ਫ਼ਰੀਦਕੋਟ 'ਚ ਦਿਹਾੜੀਦਾਰ ਮਜ਼ਦੂਰ ਜੋੜੇ ਨੇ ਵੇਚਿਆ ਬੱਚਾ
ਫਰੀਦਕੋਟ ਦਾ ਇੱਕ ਗ਼ਰੀਬ ਦਿਹਾੜੀਦਾਰ ਮਜ਼ਦੂਰ ਜੋੜਾ ਆਪਣੇ ਤਿੰਨ ਦਿਨਾਂ ਦੇ ਨਵਜੰਮੇ ਬੱਚੇ ਨੂੰ ਇੱਕ ਅੰਤਰ-ਰਾਜੀ ਬੱਚਾ ਤਸਕਰੀ ਗਿਰੋਹ ਨੂੰ ਵੇਚ ਬੈਠਾ। ਉਨ੍ਹਾਂ ਨੂੰ ਲੱਗਿਆ ਸੀ ਕਿ ਬੱਚੇ ਨੂੰ ਗੋਦ ਲੈਣ ਵਾਲਾ ਪਰਿਵਾਰ ਉਸ ਨੂੰ ਬਿਹਤਰ ਘਰ ਅਤੇ ਭਵਿੱਖ ਦੇਵੇਗਾ। ਉਨ੍ਹਾਂ ਕੋਲ ਪਹਿਲਾਂ ਹੀ ਦੋ ਬੱਚੇ ਸਨ

By : Mehtab-Ud-Din
ਪੰਜਾਬ ਤੋਂ ਮਹਾਰਾ਼ਸਟਰ ਤੱਕ ਫੈਲਿਆ ਹੈ ਬੱਚਾ ਤਸਕਰੀ ਗਿਰੋਹ
ਗ਼ਰੀਬੀ, ਬੇਰੋਜ਼ਗਾਰੀ ਤੇ ਮਜਬੂਰੀਆਂ ਦੀ ਅਨੋਖੀ ਦਾਸਤਾਨ
ਫ਼ਰੀਦਕੋਟ: ਫਰੀਦਕੋਟ ਦਾ ਇੱਕ ਗ਼ਰੀਬ ਦਿਹਾੜੀਦਾਰ ਮਜ਼ਦੂਰ ਜੋੜਾ ਆਪਣੇ ਤਿੰਨ ਦਿਨਾਂ ਦੇ ਨਵਜੰਮੇ ਬੱਚੇ ਨੂੰ ਇੱਕ ਅੰਤਰ-ਰਾਜੀ ਬੱਚਾ ਤਸਕਰੀ ਗਿਰੋਹ ਨੂੰ ਵੇਚ ਬੈਠਾ। ਉਨ੍ਹਾਂ ਨੂੰ ਲੱਗਿਆ ਸੀ ਕਿ ਬੱਚੇ ਨੂੰ ਗੋਦ ਲੈਣ ਵਾਲਾ ਪਰਿਵਾਰ ਉਸ ਨੂੰ ਬਿਹਤਰ ਘਰ ਅਤੇ ਭਵਿੱਖ ਦੇਵੇਗਾ। ਉਨ੍ਹਾਂ ਕੋਲ ਪਹਿਲਾਂ ਹੀ ਦੋ ਬੱਚੇ ਸਨ ਅਤੇ ਤੀਜੇ ਬੱਚੇ ਦੀ ਪਰਵਰਿਸ਼ ਕਰਨ ਦੀ ਤਾਕਤ ਨਹੀਂ ਸੀ। ਇਸ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਖੁਲਾਸਾ ਹਰਿਆਣਾ ਦੀ ਬਹਾਦਰਗੜ੍ਹ ਪੁਲਿਸ ਨੇ ਕੀਤਾ ਹੈ।
ਉਨ੍ਹਾਂ ਦੇ ਘਰ ਵਿਚ ਪਹਿਲਾਂ ਹੀ 15 ਸਾਲ ਅਤੇ 9 ਸਾਲ ਦੇ ਦੋ ਬੱਚੇ ਹਨ। ਉਨ੍ਹਾਂ ਲਈ ਰੋਜ਼ੀ-ਰੋਟੀ ਕਮਾਉਣਾ ਬਹੁਤ ਮੁਸ਼ਕਲ ਹੈ। ਤੀਜਾ ਬੱਚਾ ਅਣਚਾਹਿਆ ਸੀ। ਉਨ੍ਹਾਂ ਨੇ ਗਰਭਪਾਤ ਕਰਵਾਉਣ ਬਾਰੇ ਵੀ ਸੋਚਿਆ ਸੀ ਪਰ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਗਰਭ ਦੀ ਉਮਰ ਲੰਘ ਚੁੱਕੀ ਸੀ।
ਇਸ ਮਜਬੂਰੀ ਵਿਚ ਉਨ੍ਹਾਂ ਨੇ ਆਪਣੇ ਇੱਕ ਸਥਾਨਕ ਜਾਣ-ਪਛਾਣ ਵਾਲੇ ਵਿਅਕਤੀ ਨਾਲ ਗੱਲ ਸਾਂਝੀ ਕੀਤੀ। ਉਸ ਵਿਅਕਤੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਸੰਪਰਕ ਵਿਚ ਅਜਿਹਾ ਗਰੁੱਪ ਹੈ ਜੋ ਬੱਚਿਆਂ ਨੂੰ ਗੋਦ ਲੈਣ ਵਾਲੇ ਪਰਿਵਾਰਾਂ ਨਾਲ ਜੋੜਦਾ ਹੈ ਅਤੇ ਬੱਚੇ ਦੇ ਬਦਲੇ ਵਿੱਤੀ ਮਦਦ ਵੀ ਦਿੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਬੱਚੇ ਨੂੰ ਗਿਰੋਹ ਨੂੰ ਵੇਚਣ ਦਾ ਫੈਸਲਾ ਲੈ ਲਿਆ। ਬੱਚਾ ਜਨਮ ਤੋਂ ਤਿੰਨ ਦਿਨ ਬਾਅਦ ਫਰੀਦਕੋਟ ਦੇ ਇੱਕ ਹਸਪਤਾਲ ਵਿਚੋਂ ਗਿਰੋਹ ਨੇ ਉਨ੍ਹਾਂ ਤੋਂ ਸਵਾ ਦੋ ਲੱਖ ਰੁਪਏ ਵਿਚ ਲੈ ਲਿਆ। ਇਸ ਬੱਚੇ ਨੂੰ ਅੱਗੇ ਦਿੱਲੀ ਵਿਚ ਇੱਕ ਪਰਿਵਾਰ ਨੂੰ ਸਵਾ ਨੌਂ ਲੱਖ ਰੁਪਏ ਵਿਚ ਵੇਚਣਾ ਸੀ।
ਇੱਕ ਹਫ਼ਤਾ ਪਹਿਲਾਂ ਹਰਿਆਣੇ ਝੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ ਸ਼ਹਿਰ ਦੀ ਪੁਲਿਸ ਨੇ ਇਸ ਨਵਜੰਮੇ ਬੱਚੇ ਨੂੰ ਛੁਡਾਇਆ। ਇਸ ਛਾਪੇਮਾਰੀ ਤੋਂ ਬਾਅਦ ਪੰਜਾਬ ਤੋਂ ਮਹਾਰਾਸ਼ਟਰ ਤੱਕ ਫੈਲੇ ਬੱਚਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਬਹਾਦਰਗੜ੍ਹ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (DCP) ਮਯੰਕ ਮਿਸ਼ਰਾ ਨੇ ਦੱਸਿਆ ਕਿ ਇਸ ਗਿਰੋਹ ਨਾਲ 10 ਤੋਂ ਵੱਧ ਰਾਜਾਂ ਦਾ ਤਾਲਮੇਲ ਹੈ।
ਡੀਸੀਪੀ ਮਿਸ਼ਰਾ ਨੇ ਇਹ ਵੀ ਕਿਹਾ ਕਿ ਮਾਪੇ ਅਨਪੜ੍ਹ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਬਿਲਕੁਲ ਖਬਰ ਨਹੀਂ ਸੀ ਕਿ ਉਨ੍ਹਾਂ ਨਾਲ ਜਿਨ੍ਹਾਂ ਲੋਕਾਂ ਨੇ ਗੱਲਬਾਤ ਕੀਤੀ ਸੀ ਉਹ ਬੱਚਾ ਤਸਕਰੀ ਕਰਨ ਵਾਲਾ ਗਿਰੋਹ ਹੈ। ਗਿਰੋਹ ਦੇ ਮੈਂਬਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ ਵਿਚ ਆ ਗਏ ਸਨ।
