ਟਰੰਪ ਦੇ ਸੱਤਾ ਸੰਭਾਲਣ ਮਗਰੋਂ ਛਿੜ ਸਕਦੈ ਤੀਜਾ ਵਿਸ਼ਵ ਯੁੱਧ
ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਤੀਜੀ ਆਲਮੀ ਜੰਗ ਛਿੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ।;
ਵਾਸ਼ਿੰਗਟਨ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਤੀਜੀ ਆਲਮੀ ਜੰਗ ਛਿੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ। ਜੀ ਹਾਂ, ਟਰੰਪ ਵੱਲੋਂ ਪਨਾਮਾ ਨਹਿਰ ਅਤੇ ਗਰੀਨਲੈਂਡ ’ਤੇ ਕਾਬਜ਼ ਹੋਣ ਲਈ ਫੌਜੀ ਕਾਰਵਾਈ ਕਰਨ ਦੇ ਸੰਕੇਤ ਦਿਤੇ ਗਏ ਹਨ ਜਦਕਿ ਕੈਨੇਡਾ ’ਤੇ ਆਰਥਿਕ ਹਮਲਾ ਕਰਦਿਆਂ ਅਮਰੀਕਾ ਦਾ ਹਿੱਸਾ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਨਵੇਂ ਵਰ੍ਹੇ ਦੀ ਪਹਿਲੀ ਪ੍ਰੈਸ ਕਾਨਫ਼ਰੰਸ ਦੌਰਾਨ ਟਰੰਪ ਨੇ ਆਪਣੇ ਇਰਾਦੇ ਜ਼ਾਹਰ ਕਰ ਦਿਤੇ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੰਪ ਦਾ ਸੁਪਨਾ ਪੂਰਾ ਹੋਣਾ ਬਿਲਕੁਲ ਵੀ ਸੰਭਵ ਨਹੀਂ।
ਪਨਾਮਾ ਨਹਿਰ ਅਤੇ ਗਰੀਨਲੈਂਡ ’ਤੇ ਫੌਜੀ ਹਮਲਾ ਕਰਨ ਦੇ ਸੰਕੇਤ
ਸਹੁੰ ਚੁੱਕਣ ਤੋਂ ਐਨ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ‘ਸੁਨਹਿਰੇ ਯੁਗ’ ਵਿਚ ਦਾਖਲ ਹੋ ਰਿਹਾ ਹੈ ਅਤੇ ਰੌਕਟ ਦੀ ਰਫ਼ਤਾਰ ਨਾਲ ਅੱਗੇ ਵਧਣਾ ਸ਼ੁਰੂ ਕਰ ਦੇਵੇਗਾ ਜਦੋਂ ਉਹ ਵਾਈਟ ਹਾਊਸ ਵਿਚ ਦਾਖਲ ਹੋ ਜਾਣਗੇ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ਕਿ ਕੀ ਪਨਾਮਾ ਨਹਿਰ ਅਤੇ ਗਰੀਨਲੈਂਡ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈਣ ਲਈ ਫੌਜੀ ਤਾਕਤ ਵਰਤੀ ਜਾਵੇਗੀ ਤਾਂ ਟਰੰਪ ਨੇ ਕਿਹਾ, ‘‘ਮੈਂ ਅਜਿਹਾ ਕੋਈ ਵਾਅਦਾ ਨਹੀਂ ਕਰ ਸਕਦਾ।’’ ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਫੌਜੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਕਰਨਾ ਚਾਹੁਣਗੇ ਤਾਂ ਟਰੰਪ ਨੇ ਕਿਹਾ, ‘‘ਪਨਾਮਾ ਨਹਿਰ ਸਾਡੇ ਮੁਲਕ ਵਾਸਤੇ ਬੇਹੱਦ ਅਹਿਮ ਹੈ ਅਤੇ ਸੁਰੱਖਿਆ ਮਕਸਦ ਵਾਸਤੇ ਗਰੀਨਲੈਂਡ ਵੀ ਲੋੜੀਂਦਾ ਹੈ। ਅਜਿਹੇ ਵਿਚ ਤੁਹਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ।’’ ਟਰੰਪ ਨੇ ਦੁਹਰਾਇਆ ਕਿ ਪਨਾਮਾ ਨਹਿਰ ਦਾ ਕੰਟਰੋਲ ਚੀਨ ਕੋਲ ਹੈ ਅਤੇ ਅਮਰੀਕਾ ਇਸ ਨੂੰ ਪਨਾਮਾ ਸਰਕਾਰ ਦੇ ਹੱਥਾਂ ਵਿਚ ਸੌਂਪਣਾ ਚਾਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ 1979 ਵਿਚ ਪਨਾਮਾ ਨਹਿਰ ਦਾ ਕੰਟਰੋਲ ਕਾਗਜ਼ੀ ਤੌਰ ’ਤੇ ਪਨਾਮਾ ਸਰਕਾਰ ਨੂੰ ਸੌਂਪ ਦਿਤਾ ਗਿਆ ਅਤੇ 1999 ਵਿਚ ਅਮਰੀਕਾ ਸਾਂਝੇ ਉਦਮ ਵਿਚੋਂ ਪੂਰੀ ਤਰ੍ਹਾਂ ਬਾਹਰ ਹੋ ਗਿਆ।
