ਚੀਨੀ ਆਰਥਿਕ ਵਿਵਸਥਾ ਦਾ ਸੱਚ ਕੀ ਹੈ?
ਵਿਸ਼ਵ ਪ੍ਰਸਿੰਧ ਤੇਜ਼ ਤਰਾਰ ਆਗੂਆਂ, ਬੁੱਧੀਜੀਵੀਆਂ ਅਤੇ ਡਿਪਲੋਮੈਟਾਂ ਲਈ ਇਹ ਅੰਦਾਜ਼ਾ ਲਗਾਉਣਾ ਕੋਈ ਪੇਚੀਦਾ ਕਾਰਜ ਨਹੀਂ ਸੀ ਕਿ ਚੀਨ ਅਤੇ ਅਮਰੀਕਾ ਦੇ ਸਰਵਉੱਚ ਆਗੂ ਕਿਉਂ ਮਿਲੇ?
‘ਦਰਬਾਰਾ ਸਿੰਘ ਕਾਹਲੋਂ’
ਚੀਨ ਅੰਦਰ ਕਮਿਊਨਿਸਟ ਸਾਸ਼ਨ ਪ੍ਰਬੰਧ ਬਾਰੇ ਪੂਰੇ ਵਿਸ਼ਵ ਵਿਚ ਇਹ ਮਿੱਥ ਮਸ਼ਹੂਰ ਹੈ ਕਿ ਇਸ ਦੀ ਆਰਥਿਕਤਾ ਬੜੀ ਤੇਜ਼ ਗਤੀ ਨਾਲ ਇੱਕ ਜਾਬਤਾ ਭਰੀ ਪ੍ਰਣਾਲੀ ਅਧੀਨ ਵਿਕਾਸ ਦੀ ਡਗਰ ਵੱਲ ਗਾਮਜ਼ਨ ਹੈ। ਚੀਨੀ ਨਾਗਰਿਕ ਇਹ ਮੰਨ ਕੇ ਸੁਖਦ ਮਹਿਸੂਸ ਕਰਦੇ ਚਲੇ ਆ ਰਹੇ ਹਨ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਵਰਗੀ ਮਹਾਂਸ਼ਕਤੀ ਨਾਲੋਂ ਕਿਸੇ ਗੱਲੋਂ ਪਿੱਛੇ ਨਹੀਂ ਹੈ ਉਹ ਭਾਵੇਂ ਆਰਥਿਕ, ਤਕਨੀਕੀ, ਸਮਾਜਿਕ ਸੁਰੱਖਿਆ, ਪ੍ਰਮਾਣੂ, ਫੌਜੀ ਅਤੇ ਡਿਪਲੋਮੇਸੀ ਸਬੰਧੀ ਖੇਤਰ ਹੋਣ। ਉਨ੍ਹਾਂ ਨੂੰ ਆਪਣੇ ਦੇਸ਼, ਇਸ ’ਤੇ ਕਾਬਜ਼ ਕਮਿਊਨਿਸਟ ਪਾਰਟੀ ਅਤੇ ਇਸਦੀ ਲੀਡਰਸ਼ਿਪ ’ਤੇ ਮਾਣ ਹੈ। ਪਰ ਹਕੀਕਤ ਵਿਚ ਇਹ ਪੂਰੇ ਦਾ ਪੂਰਾ ਮੰਜ਼ਰ ਇੱਕ ਖੋਖਲਾਪਣ ਵਿਵਸਥਾ ਤੇ ਸਿਰਜਿਆ ਜਾ ਰਿਹਾ ਹੈ ਜੋ ਇੱਕ ਰਾਜਨੀਤਕ ਅਡੰਬਰ ’ਤੇ ਟਿਕਿਆ ਹੋਇਆ ਹੈ ਜੋ ਬੰਦੂਕ ਦੀ ਗੋਲੀ ਵਿਚੋਂ ਨਿਕਲਣ ਵਾਲੀ ਸ਼ਕਤੀ ਦੇ ਡਰ ਦੀ ਉਪਜ ਹੈ।
ਨਿਰਾਸ਼ਾ : ਚੀਨ ਅੰਦਰ ਰੋਜ਼ਾਨਾ ਜ਼ਿੰਦਗੀ ਧੋਖੇਬਾਜ਼ੀ ਰਾਹੀਂ ਸੰਚਾਲਤ ਐਸਾ ਵਿਸਵਾਸ਼ ਹੈ ਜੋ ਲਗਾਤਾਰ ਨਿਰਾਸ਼ਾ ਦੇ ਆਲਮ ਵਿਚ ਘਿਰਦਾ ਚਲਾ ਜਾ ਰਿਹਾ ਹੈ। ਅੱਜ ਸੋਸ਼ਲ ਮੀਡੀਏ ਦਾ ਯੁੱਗ ਹੈ। ਇਹ ਇੱਕ ਤਾਕਤਵਰ ਅਤੇ ਬਗੈਰ ਵਾਗਾਂ ਦੇ ਹਵਾ ਵਿਚ ਉੱਡਦਾ ਚੇਤਕ ਘੋੜਾ ਹੈ। ਅੱਖ ਦੇ ਫੋਰ ਵਿਚ ਇਹ ਵਿਸ਼ਵ ਦੇ ਫੰਨੇ ਖਾਂ ਆਗੂਆਂ ਨੂੰ ਨੰਗੇ ਕਰਨ ਦੀ ਸ਼ਕਤੀ ਰੱਖਦਾ ਹੈ। ਚੀਨੀ ਲੋਕ ਦੇਸ਼ ਅੰਦਰ ਪਸਰ ਰਹੀ ਰਾਜਨੀਤਕ, ਆਰਥਿਕ ਅਤੇ ਰੋਜ਼ਾਨਾ ਜ਼ਿੰਦਗੀ ਸਬੰਧੀ ਨਿਰਾਸ਼ਾ ਨੂੰ ਘਰਾਂ, ਨਿੱਜੀ ਮਿਲਣਗੀਆਂ ਅਤੇ ਵਿਸ਼ੇਸ਼ ਸਮਾਰੋਹਾਂ ਵਿਚ ਸਰਕਾਰੀ ਅਤੇ ਕਮਿਊਨਿਸਟ ਪਾਰਟੀ ਅਧਾਰਿਤ ਖੁਫੀਆਂ ਏਜੰਸੀਆਂ ਤੋਂ ਅੱਖ ਬਚਾਅ ਕੇ ਘੁੱਸਰਮੁੱਸਰ ਕਰਦੇ ਵੇਖੇ ਜਾਂਦੇ ਹਨ। ਉਹ ਅਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਬੇਰੋਜ਼ਗਾਰੀ, ਉਜਰਤਾਂ ਵਿਚ ਕਟੌਤੀ ਅਤੇ ਪਬਲਿਕ ਸਹੂਲਤਾਂ ਵਿਚ ਪੈਦਾ ਹੋ ਰਹੀ ਕਮੀ ਤੋਂ ਪੀੜਤ ਮਹਿਸੂਸ ਕਰ ਰਹੇ ਹਨ। ਕਈ ਵਾਰ ਦੋ ਵਕਤ ਦੀ ਰੋਟੀ ਨੂੰ।
ਕੌਮਾਂਤਰੀ ਪੱਧਰ ’ਤੇ ਚੀਨੀ ਆਰਥਿਕ ਵਿਕਾਸ, ਤਕਨੀਕੀ ਅਤੇ ਸਾਇੰਸੀ ਪ੍ਰਾਪਤੀਆਂ ਮਹਿਜ਼ ਵਿਖਾਵਾ ਹਨ। ਅੰਦਰਖਾਤੇ ਖੋਖਲੇਪਣ ਆਰਥਿਕਤਾ ਦੇ ਸ਼ਿਕਾਰ ਅਮਰੀਕਾ ਅਤੇ ਚੀਨ ਦੀ ਚਲਾਕੀ ਵੇਖੋ! ਇਸ ’ਤੇ ਪਰਦਾਪੋਸ਼ੀ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿੰਨ ਪਿੰਗ ਮਿਲਦੇ ਹਨ। ਅਮਰੀਕੀ ਟੈਰਿਫ ਤੋਂ ਉਤਪੰਨ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਨੂੰ ਵਿਰਾਮ ਦੇਣ ਦਾ ਨਿਰਣਾ ਲੈਂਦੇ ਹਨ। ਸੋਸ਼ਲ ਮੀਡੀਆ, ਵਿਸ਼ਵ ਪ੍ਰਸਿੰਧ ਤੇਜ਼ ਤਰਾਰ ਆਗੂਆਂ, ਬੁੱਧੀਜੀਵੀਆਂ ਅਤੇ ਡਿਪਲੋਮੈਟਾਂ ਲਈ ਇਹ ਅੰਦਾਜ਼ਾ ਲਗਾਉਣਾ ਕੋਈ ਪੇਚੀਦਾ ਕਾਰਜ ਨਹੀਂ ਸੀ ਕਿ ਚੀਨ ਅਤੇ ਅਮਰੀਕਾ ਦੇ ਸਰਵਉੱਚ ਆਗੂ ਕਿਉਂ ਮਿਲੇ?
