ਹਵਾਈ ਟਿਕਟ ਰੱਦ ਕਰਨ 'ਤੇ ਹੁਣ ਮਿਲ਼ੇਗਾ ਪੂਰਾ ਰੀਫ਼ੰਡ, ਇੱਥੇ ਜਾਣੋ –– ਇਹ ਹੈ ਸਾਰਾ ਤਰੀਕਾ
ਹੁਣ ਤੱਕ ਹਵਾਈ ਟਿਕਟ ਰੱਦ ਕਰਨ ਤੇ ਵੱਡੀ ਰਕਮ ਕੱਟਣ ਅਤੇ ਰਿਫੰਡ ਲਈ ਲੰਬਾ ਇੰਤਜ਼ਾਰ ਯਾਤਰੀਆਂ ਲਈ ਇੱਕ ਵੱਡੀ ਸਮੱਸਿਆ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ

By : Mehtab-Ud-Din
ਨਵੀਆਂ ਧਾਰਾਵਾਂ 'ਚ ਰਿਫੰਡ ਲਈ ਸਖ਼ਤ ਸਮਾਂ-ਸੀਮਾ ਤੈਅ
ਨਵੀਂ ਦਿੱਲੀ: ਹੁਣ ਤੱਕ ਹਵਾਈ ਟਿਕਟ ਰੱਦ ਕਰਨ ਤੇ ਵੱਡੀ ਰਕਮ ਕੱਟਣ ਅਤੇ ਰਿਫੰਡ ਲਈ ਲੰਬਾ ਇੰਤਜ਼ਾਰ ਯਾਤਰੀਆਂ ਲਈ ਇੱਕ ਵੱਡੀ ਸਮੱਸਿਆ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜੋ ਪੂਰੀ ਤਰ੍ਹਾਂ ਯਾਤਰੀ–ਪੱਖੀ ਹਨ। ਇਨ੍ਹਾਂ ਨਿਯਮਾਂ ਦਾ ਮੁੱਖ ਉਦੇਸ਼ ਟਿਕਟ ਰੱਦ ਕਰਨ ਅਤੇ ਰਿਫੰਡ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਬਣਾਉਣਾ ਹੈ।
ਨਵੀਆਂ ਧਾਰਾਵਾਂ ਅਨੁਸਾਰ ਯਾਤਰੀਆਂ ਨੂੰ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟਿਆਂ ਦਾ ਇੱਕ ਵਿਸ਼ੇਸ਼ ਸਮਾਂ ਮਿਲੇਗਾ। ਇਸ ਸਮੇਂ ਵਿਚ ਯਾਤਰੀ ਟਿਕਟ ਰੱਦ ਕਰ ਸਕਦਾ ਹੈ ਜਾਂ ਬਦਲ ਸਕਦਾ ਹੈ। ਇਸ ਲਈ ਕੋਈ ਵੀ ਰਾਸ਼ੀ ਕੱਟੀ ਨਹੀਂ ਜਾਵੇਗੀ। ਇਸ ਨੂੰ ‘ਲੁਕ-ਇਨ ਆਪਸ਼ਨ’ ਕਿਹਾ ਜਾ ਰਿਹਾ ਹੈ।
ਇਸ ਦੀਆਂ ਕੁਝ ਅਹਿਮ ਸ਼ਰਤਾਂ ਵੀ ਹਨ; ਜਿਵੇਂ ਕਿ ਟਿਕਟ ਸਿੱਧੀ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਤੋਂ ਬੁੱਕ ਕੀਤੀ ਹੋਣੀ ਚਾਹੀਦੀ ਹੈ। ਕਿਸੇ ਟ੍ਰੈਵਲ ਏਜੰਟ ਜਾਂ ਥਰਡ-ਪਾਰਟੀ ਐਪ ਤੋਂ ਬੁੱਕ ਕੀਤੀ ਟਿਕਟ ਇਸ ਲਾਭ ਲਈ ਯੋਗ ਨਹੀਂ ਹੋਵੇਗੀ। ਘਰੇਲੂ ਉਡਾਣ ਲਈ ਯਾਤਰਾ ਤਰੀਕ ਬੁੱਕਿੰਗ ਤੋਂ ਘੱਟੋ-ਘੱਟ 7 ਦਿਨ ਬਾਅਦ ਹੋਣੀ ਚਾਹੀਦੀ ਹੈ। ਕੌਮਾਂਤਰੀ ਉਡਾਣ ਲਈ ਘੱਟੋ-ਘੱਟ 15 ਦਿਨ ਬਾਅਦ ਹੋਣੀ ਚਾਹੀਦੀ ਹੈ।
ਤਬਦੀਲ ਕਰਨ ’ਤੇ ਸਿਰਫ਼ ਨਵੀਂ ਉਡਾਣ ਦਾ ਫ਼ਰਕ ਵਾਲਾ ਕਿਰਾਇਆ ਹੀ ਅਦਾ ਕਰਨਾ ਪਵੇਗਾ। 48 ਘੰਟਿਆਂ ਤੋਂ ਬਾਅਦ ਪੁਰਾਣੇ ਨਿਯਮ ਲਾਗੂ ਹੋਣਗੇ ਅਤੇ ਏਅਰਲਾਈਨ ਵਾਲਾ ਟਿਕਟ ਰੱਦ ਕਰਨ ਦਾ ਖਰਚਾ ਲਾਗੂ ਹੋਵੇਗਾ।
