ਪੰਜਾਬ 'ਚੋਂ ਕਦੋਂ ਰੁਕੇਗਾ ਨਸ਼ਿਆਂ ਤੇ ਹਥਿਆਰਾਂ ਦਾ ਕਾਰੋਬਾਰ? ਵੇਖੋ ਪੰਜ ਸਾਲਾਂ ਦਾ ਲੇਖਾ–ਜੋਖਾ
ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਭਾਰਤੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫ਼ਾਸ਼ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

By : [email protected]
ਕਿੱਧਰ ਨੂੰ ਜਾ ਰਹੇ ਸਾਡੇ ਪੰਜਾਬੀ ਨੌਜਵਾਨ?
ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਭਾਰਤੀ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਤੇ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫ਼ਾਸ਼ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨਾਲ ਪਹਿਲਾਂ ਹੀ 6 ਮਾਰਚ 2026 ਨੂੰ ਕੀਤੀ ਇੱਕ ਹੋਰ ਕਾਰਵਾਈ 'ਚ 5 ਬਾਲਗ਼ ਅਤੇ ਇੱਕ ਨਾਬਾਲਗ਼ ਨੂੰ ਫੜਿਆ ਗਿਆ ਸੀ, ਜਿਨ੍ਹਾਂ ਕੋਲੋਂ 5 ਪਿਸਤੌਲਾਂ, 34 ਅਣਚੱਲੇ ਕਾਰਤੂਸ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।
ਇਹ ਘਟਨਾਵਾਂ ਪੰਜਾਬ ਪੁਲਿਸ ਦੀ ਲਗਾਤਾਰ ਮੁਹਿੰਮ ਦਾ ਹਿੱਸਾ ਹਨ, ਜੋ ਪਿਛਲੇ ਕਈ ਸਾਲਾਂ ਤੋਂ ਨਸ਼ੇ ਅਤੇ ਹਥਿਆਰਾਂ ਦੇ ਤਸਕਰਾਂ ਨੂੰ ਖਤਮ ਕਰਨ ਲਈ ਚੱਲ ਰਹੀ ਹੈ। ਪਰ ਸਵਾਲ ਇਹ ਹੈ ਕਿ ਇਹ ਸਿਲਸਿਲਾ ਕਿਉਂ ਨਹੀਂ ਰੁਕ ਰਿਹਾ?
ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਪਾਕਿਸਤਾਨ ਨਾਲ਼ ਲੱਗਦੀ ਹੈ। ਇਸੇ ਲਈ ਇਹ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਮੁੱਖ ਕੇਂਦਰ ਬਣ ਗਿਆ ਹੈ।
ਪੰਜਾਬ ਪੁਲਿਸ ਨੇ 2020 ਤੋਂ ਲੈ ਕੇ ਹੁਣ ਤੱਕ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਆਪ੍ਰੇਸ਼ਨ ਪ੍ਰਹਾਰ' ਵਰਗੀਆਂ ਮੁਹਿੰਮਾਂ ਰਾਹੀਂ ਹਜ਼ਾਰਾਂ ਤਸਕਰਾਂ ਨੂੰ ਫੜਿਆ ਹੈ। ਇਹ ਅੰਕੜੇ ਬਹੁਤ ਲੰਮੇ–ਚੌੜੇ ਹਨ, ਪਰ ਇਹ ਤਸਕਰ ਹਾਲ਼ੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਏ।
ਸਾਲ 2020 ਦੌਰਾਨ ਪੰਜ ਹਜ਼ਾਰ ਤੋਂ ਵੱਧ ਨਸ਼ਾ ਤਸਕਰ ਅਤੇ 500 ਤੋਂ ਵੱਧ ਹਥਿਆਰਾਂ ਦੇ ਸਮੱਗਲਰ ਫੜੇ ਗਏ ਸਨ। ਉਨ੍ਹਾਂ ਕੋਲ਼ੋਂ 200 ਕਿਲੋਗ੍ਰਾਮ ਹੈਰੋਇਨ ਅਤੇ 100 ਤੋਂ ਵੱਧ ਪਿਸਤੌਲਾਂ ਬਰਾਮਦ ਹੋਈਆਂ ਸਨ।
