ਸਿੱਧੂ ਮੂਸੇਵਾਲ਼ਾ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਮਿਲ਼ੀ ਜ਼ਮਾਨਤ, ਕੁੱਲ 27 ਮੁਲਜ਼ਮਾਂ ਖ਼ਿਲਾਫ਼ ਦਾਇਰ ਹੋ ਚੁੱਕੀ ਹੈ ਚਾਰਜਸ਼ੀਟ
ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲ਼ਾ ਕਤਲ ਕੇਸ ਦੀ ਸੁਣਵਾਈ ਕਰਦਿਆਂ ਦੋ ਮੁਲਜ਼ਮਾਂ ਜਗਤਾਰ ਸਿੰਘ ਅਤੇ ਪਵਨ ਬਿਸ਼ਨੋਈ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦੀ ਹਿਰਾਸਤ ਦੇ ਸਮੇਂ ਅਤੇ ਇਸ ਕੇਸ ਦੀ ਪ੍ਰਗਤੀ ਦਾ ਮੁਕੰਮਲ ਜਾਇਜ਼ਾ ਲਿਆ ਗਿਆ

By : [email protected]
ਕੈਨੇਡਾ ਦੇ ਗੋਲਡੀ ਬਰਾੜ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲ਼ਾ ਕਤਲ ਕੇਸ ਦੀ ਸੁਣਵਾਈ ਕਰਦਿਆਂ ਦੋ ਮੁਲਜ਼ਮਾਂ ਜਗਤਾਰ ਸਿੰਘ ਅਤੇ ਪਵਨ ਬਿਸ਼ਨੋਈ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦੀ ਹਿਰਾਸਤ ਦੇ ਸਮੇਂ ਅਤੇ ਇਸ ਕੇਸ ਦੀ ਪ੍ਰਗਤੀ ਦਾ ਮੁਕੰਮਲ ਜਾਇਜ਼ਾ ਲਿਆ ਗਿਆ।
ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ 'ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਛੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਰੁਕਵਾ ਕੇ ਗੋਲ਼ੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। ਜਿਵੇਂ ਕੋਈ ਹੋਣੀ ਕਰਵਾ ਰਹੀ ਹੁੰਦੀ ਹੋਵੇ; ਗਾਇਕ ਨੇ ਉਸ ਦਿਨ ਕੁਦਰਤੀ ਬੁਲੇਟ–ਪਰੂਫ਼ ਕਾਰ ਨਹੀਂ ਚੁੱਕੀ ਸੀ। ਇਸੇ ਲਈ ਸਿੱਧੂ ਮੂਸੇਵਾਲ਼ਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਉਸ ਕਤਲ ਤੋਂ ਪੂਰੀ ਦੁਨੀਆ ਨੂੰ ਪੰਜਾਬ ਵਿੱਚ ਗੈਂਗਸਟਰਾਂ ਦੀ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਹੋਇਆ ਸੀ। ਫਿਰ ਪੁਲਿਸ ਜਾਂਚ ਸ਼ੁਰੂ ਹੋਈ। ਫਿਰ ਇਹ ਤੱਥ ਸਾਹਮਣੇ ਆਇਆ ਕਿ ਇਹ ਕਤਲ ਲਾਰੈਂਸ ਬਿਸ਼ਨੋਈ ਗਿਰੋਹ ਨੇ ਬੱਬੀਹਾ ਗੈ਼ਗ ਨਾਲ਼ ਨਿਜੀ ਕਿੜ ਕੱਢਣ ਲਈ ਕਰਵਾਇਆ ਗਿਆ ਸੀ। ਸਿੱਧੂ ਮੂਸੇਵਾਲ਼ਾ ਨੇ 'ਬੰਬੀਹਾ ਬੋਲੇ...' ਗੀਤ ਗਾਇਆ ਸੀ, ਜੋ ਕਾਫ਼ੀ ਮਕਬੂਲ ਹੋਇਆ ਸੀ। ਪੁਲਿਸ ਦੀ ਥਿਊਰੀ ਮੁਤਾਬਕ ਇਹ ਕਤਲ ਸਾਲ 2021 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਵੀ ਕੀਤਾ ਗਿਆ ਸੀ।
ਪੁਲਿਸ ਵੱਲੋਂ ਦਾਇਰ 1850 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਈ ਮੁਲਜ਼ਮਾਂ ਦਾ ਨਾਂਅ ਦਰਜ ਕੀਤਾ ਗਿਆ ਸੀ। ਉਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਗਾਇਕ ਦੇ ਕਤਲ ਦੀ ਯੋਜਨਾ ਕਿਵੇਂ ਉਲੀਕੀ ਗਈ ਤੇ ਇਸ ਲਈ ਬਾਕਾਇਦਾ ਫ਼ੰਡ ਇਕੱਠੇ ਕੀਤੇ ਗਏ ਸਨ।
ਕੈਨੇਡਾ 'ਚ ਰਹਿੰਦੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲ਼ਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਚਾਰਜਸ਼ੀਟ ਵਿੱਚ ਗੈਂਗ ਲੀਡਰ ਹੋਣ ਦੇ ਨਾਤੇ ਲਾਰੈਂਸ ਬਿਸ਼ਨੋਈ ਦਾ ਨਾਂਅ ਵੀ ਬੋਲਦਾ ਹੈ। ਕਤਲ ਦੀ ਸਾਜ਼ਿਸ਼ ਵਿੱਚ ਜੱਗੂ ਭਗਵਾਨਪੁਰੀਆ ਦਾ ਨਾਂਅ ਵੀ ਲਿਆ ਗਿਆ ਸੀ। ਚਾਰਜਸ਼ੀਟ ਵਿੱਚ ਪੁਲਿਸ ਨੇ 24 ਮੁਲਜ਼ਮਾਂ – ਮਨਪ੍ਰੀਤ ਸਿੰਘ ਮੰਨਾ, ਪ੍ਰਭਦੀਪ ਸਿੰਘ ਬੱਬੀ, ਮਨਪ੍ਰੀਤ ਭਾਊ, ਸਾਰਜ ਮਿੰਟੋ, ਸੰਦੀਪ ਸਿੰਘ ਕੇਕੜਾ, ਪਵਨ ਬਿਸ਼ਨੋਈ, ਬਲਦੇਵ ਸਿੰਘ, ਨਸੀਬ, ਮਨੂੰ ਡਾਗਰ, ਦੀਪਕ, ਮਨਮੋਹਨ ਮੋਹਣਾ, ਕਸ਼ਿਸ਼, ਕੇਸ਼ਵ ਕੁਮਾਰ, ਅੰਕਿਤ ਸੇਰਸਾ, ਪ੍ਰਿਅਵਰਤ, ਚਰਨਜੀਤ ਸਿੰਘ ਚੇਤਨ, ਅਰਸ਼ਦ ਖ਼ਾਨ, ਸਚਿਨ ਭਿਵਾਨੀ ਦਾ ਨਾਂਅ ਲਿਆ ਹੈ।
ਇਸ ਮਾਮਲੇ 'ਚ ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਸਚਿਨ ਥਾਪਨ, ਲਿਪਿਨ ਮਹਿਰਾ ਜਿਹੇ ਮੁਲਜ਼ਮ ਫ਼ਰਾਰ ਵੀ ਦੱਸੇ ਜਾਂਦੇ ਹਨ। ਇੰਝ ਬਾਅਦ 'ਚ ਕੁੱਲ 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਸਨ। ਇਸ ਮਾਮਲੇ ਦੀਆਂ ਸੁਣਵਾਈਆਂ ਪੰਜਾਬ ਦੀਆਂ ਅਦਾਲਤਾਂ ਵਿੱਚ ਚੱਲ ਰਹੀਆਂ ਹਨ।


