PGI, CHANDIGARH ਨੇ ਕੀਤੀ ਨਵੀਂ MEDICAL ਖੋਜ, ਲੱਖਾਂ ਔਰਤਾਂ ਲਈ ਜਾਗੀ ਆਸ ਦੀ ਕਿਰਨ
ਈ ਵਾਰ ਲਗਾਤਾਰ ਗਰਭਪਾਤ ਦੀ ਸਮੱਸਿਆ ਨਾਲ ਜੂਝ ਰਹੀਆਂ ਲੱਖਾਂ ਔਰਤਾਂ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ। ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਚੰਡੀਗੜ੍ਹ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦੀ ਖੋਜ ਟੀਮ ਨੇ ਇੱਕ ਅਹਿਮ ਅਧਿਐਨ ਵਿਚ ਖੁਲਾਸਾ ਕੀਤਾ ਹੈ ਕਿ ਗਰਭ

By : Mehtab-Ud-Din
ਹੋਰ ਨਵੇਂ TESTS ਲਈ ਖੁੱਲ੍ਹਣਗੇ ਰਾਹ
ਚੰਡੀਗੜ੍ਹ: ਕਈ ਵਾਰ ਲਗਾਤਾਰ ਗਰਭਪਾਤ ਦੀ ਸਮੱਸਿਆ ਨਾਲ ਜੂਝ ਰਹੀਆਂ ਲੱਖਾਂ ਔਰਤਾਂ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ। ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਚੰਡੀਗੜ੍ਹ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦੀ ਖੋਜ ਟੀਮ ਨੇ ਇੱਕ ਅਹਿਮ ਅਧਿਐਨ ਵਿਚ ਖੁਲਾਸਾ ਕੀਤਾ ਹੈ ਕਿ ਗਰਭ ਨਾਲ ਜੁੜੇ ਟਿਸ਼ੂਆਂ ਵਿਚ ਕੁਝ ਖਾਸ 'ਹਬ ਜੀਨਸ' ਗਰਭ ਠਹਿਰਨ ਅਤੇ ਬਚਾਅ ਵਿਚ ਰੁਕਾਵਟ ਪਾ ਰਹੇ ਹਨ। ਇਸ ਖੋਜ ਵਿਚ ਆਧੁਨਿਕ ਟ੍ਰਾਂਸਕ੍ਰਿਪਟੋਮ ਤਕਨੀਕ ਰਾਹੀਂ ਕੁੱਲ 91 ਡਿਫ਼ਰੈਂਸ਼ੀਅਲੀ ਐਕਸਪ੍ਰੈੱਸਡ ਜੀਨਸ (ਡੀਈਜੀਜ਼) ਦੀ ਪਛਾਣ ਹੋਈ ਹੈ, ਜਿਨ੍ਹਾਂ ਵਿਚੋਂ 10 ਜੀਨ ਸਭ ਤੋਂ ਵੱਧ ਪ੍ਰਭਾਵਸ਼ਾਲੀ (ਹਬ ਜੀਨਸ) ਪਾਏ ਗਏ ਹਨ। ਇਹ ਖੋਜ ਗਰਭਪਾਤ ਦੇ ਅਣਜਾਣ ਕਾਰਨਾਂ ਨੂੰ ਸਮਝਣ ਅਤੇ ਨਵੀਆਂ ਇਲਾਜ ਵਿਧੀਆਂ ਲਈ ਰਾਹ ਖੋਲ੍ਹ ਸਕਦੀ ਹੈ।
