ਉਨਟਾਰੀਓ ਦੇ ਬਜਟ ’ਚ ਹੈਲਥ ਕੇਅਰ ਅਤੇ ਇਨਫਾਰਸਟ੍ਰਕਚਰ ਲਈ ਅਰਬਾਂ ਡਾਲਰ

ਉਨਟਾਰੀਓ ਦੇ ਬਜਟ ’ਚ ਹੈਲਥ ਕੇਅਰ ਅਤੇ ਇਨਫਾਰਸਟ੍ਰਕਚਰ ਲਈ ਅਰਬਾਂ ਡਾਲਰ


ਟੋਰਾਂਟੋ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਪੇਸ਼ ਕਰਦਿਆਂ ਡਗ ਫੋਰਡ ਸਰਕਾਰ ਵੱਲੋਂ ਹੈਲਥ ਕੇਅਰ ਅਤੇ ਇਨਫਰਾਸਟ੍ਰਚਰ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਐਮਰਜੰਸੀ ਰੂਮਜ਼ ਵਿਚ ਮਰੀਜ਼ਾਂ ਦਾ ਉਡੀਕ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਬਜਟ ਵਿਚ ਨਜ਼ਰ ਨਹੀਂ ਆਉਂਦਾ।

ਕਾਰ ਬੀਮਾ ਦਰਾਂ ਘਟਾਉਣ ਲਈ ਨਵੇਂ ਸੁਧਾਰਾਂ ਦਾ ਐਲਾਨ

ਦੂਜੇ ਪਾਸੇ ਕਾਰ ਬੀਮਾ ਦਰਾਂ ਘਟਾਉਣ ਦਾ ਉਪਰਾਲਾ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਸਾਧਾਰਣ ਲੋਕਾਂ ਵਾਸਤੇ ਗੁੰਝਲਦਾਰ ਦੱਸਿਆ ਜਾ ਰਿਹਾ ਹੈ। 214.5 ਅਰਬ ਡਾਲਰ ਦੇ ਕੁਲ ਖਰਚੇ ਵਾਲੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਸ਼ਾਮਲ ਨਹੀਂ ਪਰ ਕੋਈ ਨਵੀਂ ਰਿਆਇਤ ਵੀ ਨਹੀਂ ਦਿਤੀ ਗਈ। ‘ਬਿਲਡਿੰਗ ਏ ਬੈਟਰ ਉਨਟਾਰੀਓ’ ਸਿਰਲੇਖ ਵਾਲਾ 2024-25 ਦਾ ਬਜਟ ਉਨ੍ਹਾਂ ਵਾਅਦਿਆਂ ’ਤੇ ਆਧਾਰਤ ਹੈ ਜੋ ਪਿਛਲੇ ਸਾਲ ਡਗ ਫੋਰਡ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ। ਬਜਟ ਵਿਚ ਆਰਥਿਕ ਗੈਰਯਕੀਨੀ ਵਾਲੇ ਮਾਹੌਲ ਦਾ ਵੀ ਜ਼ਿਕਰ ਮਿਲਦਾ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਬਜਟ ਘਾਟਾ 3 ਅਰਬ ਡਾਲਰ ਰਹਿਣ ਦਾ ਅਨੁਮਾਨ ਹੈ ਜੋ 2023 ਦੇ ਬਜਟ ਵਿਚ 1.3 ਅਰਬ ਡਾਲਰ ਮੰਨਿਆ ਗਿਆ ਸੀ।

