ਕਿ ਜਿੱਥੇ ਤੰਬਾਕੂ ਕੰਪਨੀਆਂ ਤੇ ਕਈ ਵਪਾਰੀ-ਦੁਕਾਨਦਾਰ ਆਪਣੇ ਸੌੜੇ ਵਪਾਰਕ ਹਿੱਤਾਂ ਕਾਰਨ, ਸ਼ਰੇਆਮ ਇੰਨਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਉੱਥੇ ਹੀ ਸਰਕਾਰਾਂ ਵੀ ਟੈਕਸ ਰਾਹੀਂ ਹੋ ਰਹੀ ਆਮਦਨ ਦੇ ਲੋਭ ਚ ਤੰਬਾਕੂ ਵਰਗੇ ਜ਼ਹਿਰ ਤੇ ਰੋਕ ਨਹੀਂ ਲਗਾਉਂਦੀਆਂ, ਜਦਕਿ ਸਰਕਾਰ ਵੱਲੋਂ ਤੰਬਾਕੂ ਰਾਹੀਂ ਫੈਲ ਰਹੀਆਂ ਬੀਮਾਰੀਆਂ ਤੇ ਕੀਤਾ ਜਾਣ ਵਾਲ ਖਰਚ, ਇਸ ਟੈਕਸ ਤੋਂ ਕਿਤੇ ਵੱਧ ਹੈ ਪਰ ਫੇਰ ਵੀ ਦੇਸ਼ਵਾਸੀਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਜਾਰੀ ਏ।
ਤੰਬਾਕੂਨੋਸ਼ੀ ਕਰਨਾ ਅਸਲ ਚ ਆਪਣੀ ਮੌਤ ਨੂੰ ਆਪ ਸੱਦਾ ਦੇਣਾ ਹੈ, ਪ੍ਰੰਤੂ ਇਹ ਇੰਨੀ ਬੁਰੀ ਲਤ ਏ ਕਿ ਇਸ ਦੇ ਆਦੀ ਲੋਕ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਤੰਬਾਕੂਨੋਸ਼ੀ ਕਰਦੇ ਹਨ। ਪਿੰਡਾਂ ਚ ਖਾਸਕਰ ਬਾਗੜੀ (ਰਾਜਸਥਾਨੀ-ਹਰਿਆਣਵੀ) ਪਿੰਡਾਂ ਚ, ਜਿੱਥੇ ਸੱਥਾਂ ਚ ਸਾਂਝੇ ਤੌਰ ਤੇ ਹੁੱਕਾ ਪੀ ਕੇ ਤੰਬਾਕੂਨੋਸ਼ੀ ਕੀਤੀ ਜਾਂਦੀ ਏ, ਇਹ ਸਾਂਝੀ ਹੁੱਕੇਬਾਜੀ ਲਾਗ ਦੀ ਬੀਮਾਰੀਆਂ ਨੂੰ ਫੈਲਾਉਣ ਦਾ ਵੱਡਾ ਕਾਰਣ ਬਣਦੀ ਏ, ਖਾਸਕਰ ਟੀ.ਬੀ ਵਰਗੀ ਬੀਮਾਰੀ ਫੈਲਾਉਣ ਦਾ। ਬੜੀ ਹੀ ਸ਼ਰਮਨਾਕ ਗੱਲ ਹੈ ਕਿ ਇਸ ਖੇਤਰ ਚ ਘਰਾਂ ਚ ਮਰਗ ਤੋਂ ਬਾਅਦ 12 ਦਿਨ ਸੋਗ ਵਜੋਂ ਬੈਠਣ ਸਮੇਂ, ਬੀੜੀਆਂ ਨਾਲ ਭਰੀ ਪਲੇਟ ਰਾਹੀਂ ਸਾਰੇ ਆਏ-ਗਏ ਨੂੰ ਵੀ ਆਹ ਜ਼ਹਿਰ ਪਰੋਸ ਕੇ ਦਿੱਤਾ ਜਾਂਦਾ ਏ। ਬੀੜੀ, ਸਿਗਰਟ ਤੇ ਹੁੱਕੇਬਾਜੀ ਦੇ ਸ਼ਿਕਾਰ ਲੋਕਾਂ ਨੂੰ ਸਥਾਈ ਰੂਪ ਚ ਖੰਘ ਦੀ ਸ਼ਿਕਾਇਤ ਹੋ ਜਾਂਦੀ ਏ, ਜਿਸ ਤੇ ਕੋਈ ਵੀ ਦਵਾਈ ਅਸਰ ਨਹੀਂ ਕਰਦੀ। ਯਾਦ ਰੱਖੋ ਹੁੱਕੇ ਰਾਹੀਂ ਤੰਬਾਕੂ ਪੀਣਾ, ਕੋਈ ਚੌਧਰ ਦਾ ਪ੍ਰਤੀਕ ਨਹੀਂ ਏ ਸਗੋਂ ਇਹ ਤਾਂ ਤੁਹਾਡੇ ਮਾਨਸਿਕ ਖੋਖਲੇਪਨ ਦਾ ਖੁੱਲਾ ਪ੍ਰਗਟਾਵਾ ਹੈ। ਬੀੜੀ ਦੇ ਸ਼ੌਕੀਨ ਤਾਂ ਖਾਸਤੌਰ ਤੇ ਜਾਣ ਲੈਣ ਕਿ ਬੀੜੀਆਂ ਦਾ ਨਿਰਮਾਣ ਆਮਤੌਰ ਤੇ ਗੰਦੀਆਂ ਬਸਤੀਆਂ ਚ, ਬਿਨਾਂ ਸਾਫ-ਸਫਾਈ ਦੇ ਨਿਯਮਾਂ ਤੋਂ ਈ ਕੀਤਾ ਜਾਂਦਾ ਏ, ਇਸ ਤੋਂ ਵੀ ਵੱਧ ਕੇ ਗੱਲ ਆਹ ਹੈ ਕਿ ਜੋ ਧਾਗਾ ਬੀੜੀ ਨੂੰ ਕੰਢੇ ਤੋਂ ਬੰਨਣ ਲਈ ਵਰਤਿਆ ਜਾਂਦਾ ਏ, ਉਸਨੂੰ ਚਿਪਕਾਉਣ ਲਈ ਕਿਸੇ ਗੂੰਦ ਦੀ ਥਾਂ ਤੇ ਉਨਾਂ ਬਸਤੀਆਂ ਚ ਰਹਿੰਦੀਆਂ ਬੀੜੀ ਬਣਾਉਣ ਵਾਲੀਆਂ ਭੈਣਾਂ ਕਈ ਵਾਰ ਆਪਣੇ ਥੁੱਕ ਦੀ ਵਰਤੋਂ ਵੀ ਆਮ ਈ ਕਰ ਲੈਂਦੀਆਂ ਨੇਂ, ਜੋ ਲਾਗ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਏ।ਸ਼ੁਰੂਆਤ ਚ ਤਾਂ ਤੰਬਾਕੂ ਦੀ ਵਰਤੋਂ ਸ਼ੌਂਕ ਵਜੋਂ ਈ ਕੀਤੀ ਜਾਂਦੀ ਏ ਪਰ ਇਹ ਸ਼ੋਕ ਕਦੋਂ ਆਦਤ ਬਣ ਜਾਂਦਾ ਏ ਪਤਾ ਈ ਨ੍ਹੀਂ ਲੱਗਦਾ। ਤੰਬਾਕੂਨੋਸ਼ੀ ਸਾਡੀ ਬੀਮਾਰੀਆਂ ਤੋ ਲੜਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈ, ਕਰੋਨਾ ਵਰਗੀਆਂ ਮਹਾਂਮਾਰੀਆਂ ਦਾ ਖਤਰਾ ਵਧਾਉਣ ਚ ਤੰਬਾਕੂਨੋਸ਼ੀ ਦਾ ਵੱਡਾ ਯੋਗਦਾਨ ਹੈ।
ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਮਿੱਠੇ ਜ਼ਹਿਰ ਨੂੰ ਤੁਰੰਤ ਛੱਡ ਦੇਣ ਚ ਈ ਭਲਾਈ ਏ। ਹਰ ਸਾਲ ਦੁਨੀਆ ਚ 80 ਲੱਖ ਲੋਕ ਇਸ ਜ਼ਹਿਰ ਕਾਰਨ ਆਪਣੀ ਜਾਨ ਗਵਾ ਰਹੇ ਹਨ। ਮੈਂ ਆਪ ਵੀ ਤਾਂ ਕੋਈ ਸੰਤ ਨਹੀਂ ਆਂ, ਕਿਸੇ ਸਮੇਂ ਮੈਂ ਵੀ ਤਾਂ ਤੰਬਾਕੂਨੋਸ਼ੀ ਦਾ ਸ਼ਿਕਾਰ ਸੀ, ਹਾਲਾਂਕਿ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ‘ਜਵਾਨੀ ਵੇਲੇ ਲੁੱਟੇ ਬਾਣੀਏ, ਬੁੱਢੀ ਹੋ ਕੇ ਭਗਤਣੀ ਹੋਈ’ ਪਰ ਤੰਬਾਕੂਨੋਸ਼ੀ ਛੱਡ ਦੇਣਾ, ਆਪਣੇ-ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਏ। ਸੋ ਆਓ ਆਪਾਂ ਸਾਰੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ, ਅੱਜ ਤੋਂ ਹੀ ਪ੍ਰਣ ਲਈਏ ਕਿ ਅਸੀਂ ਕਿਸੇ ਵੀ ਤਰਾਂ ਦੇ ਤੰਬਾਕੂ ਉਤਪਾਦਾਂ ਦੀ ਨਾਂ ਤਾਂ ਵਰਤੋਂ ਕਰਾਂਗੇ ਤੇ ਨਾਂ ਹੀ ਇੰਨਾਂ ਦਾ ਵਪਾਰ ਕਰਾਂਗੇ। ਮੈਂ ਆਸ ਕਰਦਾ ਹਾਂ ਕਿ ਸਾਡੀਆਂ ਸਰਕਾਰਾਂ ਪੂਰੇ ਦੇਸ਼ ਚ ਹੀ, ਇਸ ਜ਼ਹਿਰ ਦੇ ਨਿਰਮਾਣ ਤੇ ਰੋਕ ਲਗਾਉਣ ਦਾ ਪਵਿੱਤਰ ਕਾਰਜ ਜਲਦੀ ਹੀ ਨੇਪਰੇ ਚਾੜ੍ਹਨਗੀਆਂ ਤਾਂ ਜੋ ਪੂਰੇ ਦੇਸ਼ ਚ ਤੰਬਾਕੂਨੋਸ਼ੀ ਰਾਹੀਂ ਫੈਲ ਰਹੀਆਂ ਬੀਮਾਰੀਆਂ ਦੀ ਹਨੇਰੀ ਨੂੰ ਮੱਧਮ ਕੀਤਾ ਜਾ ਸਕੇ।
ਅਸ਼ੋਕ ਸੋਨੀ,ਕਾਲਮਨਵੀਸ
ਖੂਈ ਖੇੜਾ, ਫਾਜ਼ਿਲਕਾ
9872705078

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…