ਬੇਨਕਾਬ : ਚੀਨ ਅੰਦਰ ਅਜੋਕੀ ਸ਼ੀ ਜਿੰਨ ਪਿੰਗ ਲੀਡਰਸ਼ਿਪ ਪੂਰੇ ਯਤਨਾਂ ਨਾਲ ਦੇਸ਼ਵਾਸੀਆਂ ਨੂੰ ਭਰੋਸਾ ਦਿੰਦੀ ਵਿਖਾਈ ਦੇ ਰਹੀ ਹੈ ਕਿ ਦੇਸ਼ ਕਿਸੇ ਵੀ ਰਾਜਨੀਤਕ, ਆਰਥਿਕ, ਡਿਪਲੋਮੈਟਿਕ ਅਤੇ ਫੌਜੀ ਚੁਣੌਤੀ ਨੂੰ ਕਰਾਰਾ ਜਵਾਬ ਦੇਣ ਸਮਰੱਥ ਹੈ। ਪਰ ਦੇਸ਼ ਦੀ ਅੰਦਰੂਨੀ ਹਾਲਤ ਲੀਡਰਸ਼ਿਪ ਦੇ ਐਸੇ ਝੂਠ ਦਾ ਲਬਾਦਾ ਲੋਕਾਂ ਸਾਹਮਣੇ ਹਕੀਕਤਾਂ, ਤੱਥਾਂ ਅਤੇ ਨੰਗੀ ਅੱਖ ਨਾਲ ਦਿਸ ਰਹੇ ਮੰਦੇ ਹਲਾਤਾਂ ਰਾਹੀਂ ਬੇਨਕਾਬ ਕਰ ਰਹੀ ਹੈ। ਲੋਕਾਂ ਦੇ ਮੂੰਹ ਤੋਂ ਐਸੀ ਹਕੀਕਤ ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਦੀ ਤਰ੍ਹਾਂ ਬਿਆਨ ਹੋ ਰਹੀ ਏ। ਲੋਕ ਬੋਲਦੇ ਸੁਣੇ ਜਾ ਰਹੇ ਹਨ ‘ਵਾਈ ਕੀ ਆਂਗ, ਜੋਂਗ ਗਨ’ ਭਾਵ ‘ਬਾਹਰੋਂ ਮਜ਼ਬੂਤ, ਅੰਦਰੋਂ ਖੱਖੜੀ ਖੱਖੜ੍ਹੀ।’
ਚੀਨ ਰਾਸ਼ਟਰ ਕਰੋੜਾਂ ਗਰੀਬ, ਪੱਛੜੇ, ਕਮਜ਼ੋਰ, ਬੇਆਵਾਜ਼ ਲੋਕਾਂ ਦੀ ਕੀਮਤ ਤੇ, ਜੋ ਰਾਜ ਅਤੇ ਇਸ ’ਤੇ ਕਾਬਜ਼ ਤਾਕਤਵਰ ਲੋਕਾਂ ਅਤੇ ਰਾਜਨੀਤਕ ਸੰਗਠਨ ਅੱਗੇ ਆਵਾਜ਼ ਨਹੀਂ ਉਠਾ ਸਕਦੇ ਆਪਣੇ ਆਪ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਮਹਾਂ ਸ਼ਕਤੀ ਸਿਰਜਦਾ ਦਰਸਾਉਂਦਾ ਹੈ।
ਚੀਨ ਹੀ ਨਹੀਂ ਅਜੋਕੇ ਆਰਥਿਕ ਮੰਦਹਾਲੀ ਅਤੇ ਵਪਾਰਕ ਉੱਥਲਪੁੱਥਲ ਦੇ ਦੌਰ ਵਿਚ ਅਮਰੀਕਾ, ਯੂਕੇ, ਫਰਾਂਸ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਦੱਖਣੀ ਅਫਰੀਕਾ, ਬ੍ਰਾਜ਼ੀਲ, ਭਾਰਤ, ਤੁਰਕੀ, ਰੂਸ ਆਦਿ ਵਰਗੇ ਦੇਸ਼ ਅੰਦਰੂਨੀ ਤੌਰ ’ਤੇ ਆਮ ਜਨ ਜੀਵਨ ਭੈੜੇ ਹਲਾਤਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਬਾਹਰੀ ਤੌਰ ’ਤੇ ਆਪਣੇ ਆਪ ਨੂੰ ਸ਼ਕਤੀਸ਼ਾਲੀ, ਸਵੈਨਿਰਭਰ ਅਤੇ ਵਧੀਆ ਸਮਾਜਿਕ ਹਲਾਤਾਂ ਵਿਚ ਵਿਗਸਣ ਦਾ ਡਰਾਮਈ ਪ੍ਰਭਾਵ ਦੇ ਰਹੇ ਹਨ।
ਹਕੀਕਤ : ਚੀਨ ਵਿਚ ਰੋਜ਼ਾਨਾ ਰੋਜ਼ਗਾਰ ਦੀ ਤਲਾਸ਼ ਵਿਚ ਲੋਕ ਦਰਦਰ ਭਟਕਦੇ ਦਿਸ ਰਹੇ ਹਨ। ਵੱਡੇ ਪੱਧਰ ’ਤੇ ਲੋਕ ਦੋ ਵਕਤ ਦੀ ਰੋਟੀ ਲਈ ਤਰਸਦੇ ਹਨ। ਇੱਕ ਡਾਲਰ ਵਿਚ ਗੁਜ਼ਾਰਾ ਕਰਨ ਲਈ ਬੇਬਸ ਹਨ। ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ, ਖਾਣਾ, ਪਹਿਨਣਾ, ਮਨੋਰੰਜਨ ਦੇਣ ਲਈ ਜੱਦੋ ਜਹਿਦ ਕਰਦੇ ਵੇਖੇ ਜਾ ਰਹੇ ਹਨ। ਲੋਕਾਂ ਦੇ ਮਨਾਂ ਵਿਚੋਂ ਲਗਾਤਾਰ ਸਾਸ਼ਕਾਂ ਦੀ ਨਿਰਕੁੰਸ਼ਤਾ ਕਰਕੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀਆਂ ਭਾਵਨਾਵਾਂ ਮਹੱਤਵਹੀਨ ਹੁੰਦੀਆਂ ਚਲੀਆਂ ਜਾ ਰਹੀਆਂ ਹਨ। ਲੋਕ ਘਰੇਲੂ ਜੀਵਨ, ਰੁਜ਼ਗਾਰ, ਪਰਿਵਾਰਕ ਪੋਸ਼ਣ, ਬਿਮਾਰੀਆਂ ਭਰੇ ਮਾਹੌਲ ਵਿਚ ਘਿਰਦੇ ਜਾ ਰਹੇ ਹਨ।
ਵੱਧਦੀ ਬੇਰੋਜ਼ਗਾਰੀ ਅਤੇ ਜਨਤਕ ਬਦਜ਼ਨੀ ਨੂੰ ਸੰਨ 2024 ਵਿਚ ਅੰਕੜਾ ਹੇਰਾ ਫੇਰੀ ਨਾਲ ਲੁਕਾਇਆ ਗਿਆ ਹੈ। ਫਿਰ ਵੀ ਤਸਵੀਰ ਚਿੰਤਾਜਨਕ ਬਣੀ ਵਿਖਾਈ ਦਿੱਤੀ। 