ਕਿਸਾਨਾਂ ਨੂੰ ਅਮੀਰ ਬਣਾ ਸਕਦੀ ‘ਜੋਜੋਬਾ ਦੀ ਖੇਤੀ’, 7000 ਰੁਪਏ ਲੀਟਰ ਵਿਕਦਾ ਤੇਲ
ਜੋਜੋਬਾ ਦੀ ਖੇਤੀ ਕਰਕੇ ਕਿਸਾਨ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਸਕਦੇ ਨੇ। ਜੋਜੋਬਾ ਦਾ ਬੀਜ 500 ਰੁਪਏ ਪ੍ਰਤੀ ਕਿਲੋ ਤੱਕ ਮਿਲ ਜਾਂਦਾ ਏ, ਜਦਕਿ ਇਸ ਦੇ ਪੌਦਿਆਂ ਦੀ ਕੀਮਤ ਵੀ 15 ਤੋਂ 30 ਰੁਪਏ ਤੱਕ ਹੁੰਦੀ ਐ ਪਰ ਜੋਜੋਬਾ ਦੇ ਬੀਜਾਂ ਤੋਂ ਕੱਢਿਆ ਗਿਆ ਤੇਲ 7000 ਰੁਪਏ ਪ੍ਰਤੀ ਲੀਟਰ...
ਚੰਡੀਗੜ੍ਹ : ਕੋਈ ਸਮਾਂ ਸੀ ਜਦੋਂ ਲੋਕ ਖੇਤੀ ਨੂੰ ਬਹੁਤ ਫ਼ਾਇਦੇ ਵਾਲਾ ਧੰਦਾ ਨਹੀਂ ਸਮਝਦੇ ਸਨ। ਲੋਕਾਂ ਦਾ ਵਿਸ਼ਵਾਸ ਸੀ ਕਿ ਖੇਤੀ ਲਈ ਮਿਹਨਤ ਜ਼ਿਆਦਾ ਕਰਨੀ ਪੈਂਦੀ ਐ ਅਤੇ ਮੁਨਾਫਾ ਘੱਟ ਹੁੰਦਾ ਏ ਪਰ ਸਮਾਂ ਬਦਲ ਚੁੱਕਿਆ ਏ। ਨਵੀਂਆਂ ਤਕਨੀਕਾਂ ਅਤੇ ਨਵੇਂ ਕਿਸਮ ਦੀਆਂ ਫ਼ਸਲਾਂ ਨੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਦਿੱਤਾ ਏ। ਅੱਜ ਅਸੀਂ ਤੁਹਾਨੂੰ ਅਜਿਹੀ ਫ਼ਸਲ ਦੀ ਕਾਸ਼ਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਖੇਤੀ ਕਰਕੇ ਕਿਸਾਨ ਚੋਖਾ ਮੁਨਾਫ਼ਾ ਕਮਾ ਸਕਦੇ ਨੇ ਕਿਉਂਕਿ ਇਸ ਫ਼ਸਲ ਨੂੰ ਨਾ ਤਾਂ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਐ ਅਤੇ ਨਾ ਹੀ ਉਪਜਾਊ ਜ਼ਮੀਨ ਦੀ। ਹੋਰ ਤਾਂ ਹੋਰ ਇਸ ਦਾ ਬੂਟਾ ਇਕ ਵਾਰ ਲਗਾ ਕੇ ਸੌ ਸਾਲ ਤੋਂ ਵੀ ਵੱਧ ਸਮੇਂ ਤੱਕ ਫ਼ਲ ਦਿੰਦਾ ਰਹਿੰਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਫ਼ਸਲ ਦਾ ਨਾਮ ਅਤੇ ਕਿਵੇਂ ਬਣਾ ਸਕਦੀ ਐ ਇਹ ਕਿਸਾਨਾਂ ਨੂੰ ਅਮੀਰ।
ਭਾਵੇਂ ਕਿ ਕੁੱਝ ਲੋਕ ਖੇਤੀ ਨੂੰ ਜ਼ਿਆਦਾ ਮਿਹਨਤ ਅਤੇ ਘੱਟ ਕਮਾਈ ਵਾਲਾ ਧੰਦਾ ਸਮਝਦੇ ਨੇ ਪਰ ਮੌਜੂਦਾ ਸਮੇਂ ਦੀਆਂ ਤਕਨੀਕਾਂ ਅਤੇ ਚੰਗੀ ਨਸਲ ਦੀਆਂ ਫ਼ਸਲਾਂ ਨੇ ਖੇਤੀ ਨੂੰ ਇਕ ਲਾਹੇਵੰਦ ਧੰਦਾ ਬਣਾ ਦਿੱਤਾ ਏ, ਜਿਸ ਦੇ ਜ਼ਰੀਏ ਕਿਸਾਨਾਂ ਵੱਲੋਂ ਚੰਗੀ ਕਮਾਈ ਕੀਤੀ ਜਾ ਰਹੀ ਐ। ਦਰਅਸਲ ਖੇਤੀ ਇਕ ਅਜਿਹਾ ਕਾਰੋਬਾਰ ਐ, ਜਿਸ ਵਿਚ ਵੱਖ-ਵੱਖ ਕਿਸਮਾਂ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਨੇ। ਅਜਿਹੀ ਹੀ ਫ਼ਸਲ ਐ ਜੋਜੋਬਾ,,, ਜਿਸ ਦੀ ਖੇਤੀ ਕਰਕੇ ਕਿਸਾਨ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਸਕਦੇ ਨੇ। ਜੋਜੋਬਾ ਦਾ ਬੀਜ 500 ਰੁਪਏ ਪ੍ਰਤੀ ਕਿਲੋ ਤੱਕ ਮਿਲ ਜਾਂਦਾ ਏ, ਜਦਕਿ ਇਸ ਦੇ ਪੌਦਿਆਂ ਦੀ ਕੀਮਤ ਵੀ 15 ਤੋਂ 30 ਰੁਪਏ ਤੱਕ ਹੁੰਦੀ ਐ ਪਰ ਜੋਜੋਬਾ ਦੇ ਬੀਜਾਂ ਤੋਂ ਕੱਢਿਆ ਗਿਆ ਤੇਲ ਦੋ ਚਾਰ ਸੌ ਨਹੀਂ ਬਲਕਿ 7000 ਰੁਪਏ ਪ੍ਰਤੀ ਲੀਟਰ ਵਿਕਦਾ ਏ। ਸਭ ਤੋਂ ਖ਼ਾਸ ਗੱਲ ਇਹ ਵੀ ਐ ਕਿ ਇਸ ਦਾ ਇਕ ਵਾਰ ਲਗਾਇਆ ਗਿਆ ਬੂਟਾ 100 ਤੋਂ 200 ਸਾਲ ਤੱਕ ਫ਼ਲ ਦਿੰਦਾ ਰਹਿੰਦਾ ਏ।
ਦਰਅਸਲ ਜੋਜੋਬਾ ਇਕ ਝਾੜੀਨੁਮਾ ਛੋਟਾ ਰੁੱਖ ਐ, ਜਿਸ ਵਿਚ ਬਹੁਤ ਸਾਰੇ ਤਣੇ ਹੁੰਦੇ ਨੇ ਅਤੇ ਮਾਰੂਥਲ ਦੇ ਇਲਾਕਿਆਂ ਵਿਚ ਉਗਦੇ ਨੇ। ਜੋਜੋਬਾ ਦੇ ਰੁੱਖ ਦੀ ਲੰਬਾਈ 8 ਤੋਂ 19 ਫੁੱਟ ਤੱਕ ਉਚੀ ਹੋ ਸਕਦੀ ਐ। ਇਸ ਦੀ ਕਾਸ਼ਤ ਗਰਮ ਅਤੇ ਖੁਸ਼ਕ ਦੋਵੇਂ ਮੌਸਮਾਂ ਵਿਚ ਆਸਾਨੀ ਨਾਲ ਕੀਤੀ ਜਾ ਸਕਦੀ ਐ। ਜੋਜੋਬਾ ਦੇ ਪੌਦੇ ਥੋੜ੍ਹੀ ਜਿਹੀ ਸਿੰਚਾਈ ਨਾਲ ਹੀ ਵਧਣੇ ਸ਼ੁਰੂ ਹੋ ਜਾਂਦੇ ਨੇ। ਜੇਕਰ ਮਿੱਟੀ ਰੇਤਲੀ ਹੋਵੇ ਤਾਂ ਇਹ ਹੋਰ ਵੀ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੁੰਦੀ ਐ। ਯਾਨੀ ਕਿ ਜੋਜੋਬਾ ਦੀ ਖੇਤੀ ਪਾਣੀ ਦੇ ਸੰਕਟ ਨਾਲ ਜੂਝ ਰਹੇ ਇਲਾਕਿਆਂ ਲਈ ਵਰਦਾਨ ਸਾਬਤ ਹੋ ਸਕਦੀ ਐ। ਹੋਰ ਤਾਂ ਹੋਰ ਇਸ ਵਿਚ ਕਿਸੇ ਤਰ੍ਹਾਂ ਦੀ ਖਾਦ ਪਾਉਣ ਦੀ ਵੀ ਲੋੜ ਨਹੀਂ ਪੈਂਦੀ।
