ਦੁਨੀਆਂ ਦੇ ਸਭ ਤੋਂ ਵੱਡੇ ਮੋਬਾਈਲ ਚੋਰ ਗਿਰੋਹ ਦਾ ਪਰਦਾ ਫਾਸ਼

ਦੁਨੀਆਂ ਦੇ ਸਭ ਤੋਂ ਵੱਡੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਯੂ.ਕੇ. ਪੁਲਿਸ ਵੱਲੋਂ 18 ਸ਼ੱਕੀਆਂ ਨੂੰ ਗ੍ਰਿਫ਼ਤਾਰੀ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਭਾਰਤੀ ਹੈ

Update: 2025-10-07 13:02 GMT

ਲੰਡਨ : ਦੁਨੀਆਂ ਦੇ ਸਭ ਤੋਂ ਵੱਡੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਯੂ.ਕੇ. ਪੁਲਿਸ ਵੱਲੋਂ 18 ਸ਼ੱਕੀਆਂ ਨੂੰ ਗ੍ਰਿਫ਼ਤਾਰੀ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਭਾਰਤੀ ਹੈ। ਕੌਮਾਂਤਰੀ ਪੱਧਰ ’ਤੇ ਸਰਗਰਮ ਗਿਰੋਹ ਵੱਲੋਂ ਪਿਛਲੇ ਸਾਲ 40 ਹਜ਼ਾਰ ਤੋਂ ਵੱਧ ਫੋਨ ਚੋਰੀ ਕਰ ਕੇ ਵੱਖ ਵੱਖ ਮੁਲਕਾਂ ਵਿਚ ਭੇਜੇ ਗਏ। ਮਾਮਲੇ ਦੀ ਪੜਤਾਲ ਉਸ ਵੇਲੇ ਸ਼ੁਰੂ ਹੋਈ ਜਦੋਂ ਪਿਛਲੇਸਾਲ ਕ੍ਰਿਸਮਸ ਮੌਕੇ ਇਕ ਪੀੜਤ ਨੇ ਆਪਣੇ ਚੋਰੀ ਹੋਏ ਆਈਫੋਨ ਨੂੰ ਟਰੈਕ ਕੀਤਾ ਅਤੇ ਉਸ ਦੀ ਲੋਕੇਸ਼ਨ ਹੀਥਰੋ ਹਵਾਈ ਅੱਡੇ ਨੇੜਲੇ ਇਕ ਗੋਦਾਮ ਵਿਚ ਮਿਲੀ। ਪੁਲਿਸ ਨੇ ਵੇਅਰ ਹਾਊਸ ਦੀ ਤਲਾਸ਼ੀ ਲਈ ਤਾਂ 894 ਫੋਨ ਹੋਰ ਮਿਲ ਗਏ ਜਿਨ੍ਹਾਂ ਦੀ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਹਾਂਗਕਾਂਗ ਭੇਜੇ ਜਾ ਰਹੇ ਸਨ।

