Begin typing your search above and press return to search.

Canada ਦੀ PR ਛੱਡ ਕੇ ਭਾਰਤੀ ਮੁੰਡਾ ਦੁੱਖੀ ਹੋ ਕੇ India ਮੁੜਿਆ ਵਾਪਿਸ!

ਹੈਲਥਕੇਅਰ ਸਿਸਟਮ ਦੀਆਂ ਕਮਜ਼ੋਰੀਆਂ ਕਾਰਨ ਸਾਹਿਲ ਨੂੰ ਨਹੀਂ ਮਿਲਆ ਇਲਾਜ, ਭਾਰਤ ਜਾ ਕੇ ਸਾਹਿਲ ਨੇ ਕਰਵਾਇਆ ਇਲਾਜ, ਸ਼ੋਸ਼ਲ ਮੀਡੀਆ 'ਤੇ ਦੱਸੀ ਸੱਚਾਈ

Canada ਦੀ PR ਛੱਡ ਕੇ ਭਾਰਤੀ ਮੁੰਡਾ ਦੁੱਖੀ ਹੋ ਕੇ India ਮੁੜਿਆ ਵਾਪਿਸ!
X

Sandeep KaurBy : Sandeep Kaur

  |  6 April 2026 11:38 PM IST

  • whatsapp
  • Telegram

ਕੈਨੇਡਾ ਵਿੱਚ ਪੀ ਆਰ ਅਤੇ ਉੱਚੀ ਤਨਖਾਹ ਵਾਲੀ ਨੌਕਰੀ ਹੋਣ ਦੇ ਬਾਵਜੂਦ ਇੱਕ ਭਾਰਤੀ ਨੌਜਵਾਨ ਨੇ ਵਾਪਸ ਆਪਣੇ ਦੇਸ਼ ਜਾਣ ਦਾ ਫੈਸਲਾ ਕੀਤਾ। ਇਸ ਫੈਸਲੇ ਦੇ ਪਿੱਛੇ ਕਾਰਨ ਬਣੀ ਉਸਦੀ ਸਿਹਤ ਨਾਲ ਜੁੜੀ ਇੱਕ ਗੰਭੀਰ ਸਮੱਸਿਆ, ਜਿਸ ਨੇ ਕੈਨੇਡਾ ਦੇ ਹੈਲਥਕੇਅਰ ਸਿਸਟਮ ਦੀਆਂ ਕਮਜ਼ੋਰੀਆਂ ਨੂੰ ਉਸਦੇ ਸਾਹਮਣੇ ਰੱਖ ਦਿੱਤਾ। ਸਾਹਿਲ ਪੇਰਿਸ, ਜੋ ਪਹਿਲਾਂ ਟੋਰਾਂਟੋ ਵਿੱਚ ਇੱਕ ਟੈਕਨੋਲੋਜੀ ਪ੍ਰੋਫੈਸ਼ਨਲ ਵਜੋਂ ਕੰਮ ਕਰਦਾ ਸੀ, ਪੰਜ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਸਨੇ ਉੱਥੇ ਇੱਕ ਪ੍ਰਸਿੱਧ ਐੱਮਬੀਏ ਪ੍ਰੋਗਰਾਮ ਵਿੱਚ ਦਾਖਲਾ ਲਿਆ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੂੰ ਇੱਕ ਕੰਪਨੀ ਵਿੱਚ ਸੀਨੀਅਰ ਕਨਸਲਟੈਂਟ ਵਜੋਂ ਉੱਚੀ ਤਨਖਾਹ ਵਾਲੀ ਨੌਕਰੀ ਮਿਲ ਗਈ। ਵਧੀਆ ਅਪਾਰਟਮੈਂਟ, ਸੁਖਦਾਇਕ ਜੀਵਨਸ਼ੈਲੀ ਅਤੇ ਕਰੀਅਰ ਵਿੱਚ ਤਰੱਕੀ ਦੇ ਬਾਵਜੂਦ, ਉਹ ਆਪਣੀ ਜ਼ਿੰਦਗੀ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਸਾਹਿਲ ਨੇ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਦੱਸਿਆ ਕਿ ਉਸਦੀ ਜ਼ਿੰਦਗੀ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਉਸਨੂੰ ਐੱਮਬੀਏ ਦੇ ਆਖਰੀ ਮਹੀਨੇ ਵਿੱਚ ਗਰਦਨ ਦੀ ਸੱਟ ਲੱਗ ਗਈ। ਇਸ ਕਾਰਨ ਉਹ ਹਰ ਰੋਜ਼ ਦਰਦ ਨਾਲ ਜੂਝਦਾ ਰਿਹਾ। ਉਸਨੇ ਦੱਸਿਆ ਕਿ ਕੈਨੇਡਾ ਵਿੱਚ ਇਲਾਜ ਕਰਵਾਉਣਾ ਉਸਦੇ ਲਈ ਬਹੁਤ ਹੀ ਲੰਮਾ ਅਤੇ ਮੁਸ਼ਕਿਲ ਕੰਮ ਬਣ ਗਿਆ। ਉਸਦੇ ਮੁਤਾਬਕ, ਕੈਨੇਡਾ ਵਿੱਚ ਮਰੀਜ਼ ਸਿੱਧੇ ਸਪੈਸ਼ਲਿਸਟ ਡਾਕਟਰ ਕੋਲ ਨਹੀਂ ਜਾ ਸਕਦੇ।