ਜੇਕਰ ਜੋਜੋਬਾ ਦੀ ਵਰਤੋਂ ਦੀ ਗੱਲ ਕੀਤੀ ਜਾਵੇ ਤਾਂ ਜੋਜੋਬਾ ਨੂੰ ਚਮੜੀ ਰੋਗ ਨਾਲ ਸਬੰਧਤ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਏ ਅਤੇ ਇਸ ਦੇ ਤੇਲ ਵਿਚ ਵੈਕਸ ਐਸਟਰ ਮੌਜੂਦ ਹੁੰਦੇ ਨੇ, ਜਿਸ ਦੀ ਵਰਤੋਂ ਚਮੜੀ ਨੂੰ ਨਮੀ ਦੇਣ ਵਾਲੇ ਪ੍ਰੋਡਕਟਾਂ, ਬਾਡੀ ਲੋਸ਼ਨ, ਸ਼ੈਂਪੂ ਅਤੇ ਵਾਲਾਂ ਦੇ ਤੇਲਾਂ ਲਈ ਕੀਤੀ ਜਾਂਦੀ ਐ। ਦੁਨੀਆ ਭਰ ਵਿਚ ਜੋਜੋਬਾ ਦੀ ਕਾਫ਼ੀ ਜ਼ਿਆਦਾ ਮੰਗ ਐ ਅਤੇ ਇਸ ਫ਼ਸਲ ਦੇ ਭਾਅ ਵੀ ਚੰਗੇ ਨੇ, ਜਿਸ ਕਰਕੇ ਕਿਸਾਨ ਇਸ ਤੋਂ ਚੋਖੀ ਕਮਾਈ ਕਰ ਸਕਦੇ ਨੇ। ਇਕ ਜਾਣਕਾਰੀ ਅਨੁਸਾਰ 20 ਕਿਲੋ ਜੋਜੋਬਾ ਦੇ ਬੀਜਾਂ ਤੋਂ 10 ਕਿਲੋ ਤੇਲ ਕੱਢਿਆ ਜਾ ਸਕਦਾ ਏ। ਰਾਜਸਥਾਨ ਵਿਚ ਤਾਂ ਬਹੁਤ ਸਾਰੇ ਕਿਸਾਨਾਂ ਨੇ ਜੋਜੋਬਾ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਐ। ਕਿਸਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਏਕੜ ਵਿਚੋਂ 5 ਕੁਇੰਟਲ ਜੋਜੋਬਾ ਦੀ ਕਾਸ਼ਤ ਹੋ ਜਾਂਦੀ ਐ ਅਤੇ ਇਨ੍ਹਾਂ ਬੀਜਾਂ ਵਿਚੋਂ ਕੱਢਿਆ ਹੋਇਆ ਤੇਲ 7000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਦਾ ਏ, ਯਾਨੀ ਕਿ ਇਕ ਏਕੜ ਵਿਚੋਂ 250 ਲੀਟਰ ਤੇਲ ਪੈਦਾ ਕੀਤਾ ਜਾ ਸਕਦਾ ਏ, ਜਿਸ ਨਾਲ ਕਿਸਾਨ ਇਕ ਸਾਲ ਦੇ ਅੰਦਰ ਹੀ 15 ਤੋਂ 17 ਲੱਖ ਰੁਪਏ ਦੀ ਕਮਾਈ ਕਰ ਸਕਦੇ ਨੇ।
ਦੱਸ ਦਈਏ ਕਿ ਜੋਜੋਬਾ ਦੀ ਖੇਤੀ ਦਾ ਇਤਿਹਾਸ ਅਮਰੀਕਾ ਦੇ ਐਰੀਜ਼ੋਨਾ, ਕੈਲੀਫੋਰਨੀਆ, ਮੈਕਸੀਕੋ ਅਤੇ ਮੋਜਾਵੇ ਰੇਗਿਸਤਾਨ ਨਾਲ ਜੁੜਿਆ ਹੋਇਆ ਏ ਪਰ ਹੁਣ ਇਸ ਦੀ ਖੇਤੀ ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿਚ ਹੋਣ ਲੱਗ ਪਈ ਐ।
ਸੋ ਇਸ ਖੇਤੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