ICC Champions Trophy ਤੋਂ ਪਹਿਲਾਂ ਸੀ ਐਮ ਮਾਨ ਨੂੰ ਮਿਲੇ ਦੋ ਖਿਡਾਰੀ
ਚੈਂਪੀਅਨਜ਼ ਟਰਾਫੀ 2025 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਟੂਰਨਾਮੈਂਟ ਲਈ, ਭਾਰਤ ਆਪਣੇ ਸਾਰੇ ਮੈਚ ਯੂਏਈ ਦੇ ਦੁਬਈ ਦੇ ਮੈਦਾਨ ‘ਤੇ ਖੇਡੇਗਾ। ਭਾਰਤੀ ਟੀਮ ਨੂੰ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਦੁਬਈ ਵਿੱਚ ਬੰਗਲਾਦੇਸ਼ ਵਿਰੁੱਧ ਖੇਡਣਾ ਹੈ।

ਚੰਡੀਗੜ੍ਹ, ਕਵਿਤਾ : ਚੈਂਪੀਅਨਜ਼ ਟਰਾਫੀ 2025 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਟੂਰਨਾਮੈਂਟ ਲਈ, ਭਾਰਤ ਆਪਣੇ ਸਾਰੇ ਮੈਚ ਯੂਏਈ ਦੇ ਦੁਬਈ ਦੇ ਮੈਦਾਨ ‘ਤੇ ਖੇਡੇਗਾ। ਭਾਰਤੀ ਟੀਮ ਨੂੰ ਆਪਣਾ ਪਹਿਲਾ ਮੈਚ 20 ਫਰਵਰੀ ਨੂੰ ਦੁਬਈ ਵਿੱਚ ਬੰਗਲਾਦੇਸ਼ ਵਿਰੁੱਧ ਖੇਡਣਾ ਹੈ। ਇਸ ਤੋਂ ਬਾਅਦ, 23 ਫਰਵਰੀ ਨੂੰ, ਸਾਨੂੰ ਪਾਕਿਸਤਾਨ ਦਾ ਸਾਹਮਣਾ ਕਰਨਾ ਪਵੇਗਾ। ਨਿਊਜ਼ੀਲੈਂਡ ਵਿਰੁੱਧ ਮੈਚ 2 ਮਾਰਚ ਨੂੰ ਹੋਣਾ ਹੈ।
ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਭਾਰਤੀ ਟੀਮ ਸਾਰੇ ਮੈਚ ਦੁਬਈ ਵਿੱਚ ਖੇਡੇਗੀ ਜਦੋਂ ਕਿ ਬਾਕੀ ਟੂਰਨਾਮੈਂਟ 19 ਫਰਵਰੀ ਤੋਂ ਪਾਕਿਸਤਾਨ ਦੇ ਤਿੰਨ ਸ਼ਹਿਰਾਂ ਵਿੱਚ ਹੋਵੇਗਾ। ਚੈਂਪੀਅਨਜ਼ ਟਰਾਫੀ ਦਾ ਫਾਈਨਲ 9 ਮਾਰਚ ਨੂੰ ਹੈ। ਅਜਿਹੇ ਵਿੱਚ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਤੇ ਦੁਬਈ ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਖੇਡਣ ਲਈ ਜਾ ਰਹੀ ਹੈ। ਇਸ ਟੀਮ ਵਿਚ 2 ਖਿਡਾਰੀ ਪੰਜਾਬ ਦੇ ਵੀ ਸ਼ਾਮਲ ਹਨ। ਸ਼ੁਭਮਨ ਗਿੱਲ ਨੂੰ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਉਪ-ਕਪਤਾਨ ਥਾਪਿਆ ਗਿਆ ਹੈ। ਉੱਥੇ ਹੀ T-20 ਵਿਚ ਧੱਕ ਪਾਉਣ ਵਾਲੇ ਅਰਸ਼ਦੀਪ ਸਿੰਘ ਨੂੰ ਵੀ ਇਸ ODI ਟੂਰਨਾਮੈਂਟ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਖਿਡਾਰੀਆਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ।
ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਪਰਿਵਾਰ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਦੋਹਾਂ ਖਿਡਾਰੀਆਂ ਨੂੰ ਚੈਂਪੀਅਨਜ਼ ਟਰਾਫੀ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਟਰਾਫ਼ੀ ਜਿੱਤਣ ਲਈ ਪ੍ਰੇਰਿਤ ਕੀਤਾ। ਇਸ ਮੁਲਾਕਾਤ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਦੋਹਾਂ ਖਿਡਾਰੀਆਂ ਨੂੰ ਚੈਂਪੀਅਨਜ਼ ਟਰਾਫੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸੀਐਮ ਮਾਨ ਨੇ ਇਸ ਮੁਲਾਕਾਤ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, "ਅੱਜ ਦੇਸ਼ ਅਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਮਾਣਮੱਤੇ ਖਿਡਾਰੀ ਭਾਰਤੀ ਕ੍ਰਿਕੇਟ ਟੀਮ ਦੇ ਉੱਪ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਪਰਿਵਾਰ ਸਮੇਤ ਮਿਲਣ ਆਏ। ਮਿਲ ਕੇ ਬਹੁਤ ਚੰਗਾ ਲੱਗਿਆ। ਚੈਂਪੀਅਨਜ਼ ਟਰਾਫੀ ਲਈ ਦੋਵਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ। ਪੂਰੇ ਪੰਜਾਬ ਨੂੰ ਤੁਹਾਡੇ 'ਤੇ ਮਾਣ ਹੈ।"
ਤੁਹਾਨੂੰ ਇਹ ਵੀ ਦੱਸ ਦਈਏ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਵਿੱਚ 53 ਫੀਸਦ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਜੇਤੂ ਟੀਮ ਨੂੰ 22 ਲੱਖ 40 ਹਜ਼ਾਰ ਡਾਲਰ ਯਾਨੀ ਲਗਭਗ 20 ਕਰੋੜ ਰੁਪਏ ਮਿਲਣਗੇ। ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ ਅੱਧੀ ਰਕਮ ਮਿਲੇਗੀ, ਯਾਨੀ ਕਿ $11 ਲੱਖ 20 ਹਜ਼ਾਰ (9.72 ਕਰੋੜ ਰੁਪਏ)। ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 560,000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਕੁੱਲ ਇਨਾਮੀ ਰਾਸ਼ੀ ਵਧਾ ਕੇ 60 ਲੱਖ 90 ਹਜ਼ਾਰ ਡਾਲਰ (ਲਗਭਗ 60 ਕਰੋੜ ਰੁਪਏ) ਕਰ ਦਿੱਤੀ ਗਈ ਹੈ।
ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ, "ਇਹ ਇਨਾਮੀ ਰਾਸ਼ੀ ਖੇਡ ਵਿੱਚ ਨਿਵੇਸ਼ ਕਰਨ ਅਤੇ ਸਾਡੇ ਮੁਕਾਬਲਿਆਂ ਦੀ ਵਿਸ਼ਵਵਿਆਪੀ ਸਾਖ ਨੂੰ ਬਣਾਈ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।” ਇਸ ਤੋਂ ਇਲਾਵਾ, ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਅੱਠ ਟੀਮਾਂ ਵਿੱਚੋਂ ਹਰੇਕ ਨੂੰ 125,000 ਡਾਲਰ (1.08 ਕਰੋੜ ਰੁਪਏ) ਦੀ ਗਰੰਟੀ ਮਿਲੇਗੀ।