ਪਹਿਲਾਂ ਇੱਕ ਫੈਮਿਲੀ ਡਾਕਟਰ ਨਾਲ ਰਜਿਸਟਰ ਹੋਣਾ ਲਾਜ਼ਮੀ ਹੁੰਦਾ ਹੈ, ਜੋ ਲੋੜ ਪੈਣ ‘ਤੇ ਅੱਗੇ ਰੈਫਰ ਕਰਦਾ ਹੈ। ਪਰ ਸਾਹਿਲ ਨੂੰ ਕਈ ਮਹੀਨਿਆਂ ਤੱਕ ਕੋਈ ਫੈਮਿਲੀ ਡਾਕਟਰ ਨਹੀਂ ਮਿਲਆ। ਉਸਨੇ ਦੱਸਿਆ ਕਿ ਟੋਰਾਂਟੋ ਵਿੱਚ ਉਸਨੇ ਲਗਭਗ 10 ਡਾਕਟਰਾਂ ਨਾਲ ਸੰਪਰਕ ਕੀਤਾ, ਪਰ ਕਿਸੇ ਨੇ ਵੀ ਉਸਨੂੰ ਮਰੀਜ਼ ਵਜੋਂ ਕਬੂਲ ਨਹੀਂ ਕੀਤਾ। ਅਖੀਰਕਾਰ, ਨਿੱਜੀ ਜਾਣ-ਪਛਾਣ ਰਾਹੀਂ ਉਸਨੂੰ ਇੱਕ ਡਾਕਟਰ ਮਿਲਆ, ਜੋ ਉਸਦੇ ਘਰ ਤੋਂ ਲਗਭਗ ਇੱਕ ਘੰਟੇ ਦੀ ਦੂਰੀ ‘ਤੇ ਸੀ। ਪਰ ਉੱਥੇ ਵੀ ਉਸਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਡਾਕਟਰ ਨੇ ਉਸਨੂੰ ਸਪੈਸ਼ਲਿਸਟ ਕੋਲ ਭੇਜਣ ਤੋਂ ਇਨਕਾਰ ਕਰ ਦਿੱਤਾ ਅਤੇ ਐੱਮਆਰਆਈ ਟੈਸਟ ਕਰਵਾਉਣ ਦੀ ਵੀ ਸਲਾਹ ਨਹੀਂ ਦਿੱਤੀ। ਡਾਕਟਰ ਦਾ ਕਹਿਣਾ ਸੀ ਕਿ ਜੇਕਰ ਕੋਈ ਵੱਡੀ ਸਮੱਸਿਆ ਵੀ ਨਿਕਲੀ ਤਾਂ ਸਰਜਰੀ ਲਈ ਸਾਲਾਂ ਲੱਗ ਸਕਦੇ ਹਨ, ਇਸ ਲਈ ਟੈਸਟ ਦੀ ਲੋੜ ਨਹੀਂ। ਇਸ ਦੇਰੀ ਅਤੇ ਡਾਕਟਰੀ ਸਹੂਲਤਾਂ ਦੀ ਕਮੀ ਕਾਰਨ ਸਾਹਿਲ ਦੀ ਹਾਲਤ ਹੋਰ ਵੀ ਖਰਾਬ ਹੋ ਗਈ। ਉਸਨੇ ਦੱਸਿਆ ਕਿ ਦਰਦ ਇੰਨਾ ਵੱਧ ਗਿਆ ਸੀ ਕਿ ਬੈਠਣਾ, ਖਾਣਾ ਬਣਾਉਣਾ ਜਾਂ ਦਿਨ ਦੇ ਹੋਰ ਕੰਮ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਅਖੀਰਕਾਰ, ਉਸਨੇ ਕੈਨੇਡਾ ਛੱਡ ਕੇ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ। ਬੈਂਗਲੁਰੂ ਵਿੱਚ ਉਸਦਾ ਇਲਾਜ ਤੁਰੰਤ ਹੋਇਆ, ਜਿੱਥੇ ਡਾਕਟਰਾਂ ਨੇ ਉਸਦੀ ਬਿਮਾਰੀ ਨੂੰ ਸਲਿਪ ਡਿਸਕ ਵਜੋਂ ਪਛਾਣਿਆ ਅਤੇ ਠੀਕ ਇਲਾਜ ਕੀਤਾ।

