Begin typing your search above and press return to search.

ਕਿਸੇ ਸਮੇਂ ਰੂਸ ਨੂੰ ਛੂੰਹਦੀ ਸੀ ਜੰਮੂ-ਕਸ਼ਮੀਰ ਦੀ ਸਰਹੱਦ

ਕਰੀਬ ਸਵਾ ਸੌ ਸਾਲ ਪਹਿਲਾਂ ਜੰਮੂ ਕਸ਼ਮੀਰ ਦੀ ਸਰਹੱਦ ਸੋਵੀਅਤ ਰੂਸ ਨੂੰ ਛੂੰਹਦੀ ਸੀ, ਪਰ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਾਲਾਂ ਵਿਚ ਅਜਿਹਾ ਕੁੱਝ ਹੋਇਆ ਕਿ ‘ਜੰਨਤ’ ਵਰਗੀ ਕਸ਼ਮੀਰ ਘਾਟੀ 8 ਹਿੱਸਿਆਂ ਵਿਚ ਵੰਡੀ ਗਈ, ਜਿਸ ਵਿਚੋਂ ਭਾਰਤ ਕੋਲ ਸਿਰਫ਼ 60 ਫ਼ੀਸਦੀ ਇਲਾਕਾ ਬਚਿਆ, 30 ਫ਼ੀਸਦੀ ਜ਼ਮੀਨ ਪਾਕਿਸਤਾਨ ਅਤੇ 10 ਫ਼ੀਸਦੀ ’ਤੇ ਚੀਨ ਨੇ ਕਬਜ਼ਾ ਕਰ ਲਿਆ।

ਕਿਸੇ ਸਮੇਂ ਰੂਸ ਨੂੰ ਛੂੰਹਦੀ ਸੀ ਜੰਮੂ-ਕਸ਼ਮੀਰ ਦੀ ਸਰਹੱਦ
X

Makhan shahBy : Makhan shah

  |  6 May 2025 6:56 PM IST

  • whatsapp
  • Telegram

ਚੰਡੀਗੜ੍ਹ (ਮੱਖਣ ਸ਼ਾਹ) : ਪਹਿਲਗਾਮ ਹਮਲੇ ਤੋਂ ਬਾਅਦ ਕਸ਼ਮੀਰ ਘਾਟੀ ਇਕ ਵਾਰ ਫਿਰ ਤੋਂ ਚਰਚਾ ਵਿਚ ਆਈ ਹੋਈ ਐ। ਭਾਰਤ ਦਾ ਸਵਰਗ ਮੰਨੀ ਜਾਂਦੀ ਇਸ ਘਾਟੀ ਨੂੰ ਅੱਤਵਾਦੀਆਂ ਅਤੇ ਭਾਰਤ ਦੇ ਹੋਰ ਦੁਸ਼ਮਣਾਂ ਵੱਲੋਂ ‘ਨਰਕ’ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਕਰੀਬ ਸਵਾ ਸੌ ਸਾਲ ਪਹਿਲਾਂ ਜੰਮੂ ਕਸ਼ਮੀਰ ਦੀ ਸਰਹੱਦ ਸੋਵੀਅਤ ਰੂਸ ਨੂੰ ਛੂੰਹਦੀ ਸੀ, ਪਰ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਾਲਾਂ ਵਿਚ ਅਜਿਹਾ ਕੁੱਝ ਹੋਇਆ ਕਿ ‘ਜੰਨਤ’ ਵਰਗੀ ਕਸ਼ਮੀਰ ਘਾਟੀ 8 ਹਿੱਸਿਆਂ ਵਿਚ ਵੰਡੀ ਗਈ, ਜਿਸ ਵਿਚੋਂ ਭਾਰਤ ਕੋਲ ਸਿਰਫ਼ 60 ਫ਼ੀਸਦੀ ਇਲਾਕਾ ਬਚਿਆ, 30 ਫ਼ੀਸਦੀ ਜ਼ਮੀਨ ਪਾਕਿਸਤਾਨ ਅਤੇ 10 ਫ਼ੀਸਦੀ ’ਤੇ ਚੀਨ ਨੇ ਕਬਜ਼ਾ ਕਰ ਲਿਆ। ਸੋ ਆਓ ਤੁਹਾਨੂੰ ਦੱਸਦੇ ਆਂ, ਜੰਮੂ ਕਸ਼ਮੀਰ ਰਿਆਸਤ ਦੀ ਪੂਰੀ ਕਹਾਣੀ।


ਕੋਈ ਸਮਾਂ ਹੁੰਦਾ ਸੀ ਕਿ ਜੰਮੂ ਕਸ਼ਮੀਰ ਰਿਆਸਤ ਦੀ ਹੱਦ ਸੋਵੀਅਤ ਰੂਸ ਦੀਆਂ ਹੱਦਾਂ ਨੂੰ ਲਗਦੀ ਸੀ। ਕਸ਼ਮੀਰ ਘਾਟੀ ਦੇ ਪਿਛਲੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਸ਼ੁਰੂਆਤ ਵਿਚ ਇੱਥੇ ਵੱਖ ਵੱਖ ਵੰਸ਼ ਦੇ ਬੋਧੀ ਅਤੇ ਹਿੰਦੂ ਰਾਜਿਆਂ ਦਾ ਰਾਜ ਰਿਹਾ। 14ਵੀਂ ਸਦੀ ਵਿਚ ਕਸ਼ਮੀਰ ਨੂੰ ਪਹਿਲਾ ਮੁਸਲਿਮ ਸਾਸ਼ਕ ਮਿਲਿਆ ਸੀ। 16ਵੀਂ ਸਦੀ ਦੇ ਆਖ਼ਰ ਤੱਕ ਮੁਗ਼ਲਾਂ ਨੇ ਕਸ਼ਮੀਰ ’ਤੇ ਸਾਸ਼ਨ ਕੀਤਾ ਜਦਕਿ ਇਸ ਤੋਂ ਬਾਅਦ 1819 ਵਿਚ ਮਹਾਰਾਜ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਸਿੱਖ ਸਾਮਰਾਜ ਵਿਚ ਸ਼ਾਮਲ ਕਰ ਲਿਆ।


1839 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਅੰਗਰੇਜ਼ਾਂ ਨੂੰ ਸਮਝੌਤੇ ਦੀ ਪੇਸ਼ਕਸ਼ ਕੀਤੀ ਅਤੇ ਮੌਕਾ ਦੇਖ ਕੇ ਗੁਲਾਬ ਸਿੰਘ ਡੋਗਰਾ ਨੇ 75 ਲੱਖ ਰੁਪਏ ਵਿਚ ਕਸ਼ਮੀਰ ਖ਼ਰੀਦ ਲਿਆ। 6 ਮਾਰਚ 1846 ਨੂੰ ਅੰਮ੍ਰਿਤਸਰ ਦੀ ਸੰਧੀ ਹੋਈ। ਗੁਲਾਬ ਸਿੰਘ ਨੇ ਅੰਗਰੇਜ਼ਾਂ ਦੀ ਸਰਪ੍ਰਸਤੀ ਅਪਣਾਈ ਅਤੇ ਜੰਮੂ ਕਸ਼ਮੀਰ ਰਿਆਸਤ ਦੇ ਰਾਜਾ ਬਣ ਗਏ। ਇੱਥੋਂ ਹੀ ਮੌਜੂਦਾ ਜੰਮੂ ਕਸ਼ਮੀਰ ਹੋਂਦ ਵਿਚ ਆਇਆ।

ਡੋਗਰਾ ਰਾਜਵੰਸ਼ ਨੇ ਜੰਮੂ ਕਸ਼ਮੀਰ ਦੀ ਚੌਹੱਦੀ ਉੱਤਰ ਵਿਚ ਹਿੰਦੂ ਕੁਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਜੰਮੂ ਦੇ ਮੈਦਾਨਾਂ ਤੱਕ ਫੈਲਾਈ। ਗਿਲਗਿਤ, ਹੁੰਜਾ, ਨਾਗਾਰ, ਚਿਤ੍ਰਾਲ ਤੱਕ ਰਿਆਸਤ ਫੈਲੀ ਸੀ ਜੋ ਸੋਵੀਅਤ ਰੂਸ ਨੂੰ ਛੂੰਹਦੀ ਸੀ।