ਨਵੀਆਂ ਧਾਰਾਵਾਂ ਵਿਚ ਰਿਫੰਡ ਲਈ ਸਖ਼ਤ ਸਮਾਂ-ਸੀਮਾ ਵੀ ਤੈਅ ਕੀਤੀ ਗਈ ਹੈ: ਰੱਦ ਹੋਣ ਤੋਂ ਬਾਅਦ 7 ਦਿਨਾਂ ਵਿਚ ਰਿਫੰਡ ਕੀਤਾ ਜਾਵੇਗਾ। ਤੁਰੰਤ ਏਅਰਲਾਈਨ ਦੇ ਉਸੇ ਦਫ਼ਤਰ ਤੋਂ ਕੈਸ਼ ਰਿਫੰਡ ਵੀ ਲਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਏਅਰਲਾਈਨਾਂ ਨੂੰ ਰੱਦ ਕਰਨ ਦੀ ਹਾਲਤ ਵਿੱਚ ਕੱਟੇ ਜਾਣ ਵਾਲ਼ੇ ਖਰਚੇ ਬੁੱਕਿੰਗ ਵੇਲੇ ਹੀ ਸਪੱਸ਼ਟ ਦੱਸਣੇ ਪੈਣਗੇ ਅਤੇ ਯਾਤਰੀ ਨੂੰ ਫੋਰਸਡ ਕ੍ਰੈਡਿਟ ਸ਼ੈੱਲ ਵਿਚ ਧੱਕਣ ਤੋਂ ਰੋਕਿਆ ਗਿਆ ਹੈ। ਨਾਮ ਵਿਚ ਛੋਟੀ ਗਲਤੀ ਸੁਧਾਰਨ ਲਈ 24 ਘੰਟਿਆਂ ਵਿਚ ਬਿਨਾਂ ਖਰਚੇ ਦੀ ਸਹੂਲਤ ਵੀ ਹੈ।
ਪਹਿਲਾਂ ਯਾਤਰੀ ਅਕਸਰ ਗਲਤੀ ਨਾਲ ਟਿਕਟ ਬੁੱਕ ਕਰਨ ਤੋਂ ਬਾਅਦ ਵੱਡੀ ਰਕਮ ਟਿਕਟ ਰੱਦ ਕਰਨ ਦੇ ਖਰਚੇ ਵਜੋਂ ਗੁਆ ਬੈਠਦੇ ਸਨ। ਕਈ ਵਾਰ ਰੀਫ਼ੰਡ ਲਈ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਨਵੀਆਂ ਧਾਰਾਵਾਂ ਇਸ ਲਈ ਖਾਸ ਤੌਰ ’ਤੇ ਲਾਭਦਾਇਕ ਹਨ। ਜਿਨ੍ਹਾਂ ਦੀਆਂ ਯੋਜਨਾਵਾਂ ਅਚਾਨਕ ਬਦਲਦੀਆਂ ਹਨ ਜਾਂ ਬੁੱਕਿੰਗ ਵੇਲੇ ਗਲਤੀ ਹੋ ਜਾਂਦੀ ਹੈ।
2025 ਵਿਚ ਭਾਰਤ ਵਿਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਲਗਭਗ 16.69 ਕਰੋੜ ਰਹੀ, ਜੋ 2024 ਤੋਂ 3.48 ਫੀਸਦੀ ਵਧੀ ਹੈ। ਜਨਵਰੀ 2026 ਵਿਚ ਘਰੇਲੂ ਯਾਤਰੀਆਂ ਦੀ ਗਿਣਤੀ 152.49 ਲੱਖ ਰਹੀ, ਜੋ ਪਿਛਲੇ ਸਾਲ ਤੋਂ 4.36 ਫੀਸਦੀ ਵਾਧਾ ਦਰਜ ਕੀਤਾ ਗਿਆ।
ਇੰਡੀਗੋ ਵਰਗੀਆਂ ਏਅਰਲਾਈਨਾਂ ਦਾ ਬਾਜ਼ਾਰ ਵਿੱਚ ਹਿੱਸਾ ਵੱਡਾ ਹੈ ਅਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਵਿਚ ਰਿਫੰਡ ਅਤੇ ਟਿਕਟਾਂ ਰੱਦ ਕਰਨ ਦਾ ਖਰਚਾ ਇੱਕ ਵੱਡਾ ਹਿੱਸਾ ਰਿਹਾ ਹੈ। ਇਹ ਨਿਯਮ ਯਾਤਰੀਆਂ ਨੂੰ ਵਧੇਰੇ ਆਤਮਵਿਸ਼ਵਾਸ ਨਾਲ ਟਿਕਟ ਬੁੱਕ ਕਰਨ ਦੀ ਆਜ਼ਾਦੀ ਦੇਣਗੇ ਅਤੇ ਏਅਰਲਾਈਨਾਂ ਨੂੰ ਵੀ ਵਧੇਰੇ ਜ਼ਿੰਮੇਵਾਰ ਬਣਾਉਣਗੇ।


