ਭਾਰਤ 'ਚ ਕੁਝ ਘਟੀ ਬੇਰੁਜ਼ਗਾਰੀ: ਤਾਜ਼ਾ ਰਿਪੋਰਟ, ਦੇਸ਼ 'ਚ ਪੱਕੀ ਤਨਖ਼ਾਹ ਵਾਲ਼ੀਆਂ ਨੌਕਰੀਆਂ ਵਧੀਆਂ
ਦੇਸ਼ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਬੇਰੁਜ਼ਗਾਰੀ ਦੀ ਦਰ 2025 ਵਿਚ ਥੋੜ੍ਹੀ ਘਟ ਕੇ 3.1 ਫੀਸਦੀ ਰਹਿ ਗਈ ਹੈ। ਇੱਕ ਸਾਲ ਪਹਿਲਾਂ ਇਹ 3.2 ਫੀਸਦੀ ਸੀ। ਇਹ ਖਬਰ ਅੰਕੜਾ ਅਤੇ ਪ੍ਰੋਗਰਾਮ ਸੰਚਾਲਨ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ...

By : Mehtab-Ud-Din
ਕੀ ਦੇਸ਼ ਦੇ ਅਰਥਚਾਰੇ 'ਚ ਵੀ ਹੋਵੇਗੀ ਪ੍ਰਗਤੀ?
ਨਵੀਂ ਦਿੱਲੀ: ਦੇਸ਼ ਵਿਚ 15 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਬੇਰੁਜ਼ਗਾਰੀ ਦੀ ਦਰ 2025 ਵਿਚ ਥੋੜ੍ਹੀ ਘਟ ਕੇ 3.1 ਫੀਸਦੀ ਰਹਿ ਗਈ ਹੈ। ਇੱਕ ਸਾਲ ਪਹਿਲਾਂ ਇਹ 3.2 ਫੀਸਦੀ ਸੀ। ਇਹ ਖਬਰ ਅੰਕੜਾ ਅਤੇ ਪ੍ਰੋਗਰਾਮ ਸੰਚਾਲਨ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ‘ਸਮਾਂ–ਬੱਧ ਕਿਰਤ ਸ਼ਕਤੀ ਸਰਵੇਖਣ-2025’ ਰਿਪੋਰਟ ਵਿਚ ਆਈ ਹੈ। ਇਸ ਰਿਪੋਰਟ ਤੋਂ ਲੱਗਦਾ ਹੈ ਕਿ ਔਰਤਾਂ ਅਤੇ ਮਰਦਾਂ ਦੋਵਾਂ ਵਿਚ ਬੇਰੁਜ਼ਗਾਰੀ ਘਟਾਉਣ ਵਿਚ ਲਗਾਤਾਰ ਪ੍ਰਗਤੀ ਹੋ ਰਹੀ ਹੈ।
ਰਿਪੋਰਟ ਅਨੁਸਾਰ ਔਰਤਾਂ ਦੀ ਬੇਰੁਜ਼ਗਾਰੀ ਦਰ 2025 ਵਿਚ ਵੀ 3.1 ਫੀਸਦੀ ਉੱਤੇ ਹੀ ਰਹੀ — ਇੱਕ ਸਾਲ ਪਹਿਲਾਂ ਵੀ ਇਹੀ ਸੀ। ਪਰ ਮਰਦਾਂ ਵਿਚ ਇਹ ਦਰ ਘਟ ਗਈ। ਪਿਛਲੇ ਸਾਲ ਇਹ 3.3 ਫੀਸਦੀ ਸੀ ਜੋ ਹੁਣ 3.1 ਫੀਸਦੀ ਰਹਿ ਗਈ ਹੈ। ਇਸ ਤਰ੍ਹਾਂ ਔਰਤਾਂ ਅਤੇ ਮਰਦਾਂ ਦੀ ਬੇਰੁਜ਼ਗਾਰੀ ਲਗਭਗ ਬਰਾਬਰ ਹੋ ਗਈ ਹੈ।