ਮਨੋਹਰ ਪਰਿਕਰ ਇੰਸਟੀਚਿਊਟ ਫਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਦੇ ਡਾਇਰੈਕਟਰ ਜਨਰਲ ਸੁਜਾਨ ਆਰ ਚਿਨਾਏ ਦੇ ਮੁਤਾਬਕ ਸੰਨ 1914 ਵਿਚ ਬ੍ਰਿਟਿਸ਼ ਅਧਿਕਾਰੀ ਹੈਨਰੀ ਮੈਕਮੋਹਨ ਨੇ ਭਾਰਤ ਅਤੇ ਚੀਨ ਦੀ ਸਰਹੱਦ ਤੈਅ ਕਰਨ ਦੇ ਲਈ ਇਕ ਮੈਕਮੋਹਨ ਰੇਖਾ ਖਿੱਚੀ। ਤਿੱਬਤ ਨੇ ਇਸ ਨੂੰ ਮੰਨ ਲਿਆ ਪਰ ਚੀਨ ਨੇ ਇਸ ਨੂੰ ਨਹੀਂ ਮੰਨਿਆ।


ਚੀਨ ਨੇ ਜੰਮੂ ਕਸ਼ਮੀਰ ਰਿਆਸਤ ਦੇ ਹੁੰਜਾ ਇਲਾਕੇ ’ਤੇ ਦਾਅਵਾ ਕੀਤਾ। ਅੰਗਰੇਜ਼ ਅਧਿਕਾਰੀਆਂ ਨੇ ਰਾਜਨੀਤਕ ਕਾਰਨਾਂ ਕਰਕੇ ਇਸ ਨੂੰ ਮੰਨ ਲਿਆ। ਦਰਅਸਲ ਰੂਸ ਸੈਂਟਰਲ ਏਸ਼ੀਆ ਵੱਲ ਵਧ ਰਿਹਾ ਸੀ, ਜਿਸ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਚੀਨ ਨੂੰ ਤਾਕਤਵਰ ਬਣਾਉਣਾ ਉਚਿਤ ਸਮਝਿਆ।


1937 ਤੱਕ ਚੀਨ ਨੇ ਰਸਕਮ ਘਾਟੀ ’ਤੇ ਵੀ ਆਪਣਾ ਦਾਅਵਾ ਠੋਕ ਦਿੱਤਾ। ਇਸ ਤਰ੍ਹਾਂ ਕਸ਼ਮੀਰ ਰਿਆਸਤ ਦਾ ਵੱਡਾ ਹਿੱਸਾ ਆਜ਼ਾਦ ਤੋਂ ਪਹਿਲਾਂ ਹੀ ਚੀਨ ਦੇ ਹੱਥਾਂ ਵਿਚ ਚਲਾ ਗਿਆ ਸੀ।


1947 ਵਿਚ ਭਾਰਤ ਨੂੰ ਆਜ਼ਾਦੀ ਮਿਲੀ, ਪਰ ਨਾਲ ਹੀ ਪਾਕਿਸਤਾਨ ਵੀ ਬਣਿਆ। ਫਿਰ ਗਰਾਰੀ ਕਸ਼ਮੀਰ ’ਤੇ ਆ ਕੇ ਫਸ ਗਈ। ਦੋਵੇਂ ਦੇਸ਼ ਚਾਹੁੰਦੇ ਸੀ ਕਿ ਕਸ਼ਮੀਰ ਉਨ੍ਹਾਂ ਵੱਲ ਆ ਜਾਵੇ ਜਦਕਿ ਰਿਆਸਤ ਦੇ ਰਾਜਾ ਹਰੀ ਸਿੰਘ ਕਸ਼ਮੀਰ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਸੀ।