ਲੰਡਨ ਪੁਲਿਸ ਵੱਲੋਂ ਗ੍ਰਿਫ਼ਤਾਰ 18 ਜਣਿਆਂ ਵਿਚੋਂ ਇਕ ਭਾਰਤੀ

ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦੋ ਸ਼ੱਕੀਆਂ ਦੀ ਪਛਾਣ ਕੀਤੀ ਅਤੇ ਇਹ ਦੋਵੇਂ ਅਫਗਾਨ ਨਾਗਰਿਕ ਦੱਸੇ ਜਾ ਰਹੇ ਹਨ। ਚੋਰੀ ਅਤੇ ਤਸਕਰੀ ਕਰ ਰਹੇ ਗਿਰੋਹ ਵਿਚ ਇਕ 29 ਸਾਲ ਦਾ ਭਾਰਤੀ ਵੀ ਸ਼ਾਮਲ ਹੈ ਜਿਸ ਦੀ ਨਾਂ ਸਾਹਮਣੇ ਨਹੀਂ ਆ ਸਕਿਆ। ਮੈਟਰੋਪਾਲੀਟਨ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਮਾਰਕ ਗੌਵਿਨ ਨੇ ਦੱਸਿਆ ਕਿ ਸਾਲ 2020 ਦੌਰਾਨ ਲੰਡਨ ਸ਼ਹਿਰ ਵਿਚੋਂ 28 ਹਜ਼ਾਰ ਫੋਨ ਚੋਰੀ ਹੋਏ ਪਰ 2024 ਤੱਕ ਇਹ ਅੰਕੜਾ ਵਧ ਕੇ 80 ਹਜ਼ਾਰ ਤੱਕ ਪੁੱਜ ਗਿਆ। ਚਾਰ ਸਾਲ ਵਿਚ ਫੋਨ ਚੋਰਾਂ ਨੇ ਅੰਕੜਾ ਤਿੰਨ ਗੁਣਾ ਵਧਾ ਦਿਤਾ ਅਤੇ ਵਿਦੇਸ਼ਾਂ ਵਿਚ ਭੇਜਣ ਲੱਗੇ। ਇਥੇ ਦਸਣਾ ਬਣਦਾ ਹੈ ਕਿ ਪੂਰੇ ਯੂ.ਕੇ. ਵਿਚ ਚੋਰੀ ਹੋਣ ਵਾਲੇ ਮੋਬਾਈਲ ਫੋਨਜ਼ ਵਿਚੋਂ 70 ਫ਼ੀ ਸਦੀ ਲੰਡਨ ਵਿਚੋਂ ਚੋਰੀ ਹੁੰਦੇ ਹਨ। ਕੌਮੀ ਰਾਜਧਾਨੀ ਦੇ ਪੱਛਮੀ ਇਲਾਕੇ ਅਤੇ ਵੈਸਟਮਿੰਸਟਰ ਵਰਗੇ ਸੈਲਾਨੀ ਦੀ ਬਹੁਗਿਣਤੀ ਵਾਲੇ ਖੇਤਰਾਂ ਵਿਚ ਫੋਨ ਖੋਹਣ ਦੀਆਂ ਵਾਰਦਾਤਾਂ ਆਮ ਗੱਲ ਹੈ।

ਹਜ਼ਾਰਾਂ ਆਈਫੋਨ ਭੇਜੇ ਜਾ ਰਹੇ ਸਨ ਵਿਦੇਸ਼

ਤਕਨੀਕੀ ਮਾਹਰਾਂ ਮੁਤਾਬਕ ਸੈਕਿੰਡ ਹੈਂਡ ਫੋਨ ਦੀ ਵਧਦੀ ਮੰਗ ਕਰ ਕੇ ਮੋਬਾਈਲ ਚੋਰ ਵੱਡੇ ਪੱਧਰ ’ਤੇ ਸਰਗਰਮ ਹੋ ਚੁੱਕੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕੁਝ ਅਪਰਾਧੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਛੱਡ ਕੇ ਫੋਨ ਚੋਰੀ ਕਰਨ ਦਾ ਧੰਦਾ ਸ਼ੁਰੂ ਕਰ ਦਿਤਾ ਹੈ ਜਿਸ ਰਾਹੀਂ ਮੋਟੀ ਕਮਾਈ ਕੀਤੀ ਜਾ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਐਪਲ ਫੋਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਦੁਨੀਆਂ ਦੇ ਹਰ ਮੁਲਕ ਵਿਚ ਵੇਚਿਆ ਜਾ ਸਕਦਾ ਹੈ। ਚੀਨ ਵਿਚ ਅਜਿਹੇ ਫੋਨਜ਼ ਦੀ ਜ਼ਿਆਦਾ ਮੰਗ ਹੈ ਕਿਉਂਕਿ ਇਨ੍ਹਾਂ ਰਾਹੀਂ ਸਰਕਾਰੀ ਸੈਂਸਰਸ਼ਿਪ ਤੋਂ ਬਚਣ ਦਾ ਮੌਕਾ ਮਿਲਦਾ ਹੈ ਅਤੇ ਲੋਕ ਹਜ਼ਾਰ ਪਾਊਂਡ ਦੇਣ ਨੂੰ ਤਿਆਰ ਰਹਿੰਦੇ ਹਨ। ਦੂਜੇ ਪਾਸੇ ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨ ਰਾਹੀਂ ਫੋਨ ਖੋਹਣ ਦੇ ਮਾਮਲਿਆਂ ਵਿਚ 13 ਫੀ ਸਦੀ ਕਮੀ ਆਈ ਹੈ।

Tags:    

Similar News