2024-25 ਦੌਰਾਨ 214.5 ਅਰਬ ਡਾਲਰ ਖਰਚ ਕਰੇਗੀ ਡਗ ਫੋਰਡ ਸਰਕਾਰ

ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਜਟ ਘਾਟਾ ਖਤਮ ਕਰ ਦਿਤਾ ਜਾਵੇਗਾ ਅਤੇ 2026-27 ਦੇ ਵਿੱਤੀ ਵਰ੍ਹੇ ਵਾਸਤੇ ਸੂਬਾ ਸਰਕਾਰ 5 ਲੱਖ ਡਾਲਰ ਦੇ ਵਾਧੇ ਵਾਲਾ ਬਜਟ ਪੇਸ਼ ਕਰ ਸਕਦੀ ਹੈ। ਚੇਤੇ ਰਹੇ ਕਿ ਪਿਛਲੇ ਸਾਲ ਡਗ ਫੋਰਡ ਸਰਕਾਰ ਨੇ ਦਾਅਵਾ ਕੀਤਾ ਸੀ ਕਿ 2025 ਤੱਕ ਬਜਟ ਘਾਟਾ ਖਤਮ ਕਰ ਦਿਤਾ ਜਾਵੇਗਾ। ਵਿਸਤਾਰਤ ਬਜਟ ਤਜਵੀਜ਼ਾਂ ਮੁਤਾਬਕ ਹੈਲਥ ਕੇਅਰ ਵਾਸਤੇ 85 ਅਰਬ ਡਾਲਰ ਰੱਖੇ ਗਏ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ 4 ਅਰਬ ਡਾਲਰ ਵੱਧ ਬਣਦੇ ਹਨ। ਇਸ ਰਕਮ ਵਿਚੋਂ 546 ਮਿਲੀਅਨ ਡਾਲਰ ਆਉਂਦੇ ਤਿੰਨ ਸਾਲ ਦੌਰਾਨ ਮੁਢਲੀਆਂ ਸਿਹਤ ਸੇਵਾਵਾਂ ’ਤੇ ਖਰਚ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਮ ਐਂਡ ਕਮਿਊਨਿਟੀ ਹੈਲਥਕੇਅਰ 2 ਅਰਬ ਡਾਲਰ ਖਰਚ ਕਰਨ ਦੀ ਤਜਵੀਜ਼ ਹੈ। ਯੌਰਕ ਯੂਨੀਵਰਸਿਟੀ ਨਾਲ ਭਾਈਵਾਲੀ ਤਹਿਤ ਵੌਅਨ ਵਿਖੇ ਨਵਾਂ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਜਿਸ ਰਾਹੀਂ ਨਵੇਂ ਫੈਮਿਲੀ ਡਾਕਟਰ ਲਿਆਂਦੇ ਜਾ ਸਕਣਗੇ।

2026-27 ਤੱਕ ਬਜਟ ਘਾਟਾ ਖਤਮ ਕਰਨ ਦਾ ਟੀਚਾ

ਇਸ ਪ੍ਰਾਜੈਕਟ ’ਤੇ ਹੋਣ ਵਾਲੇ ਖਰਚੇ ਦਾ ਸਪੱਸ਼ਟ ਵੇਰਵਾ ਨਹੀਂ ਮਿਲ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ 9 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ। ਦੂਜੇ ਪਾਸੇ ਘਰਾਂ ਦੀ ਉਸਾਰੀ ਤੇਜ਼ ਕਰਨ ਦੇ ਮਕਸਦ ਤਹਿਤ ਨਵੇਂ ਮਿਊਂਸਪਲ ਹਾਊਸਿੰਗ ਇਨਫਰਾਸਟ੍ਰਕਚਰ ਪ੍ਰੋਗਰਾਮ ਅਧੀਨ ਇਕ ਅਰਬ ਡਾਲਰ ਦੇ ਫੰਡ ਵੱਖ ਵੱਖ ਸ਼ਹਿਰਾਂ ਨੂੰ ਅਲਾਟ ਕੀਤੇ ਜਾਣਗੇ। ਸਿੱਖਿਆ ਖੇਤਰ ਦਾ ਜ਼ਿਕਰ ਕੀਤਾ ਜਾਵੇ ਤਾਂ 37.6 ਅਰਬ ਡਾਲਰ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਦਕਿ 40 ਅਰਬ ਡਾਲਰ ਹੋਰ ਯੋਜਨਾਵਾਂ ’ਤੇ ਖਰਚ ਕੀਤੇ ਜਾਣਗੇ। ਸੂਬਾ ਸਰਕਾਰ ਵੱਲੋਂ ਲਏ ਕਰਜ਼ੇ ’ਤੇ ਲੱਗ ਰਹੇ ਵਿਆਜ ਦੇ ਰੂਪ ਵਿਚ 13.9 ਅਰਬ ਡਾਲਰ ਖਰਚ ਹੋਣਗੇ। ਆਟੋ ਇੰਸ਼ੋਰੈਂਸ ਦਾ ਜ਼ਿਕਰ ਕੀਤਾ ਜਾਵੇ ਤਾਂ ਕਈ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਡਰਾਈਵਰ ਆਪਣੀ ਮਰਜ਼ੀ ਮੁਤਾਬਕ ਔਪਸ਼ਨ ਚੁਣ ਸਕਦਾ ਹੈ। ਬਜਟ ਦਸਤਾਵੇਜ਼ ਦਾਅਵਾ ਕਰਦਾ ਹੈ ਕਿ ਇਸ ਤਰੀਕੇ ਨਾਲ ਬੀਮਾ ਪ੍ਰੀਮੀਅਮ ਘਟਾਉਣ ਵਿਚ ਮਦਦ ਮਿਲੇਗੀ। ਹਾਊਸਿੰਗ ਸੈਕਟਰ ਬਾਰੇ ਉਨਟਾਰੀਓ ਸਰਕਾਰ ਨੇ ਦਾਅਵਾ ਕੀਤਾ ਹੈ ਕਿ 1 ਲੱਖ 9 ਹਜ਼ਾਰ ਘਰਾਂ ਦੀ ਉਸਾਰੀ ਕਰਦਿਆਂ 99 ਫੀ ਸਦੀ ਟੀਚਾ ਪੂਰਾ ਕੀਤਾ ਗਿਆ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਰਫਤਾਰ ਨਾਲ 15 ਲੱਖ ਘਰਾਂ ਦੀ ਉਸਾਰੀ ਪੂਰੀ ਕਰਨੀ ਮੁਸ਼ਕਲ ਹੋਵੇਗੀ।