ਅਕਤੂਬਰ 1947 ਵਿਚ ਪਾਕਿਤਸਾਨੀ ਫ਼ੌਜ ਅਤੇ ਪਸ਼ਤੂਨ ਕਬੀਲੇ ਦੇ ਲੜਾਕਿਆਂ ਨੇ ਰਿਆਸਤ ’ਤੇ ਹਮਲਾ ਕਰ ਦਿੱਤਾ। ਸਭ ਕੁੱਝ ਹੱਥੋਂ ਜਾਂਦਾ ਦੇਖ ਹਰੀ ਸਿੰਘ ਨੇ ਭਾਰਤ ਕੋਲੋਂ ਮਦਦ ਮੰਗੀ ਅਤੇ 26 ਅਕਤੂਬਰ 1947 ਨੂੰ ਜੰਮੂ ਕਸ਼ਮੀਰ ਦਾ ਭਾਰਤ ਵਿਚ ਰਲੇਵਾਂ ਹੋ ਕੀਤਾ। ਭਾਰਤੀ ਫ਼ੌਜ ਨੇ ਕਸ਼ਮੀਰ ਦੇ 2.22 ਲੱਖ ਵਰਗ ਕਿਲੋਮੀਟਰ ਇਲਾਕੇ ਤੋਂ ਦੁਸ਼ਮਣਾਂ ਨੂੰ ਖਦੇੜਨਾ ਸ਼ੁਰੂ ਕੀਤਾ।


ਯੂਨਾਇਟਡ ਨੇਸ਼ਨਜ਼ ਦੇ ਦਖ਼ਲ ਤੋਂ ਬਾਅਦ ਦਸੰਬਰ 1948 ਵਿਚ ਸੀਜ਼ਫਾਇਰ ਹੋਇਆ, ਉਦੋਂ ਵੀ 78 ਹਜ਼ਾਰ ਵਰਗ ਕਿਲੋਮੀਟਰ ਯਾਨੀ ਕਰੀਬ 30 ਫ਼ੀਸਦੀ ਇਲਾਕੇ ’ਤੇ ਪਾਕਿਸਤਾਨ ਦਾ ਕਬਜ਼ਾ ਸੀ। ਜਿਸ ਨੂੰ ਹੁਣ ਪੀਓਕੇ ਕਿਹਾ ਜਾਂਦਾ ਹੈ।

ਪੀਓਕੇ ਦੇ 13.3 ਹਜ਼ਾਰ ਵਰਗ ਕਿਲੋਮੀਟਰ ਇਲਾਕੇ ਨੂੰ ਪਾਕਿਸਤਾਨ ਆਜ਼ਾਦ ਕਸ਼ਮੀਰ ਕਹਿੰਦਾ ਹੈ, ਜੋ ਘਾਟੀ ਨਾਲ ਜੁੜਿਆ ਹੋਇਆ ਹੈ। ਇਸ ਦੇ ਲਈ ਅਲੱਗ ਤੋਂ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਸੰਵਿਧਾਨ ਹੈ। ਹਾਲਾਂਕਿ ਇੱਥੇ ਪਾਕਿਸਤਾਨ ਸਰਕਾਰ ਦਾ ਹੀ ਸਾਸ਼ਨ ਚਲਦਾ ਹੈ। ਇਸੇ ਜੰਗ ਤੋਂ ਬਾਅਦ ਇਕ ਸੀਜ਼ਫਾਇਰ ਲਾਈਨ ਵੀ ਖਿੱਚੀ ਗਈ ਜੋ 1972 ਵਿਚ ਲਾਈਨ ਆਫ਼ ਕੰਟਰੋਲ ਯਾਨੀ ਐਲਓਸੀ ਵਿਚ ਤਬਦੀਲ ਹੋਈ।