ਕੈਨੇਡਾ ’ਤੇ ਆਰਥਿਕ ਹਮਲਾ ਕਰਦਿਆਂ ਅਮਰੀਕਾ ਵਿਚ ਰਲਾਉਣ ਦਾ ਐਲਾਨ
ਡੌਨਲਡ ਟਰੰਪ ਨੇ ਮਰਹੂਮ ਜਿੰਮੀ ਕਾਰਟਰ ਦੀ ਨੁਕਤਾਚੀਨੀ ਕਰਨ ਤੋਂ ਵੀ ਪਰਹੇਜ਼ ਨਾ ਕੀਤਾ ਅਤੇ ਕਿਹਾ ਕਿ ਪਨਾਮਾ ਨਹਿਰ ਦੀ ਵਾਪਸੀ ਕਾਰਨ ਹੀ ਜਿੰਮੀ ਕਾਰਟਰ ਚੋਣ ਹਾਰ ਗਏ। ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦੀਆਂ ਅੰਤਮ ਰਸਮਾਂ ਵੀਰਵਾਰ ਨੂੰ ਹੋਣੀਆਂ ਹਨ ਅਤੇ ਟਰੰਪ ਸ਼ਰਧਾਂਜਲੀ ਦੇਣ ਪੁੱਜ ਰਹੇ ਹਨ। ਅਚਾਨਕ ਕਾਂਟਾ ਤਬਦੀਲ ਕਰਦਿਆਂ ਟਰੰਪ ਨੇ ਕਿਹਾ ਕਿ ਜਿੰਮੀ ਕਾਰਟਰ ਇਕ ਚੰਗੇ ਇਨਸਾਨ ਸਨ ਪਰ ਪਨਾਮਾ ਨਹਿਰ ਵਾਲੀ ਵੱਡੀ ਗਲਤੀ ਕਰ ਦਿਤੀ। ਟਰੰਪ ਦੇ ਦਾਅਵੇ ਮੁਤਾਬਕ ਪਨਾਮਾ ਨਹਿਰ ਤਿਆਰ ਕਰਨ ’ਤੇ ਅਮਰੀਕਾ ਨੇ ਇਕ ਖਰਬ ਡਾਲਰ ਜਾਂ ਇਸ ਤੋਂ ਵੀ ਵੱਧ ਰਕਮ ਖਰਚ ਕੀਤੀ। ਦੂਜੇ ਪਾਸੇ ਗਰੀਨਲੈਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਡੈਨਮਾਰਕ ਨੇ ਅੜਿੱਕੇ ਡਾਹੁਣ ਦੇ ਯਤਨ ਕੀਤੇ ਤਾਂ ਵੱਡੀਆਂ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਗਰੀਨਲੈਂਡ, ਡੈਨਮਾਰਕ ਦਾ ਖੁਦਮੁਖਤਿਆਰ ਇਲਾਕਾ ਹੈ ਅਤੇ ਉਥੇ ਅਮਰੀਕਾ ਦਾ ਫੌਜੀ ਅੱਡਾ ਵੀ ਮੌਜੂਦ ਹੈ। ਟਰੰਪ ਜਦੋਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਗਰੀਨਲੈਂਡ ਦਾ ਜ਼ਿਕਰ ਕਰ ਰਹੇ ਸਨ ਤਾਂ ਉਨ੍ਹਾਂ ਦਾ ਬੇਟਾ ਡੌਨਲਡ ਟਰੰਪ ਜੂਨੀਅਰ ਗਰੀਨਲੈਂਡ ਦਾ ਜਾਇਜ਼ਾ ਲੈ ਰਿਹਾ ਸੀ।
ਟਰੂਡੋ ਨੇ ਕਿਹਾ, ਟਰੰਪ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ
ਤਕਰੀਬਨ 72 ਮਿੰਟ ਦੀ ਪ੍ਰੈਸ ਕਾਨਫ਼ਰੰਸ ਦੌਰਾਨ ਟਰੰਪ ਵੱਲੋਂ ਬਾਇਡਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਕੈਨੇਡਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਣਾਉਟੀ ਤਰੀਕੇ ਨਾਲ ਖਿੱਚੀ ਲਕੀਰ ਨੂੰ ਸਾਫ਼ ਕਰਨਾ ਹੋਵੇਗਾ ਅਤੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਇਹ ਬਿਹਤਰ ਕਦਮ ਵੀ ਹੈ। ਬੁਨਿਆਦੀ ਤੌਰ ’ਤੇ ਅਸੀਂ ਕੈਨੇਡਾ ਦੀ ਹਿਫ਼ਾਜ਼ਤ ਕਰਦੇ ਹਾਂ। ਬਾਅਦ ਵਿਚ ਟਰੰਪ ਵੱਲੋਂ ਸੋਸ਼ਲ ਮੀਡੀਆ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਰਲੇਵੇਂ ਵਾਲਾ ਨਕਸ਼ਾ ਵੀ ਸਾਂਝਾ ਕੀਤਾ ਗਿਆ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਟਰੰਪ ਸੁਪਨੇ ਲੈਣੇ ਛੱਡ ਦੇਣ। ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਕਿਹਾ ਕਿ ਸਾਡਾ ਅਰਥਚਾਰਾ ਮਜ਼ਬੂਤ ਹੈ ਅਤੇ ਸਾਡੇ ਲੋਕ ਮਜ਼ਬੂਤ ਹਨ ਅਤੇ ਅਸੀਂ ਅਜਿਹੀਆਂ ਧਮਕੀਆਂ ਅੱਗੇ ਨਹੀਂ ਝੁਕਾਂਗੇ।