ਪੁਲਿਸ ਨੇ ਪੰਜਾਬ ਵਿਚੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਪੰਜਾਬ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਅਤੇ ਦਿੱਲੀ ਤੋਂ ਕੁੱਲ 7 ਵਿਅਕਤੀ ਗ੍ਰਿਫ਼ਤਾਰ ਹੋ ਚੁੱਕੇ ਹਨ। ਗਿਰੋਹ ਦੇ ਹੋਰ ਮੈਂਬਰਾਂ ਦੀ ਭਾਲ ਲਈ ਵੱਖ-ਵੱਖ ਰਾਜਾਂ ਵਿਚ ਛਾਪੇਮਾਰੀ ਚੱਲ ਰਹੀ ਹੈ। ਜਾਂਚ ਹਾਲ਼ੇ ਜਾਰੀ ਹੈ ਅਤੇ ਇਸ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਘਟਨਾ ਤੋਂ ਬਾਹਰ ਆਉਣ ਵਾਲਾ ਸਬਕ ਇਹ ਘਟਨਾ ਗਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਦੀ ਭਿਆਨਕ ਸੱਚਾਈ ਨੂੰ ਉਜਾਗਰ ਕਰਦੀ ਹੈ। ਬਹੁਤ ਸਾਰੇ ਗਰੀਬ ਪਰਿਵਾਰ ਬੱਚਿਆਂ ਨੂੰ ਬਿਹਤਰ ਭਵਿੱਖ ਦੀ ਆਸ ਵਿਚ ਗੈਰ-ਕਾਨੂੰਨੀ ਤਰੀਕਿਆਂ ਨਾਲ ਵੇਚਣ ਲਈ ਮਜਬੂਰ ਹੋ ਜਾਂਦੇ ਹਨ। ਇਸ ਤਸਕਰੀ ਗਿਰੋਹਾਂ ਵਾਲੇ ਲੋਕ ਇਨ੍ਹਾਂ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਹਨ ਅਤੇ ਬੱਚਿਆਂ ਨੂੰ ਲੱਖਾਂ ਰੁਪਏ ਵਿਚ ਵੇਚਦੇ ਹਨ।
ਪੁਲਿਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਸ ਘਟਨਾ ਤੋਂ ਇਹ ਅਪੀਲ ਕੀਤੀ ਹੈ ਕਿ ਜੇ ਕਿਸੇ ਪਰਿਵਾਰ ਨੂੰ ਬੱਚੇ ਦੀ ਪਰਵਰਿਸ਼ ਵਿਚ ਮੁਸ਼ਕਲ ਆ ਰਹੀ ਹੈ, ਤਾਂ ਉਹ ਸਰਕਾਰੀ ਯੋਜਨਾਵਾਂ, ਚਾਈਲਡ ਵੈਲਫੇਅਰ ਕਮੇਟੀਆਂ ਜਾਂ ਲੀਗਲ ਅਡਾਪਸ਼ਨ ਪ੍ਰਕਿਰਿਆ ਦਾ ਰੁਖ ਕਰੇ। ਗੈਰ-ਕਾਨੂੰਨੀ ਤਰੀਕਾ ਅਪਣਾਉਣ ਨਾਲ ਨਾ ਸਿਰਫ਼ ਬੱਚੇ ਦਾ ਭਵਿੱਖ ਖ਼ਤਰੇ ਵਿਚ ਪੈ ਜਾਂਦਾ ਹੈ ਬਲਕਿ ਮਾਪਿਆਂ ਨੂੰ ਵੀ ਭਾਰੀ ਸਜ਼ਾ ਹੋ ਸਕਦੀ ਹੈ।