ਜੰਮੂ ਕਸ਼ਮੀਰ ਵਿਚ ਲੱਦਾਖ਼ ਅਤੇ ਚੀਨ ਦੇ ਵਿਚਕਾਰ ਅਕਸਾਈ ਚਿਨ ਹੈ। ਵੀਗਰ ਭਾਸ਼ਾ ਵਿਚ ਇਸ ਦਾ ਮਤਲਬ ਪਥਰੀਲਾ ਸਫੈਦ ਰੇਗਿਸਤਾਨ ਹੁੰਦਾ ਹੈ। ਇਸ ਇਲਾਕੇ ਵਿਚ ਨਾ ਤਾਂ ਮੀਂਹ ਪੈਂਦਾ ਏ ਅਤੇ ਨਾ ਹੀ ਬਰਫ਼ ਡਿੱਗਦੀ ਐ।

ਆਜ਼ਾਦੀ ਤੋਂ ਬਾਅਦ ਨਕਸ਼ੇ ਵਿਚ ਇਹ ਇਲਾਕਾ ਭਾਰਤ ਵਿਚ ਸੀ ਪਰ ਭਾਰਤ ਨੇ ਇਸ ਇਲਾਕੇ ਵਿਚ ਕਬਜ਼ਾ ਦਿਖਾਉਣ ਦੇ ਲਈ ਨਾ ਤਾਂ ਫ਼ੌਜ ਭੇਜੀ ਅਤੇ ਨਾ ਹੀ ਕੋਈ ਢਾਂਚਾ ਬਣਾਇਆ।

1950 ਵਿਚ ਤਿੱਬਤ ਨੂੰ ਖੋਹਣ ਤੋਂ ਬਾਅਦ ਚੀਨ ਨੇ ਅਕਸਾਈ ਚਿਨ ਤੋਂ ਇਕ ਸੜਕ ਬਣਾਈ। 1956 ਵਿਚ ਬਣੀ ਇਸ ਸੜਕ ਬਾਰੇ ਭਾਰਤ ਨੂੰ ਇਕ ਸਾਲ ਬਾਅਦ ਪਤਾ ਚੱਲਿਆ।

ਇਸ ਤੋਂ ਬਾਅਦ ਭਾਰਤ ਨੇ ਫ਼ੌਜ ਤਾਇਨਾਤ ਕੀਤੀ, ਪੋਸਟ ਅਤੇ ਢਾਂਚਾ ਤਿਆਰ ਕੀਤਾ। ਚੀਨ ਦੇ ਨਾਲ ਡਿਪਲੋਮੈਟਿਕ ਚੈਨਲ ਵੀ ਐਕਟਿਵ ਕੀਤਾ ਪਰ ਸਭ ਕੁੱਝ ਨਾਕਾਮ ਰਿਹਾ।


1962 ਵਿਚ ਚੀਨ ਨੇ ਭਾਰਤ ਦੇ ਖ਼ਿਲਾਫ਼ ਜੰਗ ਛੇੜ ਦਿੱਤੀ, ਜਿਸ ਵਿਚ ਭਾਰਤ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਸੀਜ਼ਫਾਇਰ ਹੋਇਆ। ਕਰੀਬ 37 ਹਜ਼ਾਰ ਵਰਗ ਕਿਲੋਮੀਟਰ ਵਾਲੇ ਅਕਸਾਈ ਚਿਨ ’ਤੇ ਚੀਨ ਦਾ ਕਬਜ਼ਾ ਬਰਕਰਾਰ ਰਿਹਾ। ਦੋਵੇਂ ਦੇਸ਼ਾਂ ਦੇ ਵਿਚਕਾਰ ਲਾਈਨ ਆਫ਼ ਐਕਚੁਅਲ ਕੰਟਰੋਲ ਯਾਨੀ ਐਲਏਸੀ ਖਿੱਚੀ ਗਈ।

ਇਸੇ ਦੌਰਾਨ ਚੀਨ ਨੇ ਅਕਸਾਈਚਿਨ ਹੜੱਪਿਆ ਅਤੇ ਪਾਕਿਸਤਾਨ ਨੇ ਚੀਨ ਨੂੰ ਸ਼ਕਸਗਾਮ ਘਾਟੀ ਗਿਫ਼ਟ ਕੀਤੀ ਤਾਂ ਜੋ ਉਹ ਭਾਰਤ ਨੂੰ ਮਾਤ ਦੇਣ ਲਈ ਚੀਨ ਨਾਲ ਨੇੜਤਾ ਵਧਾ ਸਕੇ।