200 ਮਿਲੀਅਨ ਲੋਕ ਆਰਥਿਕ ਮੰਦਹਾਲੀ ਦੀ ਮੰਝਧਾਰ ਵਿਚ ਫਸੇ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਰਾਹਤ ਸਬੰਧੀ ਆਸ਼ਾ ਦੀ ਕਿਰਨ ਦੀ ਤਵੱਜੋਂ ਨਹੀਂ ਰੱਖ ਰਹੇ। ਕਾਰੋਬਾਰ ਘਾਟੇ ਵਿਚ ਜਾਣ ਜਾਂ ਖਤਮ ਹੋਣ ਕਰਕੇ, ਕੀਮਤਾਂ ਵਿਚ ਵਾਧੇ ਸਬੱਬ ਰੋਜ਼ਮਰਰਾ ਦੀਆਂ ਵਸਤਾਂ ਖਰੀਦਣ ਦੀ ਸਥਿਤੀ ਵਿਚ ਨਹੀਂ ਹਨ। ਘੱਟ ਉਜਰਤਾਂ ਮਾਰੇ ਦੂਸਰੇ ਸੂਬਿਆਂ ਦੇ 300 ਮਿਲੀਅਨ ਲੋਕ ਵਾਪਸ ਕੰਮਾਂ ਤੇ ਪਰਤਣਾ ਨਹੀਂ ਚਾਹੁੰਦੇ।
ਹਾਲਤ ਇਹ ਬਣਦੀ ਚਲੀ ਜਾ ਰਹੀ ਹੈ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਚਿੰਤਾਵਾਂ ਕਰਕੇ ਲੋਕ ਸ਼ਾਦੀ ਕਰਾਉਣ ਤੋਂ ਕਿਨਾਰਾ ਕਰ ਰਹੇ ਹਨ। ਜੇ ਸ਼ਾਦੀਆਂ ਕਰ ਵੀ ਲੈਂਦੇ ਹਨ ਤਾਂ ਬੱਚੇ ਨਾ ਪੈਦਾ ਕਰਨ ਦਾ ਨਿਰਣਾ ਲੈ ਰਹੇ ਹਨ। ਨਤੀਜੇ ਵਜੋਂ ਚੀਨ ਦੀ ਆਬਾਦੀ ਵਿਚ ਕਮੀ ਹੋ ਰਹੀ ਹੈ। ਇਸੇ ਕਰਕੇ ਆਬਾਦੀ ਪੱਖੋਂ ਭਾਰਤ ਉਸ ਤੋਂ ਅੱਗੇ ਨਿਕਲ ਗਿਆ ਹੈ।
ਅਮੀਰ ਅਤੇ ਗਰੀਬ ਪਾੜਾ ਵੱਧ ਰਿਹਾ ਹੈ ਕਮਿਊਨਿਸਟ ਚੀਨ ਵਿਚ ਕਾਰਪੋਰੇਟ ਪ੍ਰਭਾਵ ਕਰਕੇ। ਭੇਦਭਾਵ ਪ੍ਰਿਆ ਇਸੇ ਕਰਕੇ ਕਾਰੋਬਾਰ, ਪ੍ਰਸਾਸ਼ਨ ਅਤੇ ਸਨਅਤੀ ਅਦਾਰਿਆਂ ਵਿਚ ਵਧਣ ਕਰਕੇ ਸਮਾਜਿਕ ਅਸ਼ਾਂਤੀ ਪੈਦਾ ਹੋ ਰਹੀ ਹੈ। ਚੀਨ ਅੰਦਰ 15 ਤੋਂ 64 ਸਾਲ ਉਮਰ ਦੀ ਲੇਬਰ ਸ਼ਕਤੀ ਸੁੰਘੜ ਰਹੀ ਹੈ। ਸੰਨ 2030 ਤੱਕ ਸਲਾਨਾ ਇਸ ਦੇ 1 ਪ੍ਰਤੀਸ਼ਤ ਸੁੰਘੜਨ ਦਾ ਅਨੁਮਾਨ ਹੈ। ਕਾਮਿਆਂ ਵਿਚ ਹੁਨਰਮੰਦੀ ਘਟਣ ਕਰਕੇ ਚੀਨੀ ਕੁੱਲ ਪੈਦਾਵਾਰ ਵਿਚ 3 ਪ੍ਰਤੀਸ਼ਤ ਕਮੀ ਆਈ ਹੈ। ਰੀਅਲ ਅਸਟੇਟ ਕਾਰੋਬਾਰ ਵਿਚ ਕਮੀ ਵੇਖੀ ਗਈ ਹੈ। ਸੰਨ 2021 ਵਿਚ 1.794 ਬਿਲੀਅਨ ਵਰਗ ਮੀਟਰ ਘਰ ਵਿਕੇ। ਸੰਨ 2024 ਵਿਚ ਇਹ ਵਿੱਕਰੀ ਘੱਟ ਕੇ 947 ਮਿਲੀਅਨ ਵਰਗ ਮੀਟਰ ਰਹਿ ਗਈ। ਬੱਝਵੇਂ ਨਿਵੇਸ਼ ਵਿਚ ਕੋਵਿਡ19 ਸਮੇਂ ਸੰਨ 2019 ਵਿਚ 13.2 ਕਮੀ ਵੇਖੀ ਗਈ ਜੋ ਇਸ ਸਾਲ ਸੰਨ 2025 ਵਿਚ 15.5 ਪ੍ਰਤੀਸ਼ਤ ਹੋ ਗਈ।
ਚੀਨੀ ਆਰਾਥਿਕਤਾ ਵਿਚ ਖੜੋਤ ਅਤੇ ਗਿਰਾਵਟ ਮਲੇਸ਼ੀਆ ਅਤੇ ਥਾਈਲੈਂਡ ਆਰਥਿਕਤਾਵਾਂ ਦੀ ਤਰਜ਼ ’ਤੇ ਵੇਖਣ ਨੂੰ ਮਿਲ ਰਹੀ ਹੈ। ਕਰਜ਼ਾ, ਆਰਥਿਕਤਾ ਦੇ ਆਕਾਰ ਨਾਲੋਂ ਵੱਧ ਰਿਹਾ ਹੈ ਜਦਕਿ ਅਮਰੀਕਾ ਅਤੇ ਜਾਪਾਨ ਇਸ ਤੋਂ ਬਚੇ ਹੋਏ ਹਨ। ਚੀਨ ਦਾ ਕਾਰਪੋਰੇਟ ਕਰਜ਼ਾ ਇਸਦੀ ਜੀਡੀਪੀ ਦਾ 131 ਪ੍ਰਤੀਸ਼ਤ ਹੋ ਗਿਆ ਹੈ। ਘਰੇਲੂ ਬੈਂਕ ਇਸ ਨੂੰ ਅਜੇ ਵੀ ਚਿੰਤਾਜਨਕ ਨਹੀਂ ਮੰਨ ਰਹੇ। ਲੀਅਨਪਿੰਗ ਡਾਇਰੈਕਟਰ ਚੀਨੀ ਮੁੱਖ ਆਰਥਿਕ ਫੋਰਮ ਅਨੁਸਾਰ ਚੀਨ ਦੀ ਆਰਥਿਕ ਸਥਿਤੀ ਅਨਿਸ਼ਚਿਤ ਬਣੀ ਪਈ ਹੈ। ਚੀਨ ਦੀ ਪ੍ਰਤੀ ਜੀਅ ਆਮਦਨ 13000 ਡਾਲਰ ਹੈ ਜੋ ਸਿਰਫ ਅਮਰੀਕੀ ਪ੍ਰਤੀ ਜੀਅ ਆਮਦਨ ਦਾ 17 ਪ੍ਰਤੀਸ਼ਤ ਹੈ।
ਨਰਾਜ਼ਗੀ : ਸਤੰਬਰ, 2025 ਵਿਚ ਚੀਨੀ ਕਮਿਊਨਿਸਟ ਪਾਰਟੀ ਨੇ ਦੂਸਰੀ ਵੱਡੀ ਜੰਗ ਦੇ ਖਾਤਮੇ ਦੀ 80ਵੀਂ ਵਰ੍ਹੇਗੰਢ ਬੜੇ ਸ਼ਾਹਾਨਾ ਢੰਗ ਨਾਲ ਮਨਾਈ ਗਈ। ਇਸ ਤੋਂ ਨਰਾਜ਼ ਲੋਕ ਕਹਿ ਰਹੇ ਸਨ ਕਿ ਇਸ ਬੇਲੋੜੀ ਪ੍ਰਿਆ ਤੇ ਬਿਲੀਅਨ ਡਾਲਰ ਖਰਚ ਕਰਨ ਦੀ ਲੋੜ ਸੀ? ਇਨ੍ਹਾਂ ਨੂੰ ਲੋਕਾਂ ਦੀਆਂ ਰੋਜ਼ਮਰਰਾ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਖਰਚ ਕਰਨਾ ਚਾਹੀਦਾ ਸੀ।
ਸੋਸ਼ਲ ਮੀਡੀਆ ਜੋ ਸੱਚਾਈ ਚੀਨੀ ਲੋਕਾਂ ਸਾਹਮਣੇ ਸ਼ੀ ਸਰਕਾਰ ਅਤੇ ਚੀਨੀ ਆਰਥਿਕਤਾ ਦੇ ਖੋਖਲੇਪਣ ਬਾਰੇ ਪ੍ਰੋਸ ਰਿਹਾ ਹੈ। ਇਹ ਲੋਕਾਂ ਨੂੰ ਨਿਰਾਸ਼ਾ ਦੇ ਆਲਮ ਵੱਲ ਧਕੇਲ ਰਿਹਾ ਹੈ। ਇਸ ਨੂੰ ਰੋਕਣ ਲਈ ਚੀਨ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਦਬਾਉਣ ਦੀ ਮੁਹਿੰਮ ਚਲਾ ਰਖੀ ਹੈ ਪਰ ਇਸ ਦੇ ਹਾਂ ਪੱਖੀ ਨਤੀਜੇ ਨਹੀਂ ਨਿਕਲ ਰਹੇ। ਲੋਕ ਇਸ ਤੋਂ ਨਰਾਜ਼ ਹਨ ਅਤੇ ਬਦਜ਼ਨ ਹੋ ਰਹੇ ਹਨ।
ਕਮਿਊਨਿਸਟ ਪਾਰਟੀ ਜਨਤਕ ਨਰਾਜ਼ਗੀ ਰੋਕਣ ਲਈ ਲੋਕਾਂ ਨੂੰ ਆਪਣੀ ਉਪਜੀਵਕਾ ਕਮਾਉਣ ਲਈ ਖੁੱਲ੍ਹਾਂ ਦੇ ਰਹੀ ਹੈ, ਬਦਲੇ ਵਿਚ ਉਨ੍ਹਾਂ ਤੋਂ ਸ਼ੀਜਿੰਨਪਿੰਗ ਸਾਸ਼ਨ ਦੀ ਆਗਿਆ ਅਧੀਨ ਰਹਿਣ ਦੀ ਵਚਨਬੱਧਤ ਚਾਹੀ ਰਹੀ ਹੈ। ਪਰ ਪ੍ਰਸਾਸ਼ਨ ਜਿਵੇਂ ਨਿਰਕੁੰਸ਼ ਹੈ, ਉਹ ਕੀ ਅਜਿਹੀਆਂ ਖੁੱਲ੍ਹਾਂ ਦੀ ਇਜਾਜ਼ਤ ਦੇਵੇਗਾ? ਸਭ ਤੋਂ ਵੱਡਾ ਸਵਾਲ ਅਤੇ ਚੁਣੌਤੀ ਇਹੀ ਹੈ। ਸੰਨ 2012 ਵਿਚ ਕਰੀਬ 13 ਸਾਲ ਪਹਿਲਾਂ ਜਦੋਂ ਸ਼ੀ ਨੇ ਚੀਨੀ ਕਮਿਊਨਿਸਟ ਪਾਰਟੀ ਅਤੇ ਸਾਸ਼ਨ ਦੀ ਵਾਗਡੋਰ ਸੰਭਾਲੀ ਸੀ, ਉਸ ਨੇ ਲੋਕ ਨੂੰ ਭਰੋਸਾ ਦਿੱਤਾ ਸੀ ਕਿ ਉਸਦਾ ‘ਚੀਨੀ ਸੁਪਨਾ’ ਹਰ ਚੀਨੀ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਜੀਵਨ ਪ੍ਰਦਾਨ ਕਰੇਗਾ। ਉਲਟ ਚੀਨ ‘ਬੁਲਬੁਲਾ ਆਰਥਿਕਤਾ’ ਵਿਚ ਧੱਸ ਰਿਹਾ ਹੈ।