ਦਿਹਾਤੀ ਇਲਾਕਿਆਂ ਵਿਚ ਬੇਰੁਜ਼ਗਾਰੀ ਦਰ 2.4 ਫੀਸਦੀ ਰਹੀ। ਪਿਛਲੇ ਸਾਲ ਇਹ ਦਰ 2.5 ਫੀਸਦੀ ਰਹੀ ਸੀ। ਇੱਥੇ ਔਰਤਾਂ ਲਈ ਇਹ ਦਰ ਸਿਰਫ਼ 2.1 ਫੀਸਦੀ ਹੈ ਜੋ ਮਰਦਾਂ ਤੋਂ ਘੱਟ ਹੈ ਕਿਉਂਕਿ ਮਰਦਾਂ ਦੀ ਬੇਰੁਜ਼ਗਾਰੀ ਦਰ 2.6 ਫੀਸਦੀ ਸੀ। ਇਸ ਤੋਂ ਲੱਗਦਾ ਹੈ ਕਿ ਪੇਂਡੂ ਇਲਾਕਿਆਂ ਵਿਚ ਔਰਤਾਂ ਨੂੰ ਰੁਜ਼ਗਾਰ ਲੱਭਣ ਵਿਚ ਘੱਟ ਮੁਸ਼ਕਲ ਆ ਰਹੀ ਹੈ।
ਸ਼ਹਿਰੀ ਇਲਾਕਿਆਂ ਵਿਚ ਮਰਦਾਂ ਦੀ ਬੇਰੁਜ਼ਗਾਰੀ 4.2 ਫੀਸਦੀ ਰਹੀ ਅਤੇ ਔਰਤਾਂ ਲਈ 6.4 ਫੀਸਦੀ। ਦੋਵਾਂ ਵਿਚ ਥੋੜ੍ਹੀ ਕਮੀ ਆਈ ਹੈ ਪਰ ਸ਼ਹਿਰੀ ਔਰਤਾਂ ਵਿਚ ਇਹ ਦਰ ਹਾਲ਼ੇ ਵੀ ਉੱਚੀ ਹੈ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਲੋਕਾਂ ਦਾ ਸਵੈ–ਰੁਜ਼ਗਾਰ ਦਾ ਹਿੱਸਾ ਥੋੜ੍ਹਾ ਘਟ ਗਿਆ ਹੈ। 2024 ਵਿਚ ਇਹ 57.5 ਫੀਸਦੀ ਸੀ ਜੋ 2025 ਵਿਚ 56.2 ਫੀਸਦੀ ਰਹਿ ਗਿਆ। ਔਰਤਾਂ ਵਿਚ ਇਹ 66.5 ਤੋਂ ਘਟ ਕੇ 64.2 ਫੀਸਦੀ ਹੋ ਗਿਆ ਅਤੇ ਮਰਦਾਂ ਵਿਚ 52.9 ਤੋਂ ਘਟ ਕੇ 52 ਫੀਸਦੀ ਰਿਹਾ।
ਇਸ ਦੇ ਉਲਟ ਪੱਕੀ ਤਨਖਾਹ ਵਾਲੀ ਨੌਕਰੀ ਦਾ ਹਿੱਸਾ ਵਧ ਗਿਆ ਹੈ। ਇਹ 22.4 ਫੀਸਦੀ ਤੋਂ ਵਧ ਕੇ 23.6 ਫੀਸਦੀ ਹੋ ਗਿਆ। ਔਰਤਾਂ ਵਿਚ ਇਹ ਵਾਧਾ 16.6 ਤੋਂ ਵਧ ਕੇ 18.2 ਫੀਸਦੀ ਹੋ ਗਿਆ ਹੈ। ਮਰਦਾਂ ਵਿਚ ਵੀ 25.4 ਤੋਂ 26.5 ਫੀਸਦੀ ਹੋ ਗਿਆ। ਇਸ ਤੋਂ ਲੱਗਦਾ ਹੈ ਕਿ ਲੋਕਾਂ ਨੂੰ ਵਧੇਰੇ ਸਥਿਰ ਅਤੇ ਤਨਖਾਹ ਵਾਲੀਆਂ ਨੌਕਰੀਆਂ ਮਿਲ ਰਹੀਆਂ ਹਨ।
