ਚੰਡੀਗੜ੍ਹ ਦੇ 'ਜਿਪਸੀ ਕਿੰਗ' ਹਰੀ ਸਿੰਘ ਮਾਲਦੀਵ ਦੇ ਸਮੁੰਦਰ 'ਚ ਲਾਪਤਾ, ਤੇਜ਼ ਰਫ਼ਤਾਰ ਕਿਸ਼ਤੀ ਹੋ ਗਈ ਸੀ ਹਾਦਸਾਗ੍ਰਸਤ
ਚੰਡੀਗੜ੍ਹ ਦੇ 59 ਸਾਲਾ ਹਰੀ ਸਿੰਘ ਮਾਲਦੀਵ ਦੇ ਸਮੁੰਦਰ 'ਚ ਇੱਕ ਤੇਜ਼ ਰਫ਼ਤਾਰ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋ ਗਏ ਹਨ। ਬੀਤੀ 19 ਮਾਰਚ ਤੋਂ ਉਨ੍ਹਾਂ ਦੀ ਭਾਲ਼ ਜਾਰੀ ਹੈ ਪਰ

By : Mehtab-Ud-Din
ਛੇ ਦਿਨਾਂ ਤੋਂ ਭਾਲ਼ ਲਗਾਤਾਰ ਜਾਰੀ
ਮਾਲੇ, ਮਾਲਦੀਵ: ਚੰਡੀਗੜ੍ਹ ਦੇ 59 ਸਾਲਾ ਹਰੀ ਸਿੰਘ ਮਾਲਦੀਵ ਦੇ ਸਮੁੰਦਰ 'ਚ ਇੱਕ ਤੇਜ਼ ਰਫ਼ਤਾਰ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹੋ ਗਏ ਹਨ। ਬੀਤੀ 19 ਮਾਰਚ ਤੋਂ ਉਨ੍ਹਾਂ ਦੀ ਭਾਲ਼ ਜਾਰੀ ਹੈ ਪਰ ਉਨ੍ਹਾਂ ਦਾ ਕੋਈ ਭਰੋਸੇਯੋਗ ਸੁਰਾਗ ਨਹੀਂ ਲੱਗ ਸਕਿਆ।
ਭਾਰਤੀ ਮੋਟਰ–ਸਪੋਰਟ ਦੀ ਦੁਨੀਆਂ ਵਿੱਚ ਹਰੀ ਸਿੰਘ ਦਾ ਇੱਕ ਵੱਡਾ ਨਾਮ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਬੇਬਾਕ ਰੈਲੀ ਸਟਾਈਲ ਅਤੇ ਮਾਰੁਤੀ ਜਿਪਸੀ ਨਾਲ ਜੁੜੀਆਂ ਯਾਦਗਾਰੀ ਜਿੱਤਾਂ ਕਾਰਨ ‘ਜਿਪਸੀ ਕਿੰਗ’ ਦਾ ਖ਼ਿਤਾਬ ਮਿਲਿਆ ਸੀ। ਇਸ ਵੇਲੇ ਉਨ੍ਹਾਂ ਦੀ ਗੁੰਮਸ਼ੁਦਗੀ ਨੇ ਪੂਰੀ ਖੇਡ ਜਗਤ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ।
ਇਸ ਰੈਲੀ ਜੋਧੇ ਨਾਲ ਅਣਸੁਖਾਵੀਂ ਘਟਨਾ 19 ਮਾਰਚ ਨੂੰ ਵਾਪਰੀ ਸੀ, ਜਦੋਂ ਉਨ੍ਹਾਂ ਦੀ ਸਪੀਡਬੋਟ ਅਚਾਨਕ ਪਲਟ ਗਈ। ਇਸ ਤੇਜ਼ ਰਫ਼ਤਾਰ ਕਿਸ਼ਤੀ ਵਿੱਚ ਭਾਰਤੀ ਉਦਯੋਗਪਤੀ ਗੌਤਮ ਸਿੰਘਾਨੀਆ ਵੀ ਸਵਾਰ ਸਨ, ਜਿਨ੍ਹਾਂ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਤਾਂ ਤੁਰੰਤ ਬਚਾ ਲਿਆ ਗਿਆ ਸੀ। ਉਨ੍ਹਾਂ ਨੂੰ ਮੁੰਬਈ ਭੇਜ ਦਿੱਤਾ ਗਿਆ ਸੀ। ਪਰ ਹਰੀ ਸਿੰਘ ਦਾ ਹਾਲ਼ੇ ਤੱਕ ਕੋਈ ਅਤਾ–ਪਤਾ ਨਹੀਂ ਲੱਗ ਸਕਿਆ ਹੈ।
ਮਾਲਦੀਵ ਦੇ ਸਥਾਨਕ ਅਧਿਕਾਰੀ ਤੇ ਹੋਰ ਸਬੰਧਤ ਏਜੰਸੀਆਂ ਹਰੀ ਸਿੰਘ ਦੀ ਭਾਲ਼ ਵਿੱਚ ਤੇਜ਼ੀ ਨਾਲ਼ ਲੱਗੀਆਂ ਹੋਈਆਂ ਹਨ। ਇਸ ਮੁਹਿੰਮ ਵਿੱਚ ਹੁਣ ਆਧੁਨਿਕ ਡਰੋਨ ਤਕਨੀਕ ਦੀ ਵੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਵਿਸ਼ਾਲ ਸਮੁੰਦਰੀ ਖੇਤਰ ਅਤੇ ਤੱਟੀ ਇਲਾਕਿਆਂ ਉਤੇ ਤੇਜ਼ੀ ਨਾਲ ਨਜ਼ਰ ਰੱਖੀ ਜਾ ਸਕੇ। ਮਾਲਦੀਵ ਕੋਸਟ ਗਾਰਡ ਦੀਆਂ ਟੀਮਾਂ ਲਗਾਤਾਰ ਸਮੁੰਦਰੀ ਗਹਿਰਾਈਆਂ ਅਤੇ ਤੱਟਾਂ ’ਤੇ ਛਾਣਬੀਣ ਕਰ ਰਹੀਆਂ ਹਨ, ਪਰ ਅਜੇ ਤੱਕ ਕੋਈ ਠੋਸ ਲੀਡ ਹੱਥ ਨਹੀਂ ਲੱਗੀ। ਸਮੁੰਦਰ ਦੀਆਂ ਖ਼ਰਾਬ ਹਾਲਤਾਂ, ਉੱਚੀਆਂ ਲਹਿਰਾਂ ਅਤੇ ਤੇਜ਼ ਧਾਰਾਵਾਂ ਕਾਰਨ ਬਚਾਅ ਕਾਰਜਾਂ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਹਨ, ਜਿਸ ਨਾਲ ਚਿੰਤਾ ਵਧਦੀ ਜਾ ਰਹੀ ਹੈ। ਇਹ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਤੇਜ਼ ਲਹਿਰਾਂ ਹਰੀ ਸਿੰਘ ਨੂੰ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਦੂਰ ਲੈ ਗਈਆਂ ਹੋ ਸਕਦੀਆਂ ਹਨ।
ਇਸ ਘਟਨਾ ਤੋਂ ਬਾਅਦ ਹਰੀ ਸਿੰਘ ਦਾ ਪੂਰਾ ਪਰਿਵਾਰ ਤੁਰੰਤ ਮਾਲਦੀਵ ਪਹੁੰਚ ਗਿਆ ਹੈ ਤਾਂ ਜੋ ਭਾਲ ਕਾਰਜਾਂ ਵਿੱਚ ਸਹਿਯੋਗ ਦੇ ਸਕੇ। ਮਾਲਦੀਵ ਅਥਾਰਟੀਆਂ ਵੱਲੋਂ ਇਸ ਭਾਲ ਮੁਹਿੰਮ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਰੋਜ਼ਾਨਾ ਡਰੋਨਾਂ ਰਾਹੀਂ ਵਿਸਤ੍ਰਿਤ ਨਿਗਰਾਨੀ ਜਾਰੀ ਹੈ। ਉਨ੍ਹਾਂ ਦੇ ਸਾਥੀਆਂ ਅਤੇ ਰੈਲੀ ਪ੍ਰੇਮੀਆਂ ਵਿੱਚ ਉਮੀਦ ਬਣੀ ਹੋਈ ਹੈ ਕਿ ਹਰੀ ਸਿੰਘ ਨੂੰ ਜਲਦੀ ਹੀ ਸੁਰੱਖਿਅਤ ਲੱਭ ਲਿਆ ਜਾਵੇਗਾ।
ਹਰੀ ਸਿੰਘ ਭਾਰਤੀ ਰੈਲੀ ਖੇਡਾਂ ਦੀ ਇੱਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀਆਂ ਬੇਮਿਸਾਲ ਉਪਲਬਧੀਆਂ ਨਾਲ ਇਸ ਖੇਤਰ ਨੂੰ ਨਵੀਂ ਉਚਾਈ ਦਿੱਤੀ। ਉਨ੍ਹਾਂ ਨੇ ਆਪਣਾ ਕਰੀਅਰ 1990 ਵਿੱਚ ਹਿਮਾਲਿਅਨ ਕਾਰ ਰੈਲੀ ਤੋਂ ਆਰੰਭ ਕੀਤਾ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਇੱਕ ਧਰੂ–ਤਾਰੇ ਵਾਂਗ ਚਮਕਦੇ ਰਹੇ। ਉਹ ਪੰਜ ਵਾਰ ਭਾਰਤੀ ਰਾਸ਼ਟਰੀ ਰੈਲੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਚੁੱਕੇ ਸਨ ਅਤੇ ਏਸ਼ੀਆ ਜ਼ੋਨ ਰੈਲੀ ਚੈਂਪੀਅਨਸ਼ਿਪ ਵੀ ਆਪਣੇ ਨਾਮ ਕੀਤੀ ਸੀ। ਉਨ੍ਹਾਂ ਦੀ ਬਹਾਦਰੀ ਅਤੇ ਦਲੇਰਾਨਾ ਡਰਾਈਵਿੰਗ ਸਟਾਈਲ ਨੇ ਉਨ੍ਹਾਂ ਨੂੰ ਇੱਕ ਲੈਜੈਂਡ ਬਣਾ ਦਿੱਤਾ ਸੀ।
ਇਸ ਵੇਲੇ ਪੂਰੀ ਭਾਰਤੀ ਮੋਟਰ–ਸਪੋਰਟ ਭਾਈਚਾਰਾ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਦੁਆਵਾਂ ਕਰ ਰਿਹਾ ਹੈ ਅਤੇ ਮਾਲਦੀਵ ਦੀਆਂ ਟੀਮਾਂ ਵੀ ਆਪਣੀਆਂ ਸਾਰੀਆਂ ਤਾਕਤਾਂ ਨਾਲ ਭਾਲ ਜਾਰੀ ਰੱਖੀ ਹੋਈ ਹੈ। ਉਮੀਦ ਹੈ ਕਿ ਇਸ ਤੇਜ਼ ਰਫ਼ਤਾਰ ਭਾਲ ਮੁਹਿੰਮ ਵਿੱਚ ਜਲਦੀ ਹੀ ਸਫ਼ਲਤਾ ਮਿਲੇਗੀ।