ਸੰਨ 1985 ਵਿਚ ਪਾਕਿਸਤਾਨ ਨੇ ਸਿਆਚਿਨ ਨੂੰ ਹੜੱਪਣ ਦੀ ਯੋਜਨਾ ਬਣਾਈ, ਜਿਸ ਦੇ ਲਈ ਭਾਰਤ ਨੇ ਅਪਰੇਸ਼ਨ ਮੇਘਦੂਤ ਚਲਾਇਆ।


ਜੰਮੂ ਕਸ਼ਮੀਰ ਵਿਚ ਕਾਰਾਕੋਰਮ ਪਰਬਤ ਲੜੀ ਦੀ ਤਲਹੱਟੀ ਵਿਚ ਸਿਆਚਿਨ ਗਲੇਸ਼ੀਅਰ ਮੌਜੂਦ ਐ। ਇੱਥੋਂ ਦਾ ਤਾਪਮਾਨ ਮਾਈਨਸ 70 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਅਤੇ ਆਮ ਤੌਰ ’ਤੇ ਬਰਫ਼ ਦੀ 5 ਫੁੱਟ ਮੋਟੀ ਚਾਦਰ ਨਾਲ ਢਕਿਆ ਰਹਿੰਦਾ ਹੈ। ਖ਼ਤਰਿਆਂ ਭਰਿਆ ਇਲਾਕਾ ਹੋਣ ਕਰਕੇ ਇੱਥੇ ਭਾਰਤੀ ਫ਼ੌਜ ਤਾਇਨਾਤ ਨਹੀਂ ਸੀ।

ਪਾਕਿਸਤਾਨੀ ਫ਼ੌਜ ਨੇ ਸਿਆਚਿਨ ਗਲੇਸ਼ੀਅਰ ’ਤੇ ਪੋਸਟ ਬਣਾਈ ਅਤੇ ਘੁਸਪੈਠ ਕੀਤੀ। ਭਾਰਤ ਨੇ ਅਪਰੇਸ਼ਨ ਮੇਘਦੂਤ ਚਲਾ ਕੇ ਪਾਕਿਸਤਾਨੀ ਫ਼ੌਜੀਆਂ ਨੂੰ ਖਦੇੜਿਆ। ਇਸ ਮਗਰੋਂ ਭਾਰਤ ਨੇ ਇੱਥੇ ਫ਼ੌਜ ਦੀ ਸਥਾਈ ਤਾਇਨਾਤੀ ਕੀਤੀ ਅਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ।