ਪਰਿਵਾਰ ਦੇ ਨੇੜੇ ਰਹਿਣ ਨਾਲ ਵੀ ਉਸਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ ਅਤੇ ਦੋ ਸਾਲਾਂ ਵਿੱਚ ਉਹ ਕਾਫ਼ੀ ਹੱਦ ਤੱਕ ਠੀਕ ਹੋ ਗਿਆ। ਸਾਹਿਲ ਹੁਣ ਇੱਕ ਕੰਟੈਂਟ ਕ੍ਰੀਏਟਰ ਵਜੋਂ ਕੰਮ ਕਰ ਰਿਹਾ ਹੈ ਅਤੇ ਆਪਣੇ ਤਜਰਬੇ ਸਾਂਝੇ ਕਰਦਾ ਹੈ। ਉਸਦਾ ਕਹਿਣਾ ਹੈ ਕਿ ਵਿਦੇਸ਼ ਜਾਣ ਸਮੇਂ ਲੋਕ ਜ਼ਿਆਦਾਤਰ ਨੌਕਰੀ ਅਤੇ ਪੈਸੇ ‘ਤੇ ਧਿਆਨ ਦਿੰਦੇ ਹਨ, ਪਰ ਹੈਲਥਕੇਅਰ ਸਿਸਟਮ ਦੀ ਮਹੱਤਤਾ ਨੂੰ ਅਕਸਰ ਅਣਡਿੱਠਾ ਕਰ ਦਿੰਦੇ ਹਨ। ਉਹ ਹੋਰਨਾਂ ਨੂੰ ਸਲਾਹ ਦਿੰਦਾ ਹੈ ਕਿ ਦੇਸ਼ ਬਦਲਣ ਤੋਂ ਪਹਿਲਾਂ ਉੱਥੇ ਦੀ ਸਿਹਤ ਸਹੂਲਤਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਸ਼ੁਰੂ ਹੋ ਗਈ ਹੈ। ਕਈ ਲੋਕਾਂ ਨੇ ਉਸਦੇ ਤਜਰਬੇ ਨਾਲ ਸਹਿਮਤੀ ਜਤਾਈ ਅਤੇ ਆਪਣੇ ਵੀ ਸਮਾਨ ਤਜਰਬੇ ਸਾਂਝੇ ਕੀਤੇ। ਹਾਲਾਂਕਿ ਕੁਝ ਲੋਕਾਂ ਨੇ ਉਸਦੀ ਗੱਲ ਨਾਲ ਅਸਹਿਮਤੀ ਵੀ ਜਤਾਈ ਅਤੇ ਕਿਹਾ ਕਿ ਇੱਕ ਵਿਅਕਤੀ ਦੇ ਤਜਰਬੇ ਦੇ ਆਧਾਰ ‘ਤੇ ਪੂਰੇ ਸਿਸਟਮ ਨੂੰ ਖਰਾਬ ਕਹਿਣਾ ਠੀਕ ਨਹੀਂ, ਕਿਉਂਕਿ ਕਈ ਲੋਕਾਂ ਨੂੰ ਕੈਨੇਡਾ ਵਿੱਚ ਵਧੀਆ ਸਿਹਤ ਸਹੂਲਤਾਂ ਵੀ ਮਿਲਦੀਆਂ ਹਨ। ਕੁੱਲ ਮਿਲਾ ਕੇ, ਇਹ ਕਹਾਣੀ ਵਿਦੇਸ਼ ਵਿੱਚ ਰਹਿਣ ਵਾਲਿਆਂ ਲਈ ਇੱਕ ਅਹਿਮ ਸਬਕ ਹੈ ਕਿ ਜ਼ਿੰਦਗੀ ਦੇ ਫੈਸਲੇ ਲੈਂਦੇ ਸਮੇਂ ਸਿਰਫ ਕਮਾਈ ਨਹੀਂ, ਸਗੋਂ ਸਿਹਤ ਅਤੇ ਪਰਿਵਾਰ ਦੀ ਮਹੱਤਤਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

Next Story
ਤਾਜ਼ਾ ਖਬਰਾਂ
Share it