ਵਿਰੋਧੀ ਧਿਰ ਨੇ ਕਿਹਾ, ਬਜਟ ਵਿਚ ਆਮ ਲੋਕਾਂ ਵਾਸਤੇ ਕੋਈ ਰਾਹਤ ਨਹੀਂ

ਬਜਟ ਰਾਹੀਂ ਮਿਊਂਸਪੈਲਿਟੀਜ਼ ਨੂੰ ਹੱਕ ਦਿਤਾ ਗਿਆ ਹੈ ਕਿ ਉਹ ਚਾਹੁਣ ਤਾਂ ਨਵੇਂ ਰੈਂਟਲ ਅਪਾਰਟਮੈਂਟਸ ਦੀ ਉਸਾਰੀ ਵਾਸਤੇ ਪ੍ਰਾਪਰਟੀ ਟੈਕਸ ਵਿਚ 35 ਫੀ ਸਦੀ ਛੋਟ ਦੇ ਸਕਦੀਆਂ ਹਨ। ਉਧਰ ਵਿਰੋਧੀ ਧਿਰ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਮਿਹਨਤਕਸ਼ ਲੋਕਾਂ ਨੂੰ ਰਾਹਤ ਵਾਸਤੇ ਬਜਟ ਵਿਚ ਕੋਈ ਤਜਵੀਜ਼ ਸ਼ਾਮਲ ਨਹੀਂ ਕੀਤੀ ਗਈ। ਪੀ.ਸੀ. ਪਾਰਟੀ ਦੀ ਸਰਕਾਰ ਨੇ ਸਾਬਤ ਕਰ ਦਿਤਾ ਹੈ ਕਿ ਹੈਲਥ ਕੇਅਰ ਤੱਕ ਪਹੁੰਚ, ਸਸਤੇ ਮਕਾਨ ਅਤੇ ਰਹਿਣ ਸਹਿਣ ਦੇ ਖਰਚੇ ਵਰਗੀਆਂ ਗੱਲਾਂ ਦੀ ਉਨ੍ਹਾਂ ਅੱਗੇ ਕੋਈ ਅਹਿਮੀਅਤ ਨਹੀਂ। ਲਿਬਰਲ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਬਜਟ ਵਿਚ ਫੈਮਿਲੀ ਡਾਕਟਰਾਂ ਦੇ ਪ੍ਰਬੰਧਾਂ ਜਾਂ ਬੱਚਿਆਂ ਦੀ ਡੇਅ ਕੇਅਰ ਵਿਚ ਸੰਭਾਲ ਵਾਸਤੇ ਵੱਡੇ ਕਦਮਾਂ ਦੀ ਕਮੀ ਸਾਫ ਨਜ਼ਰ ਆ ਰਹੀ ਹੈ। ਬਜਟ ਦੀ ਅਹਿਮੀਅਤ ਕਾਗਜ਼ ’ਤੇ ਉਕਰੇ ਸ਼ਬਦਾਂ ਤੋਂ ਵੱਧ ਕੁਝ ਵੀ ਨਹੀਂ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…