ਆਜ਼ਾਦੀ ਦੇ ਸਮੇਂ ਦੀ ਜੰਮੂ ਕਸ਼ਮੀਰ ਰਿਆਸਤ ਦੇ ਫਿਲਹਾਲ ਅੱਠ ਹਿੱਸੇ ਬਣੇ ਹੋਏ ਨੇ। ਪਹਿਲਾ ਭਾਰਤ ਦੇ ਹਿੱਸੇ ਵਾਲਾ ਜੰਮੂ ਕਸ਼ਮੀਰ ਕੇਂਦਰ ਸਾਸ਼ਿਤ ਪ੍ਰਦੇਸ਼ ਐ। ਦੂਜਾ ਭਾਰਤ ਦੇ ਹਿੱਸੇ ਵਾਲਾ ਲੱਦਾਖ਼ ਵੀ ਕੇਂਦਰ ਸਾਸ਼ਤ ਪ੍ਰਦੇਸ਼ ਐ। ਨੰਬਰ ਤਿੰਨ 1947 ਤੋਂ ਪਹਿਲਾਂ ਜੰਮੂ ਕਸ਼ਮੀਰ ਰਿਆਸਤ ਦੇ ਕਬਜ਼ੇ ਵਾਲੇ ਹਿੱਸੇ ਨੂੰ ਅੰਗਰੇਜ਼ਾਂ ਨੇ ਚੀਨ ਨੂੰ ਦੇ ਦਿੱਤਾ। ਚੌਥਾ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲਾ ਇਲਾਕਾ ਜਿਸ ਨੂੰ ਪੀਓਕੇ ਕਿਹਾ ਜਾਂਦਾ ਹੈ। ਪੰਜਵਾਂ ਪੀਓਕੇ ਦਾ ਬਚਿਆ ਹਿੱਸਾ, ਜਿਸ ਨੂੰ ਪਾਕਿਸਤਾਨ ਵੱਲੋਂ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ। ਛੇਵਾਂ ਅਕਸਾਈਚਿਨ, ਜਿਸ ’ਤੇ ਚੀਨ ਨੇ 1962 ਦੀ ਜੰਗ ਵਿਚ ਕਬਜ਼ਾ ਕਰ ਲਿਆ ਸੀ। ਸੱਤਵਾਂ ਉਹ ਹੈ ਜੋ 1963 ਵਿਚ ਪਾਕਿਸਤਾਨ ਨੇ ਪੀਓਕੇ ਦਾ ਛੋਟਾ ਜਿਹਾ ਹਿੱਸਾ ਚੀਨ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਤੋਹਫ਼ੇ ਵਿਚ ਦੇ ਦਿੱਤਾ ਸੀ। ਅੱਠਵਾਂ ਹਿੱਸਾ ਭਾਰਤ ਦੇ ਕਬਜ਼ੇ ਵਾਲਾ ਸਿਆਚਿਨ ਗਲੇਸ਼ੀਅਰ ਮੰਨਿਆ ਜਾਂਦਾ ਹੈ।

ਦਰਅਸਲ ਜੰਮੂ ਕਸ਼ਮੀਰ ਵਿਚ ਸਥਿਤ ਪੀਰ ਪੰਜਾਲ ਦੀਆਂ ਪਹਾੜੀਆਂ ਤੋਂ ਅੱਤਵਾਦੀਆਂ ਦੀ ਘੁਸਪੈਠ ਹੁੰਦੀ ਐ ਕਿਉਂਕਿ ਅੱਤਵਾਦੀ ਅਤੇ ਘੁਸਪੈਠੀਏ ਬਾਰਡਰ ਪਾਰ ਕਰਨ ਦੇ ਲਈ ਪੀਰ ਪੰਜਾਲ ਰੇਂਜ ਨੂੰ ਸਭ ਤੋਂ ਵਧੀਆ ਮੰਨਦੇ ਨੇ। ਇਸ ਦੇ ਉਪਰਲੇ ਇਲਾਕਿਆਂ ਵਿਚ ਇੰਨੇ ਸੰਘਣੇ ਜੰਗਲ ਨੇ ਕਿ 100 ਮੀਟਰ ਦੂਰ ਤੋਂ ਵੀ ਕਿਸੇ ਹਲਚਲ ਦਾ ਪਤਾ ਨਹੀਂ ਚਲਦਾ। ਪਹਿਲਗਾਮ ’ਤੇ ਹਮਲਾ ਕਰਨ ਵਾਲੇ ਅੱਤਵਾਦੀ ਵੀ ਅਜਿਹੇ ਸੰਘਣੇ ਜੰਗਲਾਂ ਦਾ ਫ਼ਾਇਦਾ ਉਠਾ ਕੇ ਨਿਕਲਣ ਵਿਚ ਕਾਮਯਾਬ ਹੋਏ।


ਆਜ਼ਾਦੀ ਤੋਂ ਪਹਿਲਾਂ ਦੀ ਵਿਸ਼ਾਲ ਕਸ਼ਮੀਰ ਰਿਆਸਤ ਭਾਵੇਂ ਕਈ ਟੁਕੜਿਆਂ ਵਿਚ ਵੰਡੀ ਗਈ, ਪਰ ਹਾਲੇ ਵੀ ਦੁਸ਼ਮਣ ਦੀਆਂ ਨਿਗਾਹਾਂ ਇਸ ’ਤੇ ਟਿਕੀਆਂ ਹੋਈਆਂ ਨੇ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ ਅਤੇ ਹੋਰ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it