ਵਾਰ-ਵਾਰ ਗਰਭਪਾਤ ਇੱਕ ਗੰਭੀਰ ਸਮੱਸਿਆ ਹੈ ਜੋ ਵਿਆਹੁਤਾ ਜੋੜਿਆਂ ਵਿਚ ਲਗਭਗ 2-5 ਫੀਸਦੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਇਮਿਊਨ ਸਿਸਟਮ ਦੀ ਗੜਬੜ, ਹਾਰਮੋਨਲ ਅਸੰਤੁਲਨ, ਜੈਨੇਟਿਕ ਤਕਲੀਫ਼ਾਂ ਜਾਂ ਪਲੈਸੈਂਟਾ (ਗਰਭ ਨਾਲੀ) ਦੀ ਖ਼ਰਾਬੀ, ਪਰ ਬਹੁਤੇ ਮਾਮਲਿਆਂ ਵਿਚ ਅਸਲ ਕਾਰਨ ਅਣਜਾਣ ਹੀ ਰਹਿੰਦਾ ਹੈ। ਇਸ ਲਈ ਪੀਜੀਆਈ ਦੀ ਟੀਮ ਨੇ ਟ੍ਰਾਂਸਕ੍ਰਿਪਟੋਮ ਡਾਟਾ ਮਾਈਨਿੰਗ ਅਤੇ ਮੈਟਾ-ਐਨਾਲਿਸਿਸ ਰਾਹੀਂ ਇਸ ਸਮੱਸਿਆ ਨੂੰ ਡੂੰਘਾਈ ਨਾਲ ਖੋਜਿਆ। ਖੋਜੀ ਚਿਤਰਾ ਭਾਰਦਵਾਜ ਅਤੇ ਪ੍ਰਿਅੰਕਾ ਸ਼੍ਰੀਵਾਸਤਵ ਨੇ ਇਸ ਅਧਿਐਨ ਨੂੰ ਲੀਡ ਕੀਤਾ ਅਤੇ ਇਸ ਨੂੰ ਤਾਇਵਾਨ ਜਰਨਲ ਆਫ਼ ਆਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਸ ਖੋਜ ਵਿਚ ਗਰਭ ਨਾਲ ਜੁੜੇ ਟਿਸ਼ੂਆਂ ਦੇ ਆਰਐੱਨਏ ਸੀਕੁਐਂਸ ਡਾਟਾ ਸੈੱਟਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ। ਇਸ ਤਕਨੀਕ ਰਾਹੀਂ ਉਨ੍ਹਾਂ ਜੀਨਾਂ ਨੂੰ ਟਰੈਕ ਕੀਤਾ ਗਿਆ ਜੋ ਆਮ ਗਰਭ ਅਵਸਥਾ ਅਤੇ ਗਰਭਪਾਤ ਵਾਲੀਆਂ ਮਹਿਲਾਵਾਂ ਵਿਚ ਵੱਖਰੀ ਤਰ੍ਹਾਂ ਐਕਟਿਵ ਹੁੰਦੇ ਹਨ।
ਅਧਿਐਨ ਵਿਚ ਕੁੱਲ 91 ਡਿਫ਼ਰੈਂਸ਼ੀਅਲੀ ਐਕਸਪ੍ਰੈੱਸਡ ਜੀਨਸ ਮਿਲੇ — ਇਨ੍ਹਾਂ ਵਿਚੋਂ 10 ਡਾਊਨਰੈਗੂਲੇਟਿਡ (ਘੱਟ ਸਰਗਰਮ) ਅਤੇ 81 ਅੱਪਰੈਗੂਲੇਟਿਡ (ਵਧੇਰੇ ਸਰਗਰਮ) ਸਨ।
10 ਹਬ ਜੀਨਸ: ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ 10 ਹਬ ਜੀਨਸ ਚਿਹਨਿਤ ਕੀਤੇ ਗਏ ਹਨ — CXCL8, CCND1, FOS, PTGS2, CTLA4, THBS1, MMP2, KDR ਅਤੇ CD80 ਸ਼ਾਮਲ ਹਨ। ਇਹ ਜੀਨ ਇਮਿਊਨ ਰਿਸਪਾਂਸ, ਵੈਸਲ ਫਾਰਮੇਸ਼ਨ (ਵੀਈਜੀਐੱਫ ਸਿਗਨਲਿੰਗ), ਸੈੱਲ ਸਾਈਕਲ ਅਤੇ ਆਟੋਇਮਿਊਨ ਰੋਗਾਂ ਨਾਲ ਜੁੜੇ ਹਨ।