ਮਸ਼ਕਿਲਾਂ : ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਤਕਾਇਚੀ ਨੇ ਸੰਸਦ ਵਿਚ ਚੀਨ ਵੱਲੋਂ ਤਾਈਵਾਨ ਤੇ ਹਮਲੇ ਨੂੰ ‘ਜਾਪਾਨ ਦੀ ਹੋਂਦ’ ਦਾ ਸਵਾਲ ਦਰਸਾਇਆ। ਜਾਪਾਨ ਵੱਲੋਂ ਚੀਨ ਵਿਚ ਸਿੱਧੇ 100 ਬਿਲੀਅਨ ਨਿਵੇਸ਼ ਅਤੇ ਸੰਨ 2024 ਵਿਚ 292 ਬਿਲੀਅਨ ਵਪਾਰ ਤੋਂ ਵੀ ਚੀਨ ਸੰਤੁਸ਼ਟ ਨਹੀਂ। ਉਸ ਦੀ ਅੱਖ ਜਾਪਾਨੀ ਸੈਨਕਾਕੂ ਜਜ਼ੀਰਿਆਂ ਤੇ ਹੈ। ਇਨ੍ਹਾਂ ਨੂੰ ਲੈ ਕੇ ਚੀਨ ਅਤੇ ਜਾਪਾਨ ਵਿਚ 19ਵੀਂ ਸਦੀ ਦੀ ਯੂਕੇ ਅਤੇ ਫਰਾਂਸ ਵਾਂਗ ਦੁਸ਼ਮਣੀ ਖਤਰਨਾਕ ਪੜਾਅ ਵੱਲ ਵਧ ਰਹੀ ਹੈ। ਅੰਦਰੂਨੀ ਆਰਥਿਕ ਮੰਦਹਾਲੀ ਕਰਕੇ ਜਨਤਕ ਵਿਰੋਧ ਪੈਦਾ ਹੋਣ ਤੋਂ ਰੋਕਣ ਲਈ ਚੀਨ ਹੁਣ ਭਾਰਤ, ਰੂਸ, ਜਾਪਾਨ, ਫਿਲਪਾਈਨਜ਼ ਵੱਲੋਂ ਦੱਬੇ ਇਲਾਕੇ ਛੁਡਾਉਣ ਦੇ ਦਮਗਜ਼ੇ ਮਾਰਨ ਲੱਗ ਪਿਆ ਹੈ। ਸੰਨ 2020 ਵਿਚ ਗਲਵਾਨ ਘਾਟੀ ਟਕਰਾਅ ਕਰਕੇ ਭਾਰਤਚੀਨ ਰਿਸ਼ਤੇ 5 ਸਾਲ ਠੱਪ ਰਹੇ ਸਨ। ਜੇ ਚੀਨ ਅੰਦਰੂਨੀ ਜਨਤਕ ਅੰਸਤੋਸ਼ ਰੋਕਣ ਲਈ ਗੁਆਂਢੀ ਦੇਸ਼ਾਂ ਨਾਲ ਫੌਜੀ ਟਕਰਾਅ ਪੈਦਾ ਕਰਦਾ ਹੈ ਤਾਂ ਇਹ ਏਸ਼ੀਆ ਅੰਦਰ ਬਹੁਤ ਦੁਖਦਾਈ ਸਬਤ ਹੋਵੇਗਾ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕਿੰਗਸਟਨ, ਕੈਨੇਡਾ
+1 2898292929