ਆਰਜ਼ੀ ਮਜ਼ਦੂਰੀ ਦਾ ਹਿੱਸਾ ਲਗਭਗ ਇੱਕੋ ਜਿਹਾ ਰਿਹਾ — 20 ਤੋਂ ਥੋੜ੍ਹਾ ਵਧ ਕੇ 20.2 ਫੀਸਦੀ ਹੋ ਗਿਆ ਹੈ। ਇਸ ਵਿਚ ਔਰਤਾਂ ਅਤੇ ਮਰਦਾਂ ਵਿਚ ਬਹੁਤ ਥੋੜ੍ਹਾ ਜਿਹਾ ਫ਼ਰਕ ਹੈ।
ਇਸ ਰਿਪੋਰਟ ਦੇ ਅੰਕੜਿਆਂ ਉਤੇ ਭਰੋਸਾ ਕਰੀਏ, ਤਾਂ ਬੇਰੁਜ਼ਗਾਰੀ ਘਟਣ ਨਾਲ ਲੋਕਾਂ ਦੀ ਆਰਥਿਕ ਹਾਲਤ ਬਿਹਤਰ ਹੋਣ ਦੀ ਉਮੀਦ ਵਧੀ ਹੈ। ਔਰਤਾਂ ਲਈ ਦਿਹਾਤੀ ਇਲਾਕਿਆਂ ਵਿਚ ਰੁਜ਼ਗਾਰ ਵਧ ਰਿਹਾ ਹੈ ਅਤੇ ਸ਼ਹਿਰੀ ਔਰਤਾਂ ਵੀ ਨਿਯਮਤ ਨੌਕਰੀਆਂ ਵੱਲ ਵਧ ਰਹੀਆਂ ਹਨ। ਰੈਗੁਲਰ ਨੌਕਰੀਆਂ ਵਧਣ ਨਾਲ ਲੋਕਾਂ ਨੂੰ ਸਥਿਰ ਆਮਦਨ ਮਿਲ ਰਹੀ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਖੇਤੀ ਤੋਂ ਉਦਯੋਗ ਵੱਲ ਲੋਕ ਵਧ ਰਹੇ ਹਨ ਅਤੇ ਔਰਤਾਂ ਦੀਆਂ ਤਨਖਾਹਾਂ ਵਿਚ ਵੀ ਵਾਧਾ ਹੋਇਆ ਹੈ।
ਇਸ ਰਿਪੋਰਟ ਤੋਂ ਕੁਝ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ; ਜਿਵੇਂ ਕਿ –– ਸ਼ਹਿਰੀ ਔਰਤਾਂ ਵਿਚ ਬੇਰੁਜ਼ਗਾਰੀ ਹਾਲ਼ੇ ਵੀ 6.4 ਫੀਸਦੀ ਹੈ। ਇਸ ਨੂੰ ਹੋਰ ਘਟਾਉਣ ਲਈ ਵਿਸ਼ੇਸ਼ ਯੋਜਨਾਵਾਂ ਚਾਹੀਦੀਆਂ ਹਨ।
ਸਵੈ–ਰੁਜ਼ਗਾਰ ਘਟਣ ਨਾਲ ਛੋਟੇ ਧੰਦਿਆਂ ਨੂੰ ਹੋਰ ਸਹਾਇਤਾ ਦੀ ਲੋੜ ਹੈ।
ਭਾਵੇਂ ਬੇਰੁਜ਼ਗਾਰੀ ਘਟੀ ਹੈ ਪਰ ਨੌਜਵਾਨਾਂ ਅਤੇ ਪੜ੍ਹੇ-ਲਿਖੇ ਲੋਕਾਂ ਵਿਚ ਇਹ ਹਾਲ਼ੇ ਵੀ ਉੱਚੀ ਹੈ। ਪੜ੍ਹੇ-ਲਿਖੇ ਲੋਕਾਂ ਵਿੱਚ ਬੇਰੁਜ਼ਗਾਰ ਦੀ ਦਰ 6.5 ਫੀਸਦੀ ਹੈ।