ਇਹ ਜੀਨ ਇਮਿਊਨੋਲਾਜੀਕਲ ਪਾਥਵੇਜ਼ (ਆਈਐੱਲ-17 ਸਿਗਨਲਿੰਗ, ਟੀਐੱਲਆਰ ਸਿਗਨਲਿੰਗ), ਐਂਜੀਓਜੈਨਿਕ ਵੀਈਜੀਐੱਫ ਸਿਗਨਲਿੰਗ ਅਤੇ ਸੈੱਲ ਸਾਈਕਲ ਨਿਯੰਤਰਣ ਵਿਚ ਭੂਮਿਕਾ ਅਦਾ ਕਰਦੇ ਹਨ। ਇਸ ਨਾਲ ਮਾਂ ਅਤੇ ਭੁਣੇ ਵਿਚਕਾਰ ਇਮਿਊਨ ਰਿਸਪਾਂਸ ਗੜਬੜ੍ਹ ਜਾਂਦਾ ਹੈ ਅਤੇ ਪਲੈਸੈਂਟਾ ਭਾਵ ਔਲ਼ ਠੀਕ ਤਰ੍ਹਾਂ ਨਹੀਂ ਬਣ ਸਕਦਾ।
ਇਸ ਤੋਂ ਇਲਾਵਾ ਇੱਕ ਹੋਰ ਸੰਬੰਧਿਤ ਖੋਜ ਵਿਚ ਇਸੇ ਟੀਮ ਨੇ ਐਕਸਟ੍ਰਾਸੈਲੂਲਰ ਵੈਸੀਕਲਜ਼ (ਈਵੀ) ਵਿਚ ਮਾਈਕ੍ਰੋਆਰਐੱਨਏਜ਼ ਦਾ ਵਿਸ਼ਲੇਸ਼ਣ ਵੀ ਕੀਤਾ, ਜਿਸ ਵਿਚ ਵੀ ਇਮਿਊਨੋਲਾਜੀਕਲ ਹਬ ਜੀਨਸ (ਜਿਵੇਂ NFKB1, IL6, JUN ਆਦਿ) ਸਾਹਮਣੇ ਆਏ। ਇਹ ਦੋਵੇਂ ਖੋਜਾਂ ਇੱਕ ਦੂਜੀ ਨੂੰ ਪੂਰਕ ਬਣਾਉਂਦੀਆਂ ਹਨ।
ਇਸ ਅਧਿਐਨ ਨਾਲ ਗਰਭਪਾਤ ਦੀਆਂ ਸਮੱਸਿਆਵਾਂ ਵਾਲੀਆਂ ਮਹਿਲਾਵਾਂ ਲਈ ਨਵੀਆਂ ਉਮੀਦਾਂ ਜਾਗੀਆਂ ਹਨ। ਇਹ ਹਬ ਜੀਨਸ ਨਵੀਆਂ ਬਾਇਓਮਾਰਕਰ ਟੈਸਟਾਂ ਲਈ ਰਾਹ ਖੋਲ੍ਹ ਸਕਦੇ ਹਨ, ਜਿਨ੍ਹਾਂ ਰਾਹੀਂ ਗਰਭ ਅਵਸਥਾ ਦੀ ਸ਼ੁਰੂਆਤ ਵਿਚ ਹੀ ਖ਼ਤਰੇ ਦਾ ਪਤਾ ਲੱਗ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਜੀਨਾਂ ਨੂੰ ਟਾਰਗੈਟ ਕਰਕੇ ਨਵੀਆਂ ਦਵਾਈਆਂ ਜਾਂ ਥੈਰੇਪੀਆਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ ਜੋ ਇਮਿਊਨ ਰਿਸਪਾਂਸ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਨ।
ਪੀਜੀਆਈ ਟੀਮ ਨੇ ਇਸ ਖੋਜ ਨੂੰ ਇੱਕ ਵੱਡਾ ਕਦਮ ਦੱਸਿਆ ਹੈ ਕਿਉਂਕਿ ਇਹ ਗਰਭ ਨਾਲੀ ਦੀ ਖ਼ਰਾਬੀ ਅਤੇ ਮਾਂ-ਭਰੂਣ ਵਿਚਕਾਰ ਇਮਿਊਨ ਗੜਬੜੀ ਨੂੰ ਡਾਇਰੈਕਟ ਤੌਰ ’ਤੇ ਉਜਾਗਰ ਕਰਦਾ ਹੈ। ਭਵਿੱਖ ਵਿਚ ਇਸ ਤਰ੍ਹਾਂ ਦੀਆਂ ਖੋਜਾਂ ਨਾਲ ਔਰਤਾਂ ਨੂੰ ਬਿਹਤਰ ਕਾਉਂਸਲਿੰਗ, ਐਡਵਾਂਸ ਟੈਸਟਿੰਗ ਅਤੇ ਟਾਰਗੇਟਿਡ ਇਲਾਜ ਮਿਲ ਸਕਦਾ ਹੈ।
ਇਸ ਖੋਜ ਨੇ ਵਿਗਿਆਨੀਆਂ ਵਿਚ ਵੀ ਚਰਚਾ ਛੇੜ ਦਿੱਤੀ ਹੈ ਅਤੇ ਇਸ ਨੂੰ ਆਧਾਰ ਬਣਾ ਕੇ ਵੱਡੇ ਲੈਵਲ ’ਤੇ ਕਲੀਨਿਕਲ ਪ੍ਰੀਖਣ ਸ਼ੁਰੂ ਕੀਤੇ ਜਾ ਸਕਦੇ ਹਨ।