ਇੰਝ ਹੀ ਸਾਲ 2021 ਤੋਂ ਲੈ ਕੇ 2023 ਦੌਰਾਨ 15 ਹਜ਼ਾਰ ਨਸ਼ਾ ਤਸਕਰ, 1,200 ਤੋਂ ਵੱਧ ਹਥਿਆਰਾਂ ਦੇ ਤਸਕਰ ਕਾਬੂ ਕੀਤੇ ਗਏ ਸਨ; ਜਿਨ੍ਹਾਂ ਕੋਲ਼ੋਂ 1000 ਕਿਲੋਗ੍ਰਾਮ ਤੋਂ ਵੱਧ ਨਸ਼ੇ ਤੇ 500 ਤੋਂ ਵੱਧ ਹਥਿਆਰ ਬਰਾਮਦ ਹੋਏ ਸਨ। ਇੰਝ ਹੀ 2024 ਦੌਰਾਨ 8 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਤੇ 700 ਤੋਂ ਜ਼ਿਆਦਾ ਹਥਿਆਰਾਂ ਦੇ ਸਮੱਗਲਰ ਕਾਬੂ ਕੀਤੇ ਗਏ ਸਨ; ਜਿਨ੍ਹਾਂ ਕੋਲ਼ੋੌਂ 500 ਕਿਲੋਗ੍ਰਾਮ ਤੋਂ ਜ਼ਿਅਾਦਾ ਨਸ਼ੇ ਅਤੇ 300 ਤੋਂ ਜ਼ਿਆਦਾ ਹਥਿਆਰ ਕਾਬੂ ਕੀਤੇ ਗਏ ਸਨ।
ਪਿਛਲੇ ਵਰ੍ਹੇ 2025 ਦੌਰਾਨ ਖ਼ਾਸ ਮੁਹਿੰਮਾਂ ਵਿੱਢੀਆਂ ਗਈਆਂ ਸਨ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 205 ਦਿਨਾਂ ਵਿੱਚ 30 ਹਜ਼ਾਰ 500 ਤੋਂ ਵੱਧ ਨਸ਼ਾ ਤਸਕਰ ਤੇ 1500 ਤੋਂ ਜ਼ਿਆਦਾ ਹਥਿਆਰਾਂ ਦੇ ਸਮੱਗਲਰ ਕਾਬੂ ਕੀਤੇ ਗਏ ਸਨ। ਉਨ੍ਹਾਂ ਤੋਂ 2000 ਤੋਂ ਵੱਧ ਕਿਲੋਗ੍ਰਾਮ ਭਾਵ ਦੋ ਟਨ ਤੋਂ ਵੀ ਜ਼ਿਆਦਾ ਨਸ਼ੇ ਬਰਾਮਦ ਹੋਏ ਸਨ।
ਇਸ ਵਰ੍ਹੇ 2026 ਦੌਰਾਨ ਹੁਣ ਤੱਕ 1500 ਤੋਂ ਵੱਧ ਨਸ਼ਾ ਤਸਕਰ ਕਾਬੂ ਕੀਤੇ ਜਾ ਚੁੱਕੇ ਹਨ; ਜਦ ਕਿ 200 ਤੋਂ ਜ਼ਿਆਦਾ ਹਥਿਆਰਾਂ ਦੇ ਸਮੱਗਲਰ ਫੜੇ ਗਏ ਹਨ। ਜਿਨ੍ਹਾਂ ਕੋਲ਼ੋਂ 100 ਕਿਲੋਗ੍ਰਾਮ ਤੋੌਂ ਜ਼ਿਆਦਾ ਨਸ਼ੇ ਤੇ 50 ਤੋਂ ਜ਼ਿਆਦਾ ਪਿਸਤੌਲਾਂ ਬਰਾਮਦ ਹੋ ਚੁੱਕੀਆਂ ਹਨ।
ਇੰਝ ਪਿਛਲੇ ਪੰਜ ਸਾਲਾਂ ਦੌਰਾਨ ਕੁੱਲ 60 ਹਜ਼ਾਰ ਨਸ਼ਾ ਤਸਕਰ, 4,200 ਹਥਿਆਰਾਂ ਦੇ ਸਮੱਗਲਰ ਕਾਬੂ ਕੀਤੇ ਗਏ ਹਨ। ਉਨ੍ਹਾਂ ਕੋਲ਼ੋਂ ਇਸੇ ਸਮੇਂ ਦੌਰਾਨ 3800 ਕਿਲੋ ਨਸ਼ੇ ਤੇ 1000 ਤੋਂ ਜ਼ਿਆਦਾ ਹਥਿਆਰ ਬਰਾਮਦ ਹੋ ਚੁੱਕੇ ਹਨ।
ਇੰਝ ਇਨ੍ਹਾਂ ਸਮਾਜ–ਵਿਰੋਧੀ ਅਨਸਰਾਂ ਨੇ ਪੰਜਾਬ ਨੂੰ ਨਸ਼ਿਆਂ ਤੇ ਬਾਰੂਦ ਦੇ ਢੇਰ ਉਤੇ ਬਿਠਾ ਕੇ ਰੱਖ ਦਿੱਤਾ ਹੈ। ਇਹ ਸਿਲਸਿਲਾ ਹਾਲ਼ੇ ਤੱਕ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਛੇਤੀ ਪੈਸਾ ਕਮਾਉਣ ਦੀ ਦੌੜ ਵਿੱਚ ਸਾਡੇ ਨੌਜਵਾਨ ਇਹ ਭੁਲਾਉਂਦੇ ਜਾ ਰਹੇ ਹਨ ਕਿ ਉਨ੍ਹਾਂ ਲਈ ਤੇ ਆਉਣ ਵਾਲ਼ੀਆਂ ਨਸਲਾਂ ਲਈ ਕੀ ਦਰੁਸਤ ਹੈ ਤੇ ਕੀ ਨਹੀਂ।


