ਤੀਜੀ ਆਲਮੀ ਜੰਗ ਦੀਆਂ ਚਿੰਤਾਵਾਂ ਵਿਚ ਡੁੱਬੀ ਦੁਨੀਆਂ

ਅਮਰੀਕਾ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਵਰਤਣ ਦੀ ਇਜਾਜ਼ਤ ਦਿਤੇ ਜਾਣ ਮਗਰੋਂ ਤੀਜੀ ਆਲਮੀ ਜੰਗ ਲੱਗਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਹਨ।

Update: 2024-11-18 12:46 GMT

ਵਾਸ਼ਿੰਗਟਨ : ਅਮਰੀਕਾ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਵਰਤਣ ਦੀ ਇਜਾਜ਼ਤ ਦਿਤੇ ਜਾਣ ਮਗਰੋਂ ਤੀਜੀ ਆਲਮੀ ਜੰਗ ਲੱਗਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਹਨ। ਜੀ ਹਾਂ, ਡੌਨਲਡ ਟਰੰਪ ਜੂਨੀਅਰ ਨੇ ਰਾਸ਼ਟਰਪਤੀ ਜੋਅ ਬਾਇਡਨ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਕੁਰਸੀ ਸੰਭਾਲਣ ਤੋਂ ਪਹਿਲਾਂ ਜੋਅ ਬਾਇਡਨ ਤੀਜੀ ਵਿਸ਼ਵ ਜੰਗ ਛੇੜਨਾ ਚਾਹੁੰਦੇ ਹਨ। ਉਧਰ ਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੇਜ਼ ਕਰਦਿਆਂ 210 ਮਿਜ਼ਾਈਲਾਂ ਅਤੇ ਡਰੋਨ ਦਾਗੇ ਜਾਣ ਦੀ ਰਿਪੋਰਟ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਯੂਕਰੇਨ ਨੂੰ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਵਰਤਣ ਦੀ ਇਜਾਜ਼ਤ ਦਿਤੀ ਗਈ ਹੈ ਜਿਸ ਤਹਿਤ 300 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਰੂਸ ਵੱਲ ਦਾਗੀਆਂ ਜਾ ਸਕਣਗੀਆਂ। ਦੱਸਿਆ ਜਾ ਰਿਹਾ ਹੈ ਕਿ ਰੂਸ, ਉਤਰ ਕੋਰੀਆ ਨੂੰ ਜੰਗ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਸੇ ਕਰ ਕੇ ਅਮਰੀਕਾ ਨੇ ਯੂਕਰੇਨ ਨੂੰ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਵਰਤਣ ਦੀ ਇਜਾਜ਼ਤ ਦਿਤੀ।

ਡੌਨਲਡ ਟਰੰਪ ਦੇ ਪੁੱਤਰ ਨੇ ਜੋਅ ਬਾਇਡਨ ’ਤੇ ਲਾਏ ਗੰਭੀਰ ਦੋਸ਼

ਰਾਸ਼ਟਰਪਤੀ ਜ਼ੈਲੈਂਸਕੀ ਵੱਲੋਂ ਅਜਿਹੀ ਕੋਈ ਇਜਾਜ਼ਤ ਮਿਲਣ ਦੀ ਤਸਦੀਕ ਨਹੀਂ ਕੀਤੀ ਗਈ। ਇਸੇ ਦੌਰਾਨ ਰੂਸ ਵੱਲੋਂ ਯੂਕਰੇਨ ਦੇ ਬਿਜਲੀ ਸਪਲਾਈ ਸਿਸਟਮ ਨੂੰ ਨਿਸ਼ਾਨਾ ਬਣਾਉਂਦਿਆਂ 120 ਮਿਜ਼ਾਈਲਾਂ ਅਤੇ 90 ਡਰੋਨ ਦਾਗੇ ਗਏ। ਹਮਲੇ ਦੌਰਾਨ ਕਈ ਪਾਵਰ ਪਲਾਂਟ ਅਤੇ ਟ੍ਰਾਂਸਫਾਰਮ ਨੁਕਸਾਨੇ ਗਏ ਜਿਸ ਮਗਰੋਂ ਮੁਲਕ ਵਿਚ ਬਿਜਲੀ ਕੱਟਾਂ ਦਾ ਐਲਾਨ ਕਰ ਦਿਤਾ ਗਿਆ। ਰਾਸ਼ਟਰਪਤੀ ਜ਼ੈਲੈਂਸਕੀ ਨੇ ਦੱਸਿਆ ਕਿ ਇਕ ਰੂਸੀ ਮਿਜ਼ਾਈਲ 9 ਮੰਜ਼ਿਲਾ ਰਿਹਾਇਸ਼ੀ ਇਮਾਰਤ ’ਤੇ ਡਿੱਗੀ ਅਤੇ ਬੱਚਿਆਂ ਸਣੇ ਕਈ ਜਣਿਆਂ ਦੀ ਮੌਤ ਹੋ ਗਈ। ਉਧਰ ਟਰੰਪ ਦੇ ਸਭ ਤੋਂ ਵੱਡੇ ਬੇਟੇ ਨੇ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋਅ ਬਾਇਡਨ ਦਾ ਫੈਸਲਾ ਤੀਜੀ ਆਲਮੀ ਜੰਗ ਦਾ ਕਾਰਨ ਬਣ ਸਕਦਾ ਹੈ। ਟਰੰਪ ਦੀ ਚੋਣ ਮੁਹਿੰਮ ਦੌਰਾਨ ਕਰੋੜਾਂ ਡਾਲਰ ਦਾਨ ਦੇਣ ਵਾਲੇ ਡੇਵਿਡ ਸੈਕਸ ਦਾ ਕਹਿਣਾ ਸੀ ਕਿ ਜੋਅ ਬਾਇਡਨ ਮਾਮਲੇ ਨੂੰ ਉਲਝਾਉਣ ਦਾ ਯਤਨ ਕਰ ਰਹੇ ਹਨ ਪਰ ਨਾਟੋ ਦਾ ਸਾਬਕਾ ਸੀਨੀਅਰ ਅਧਿਕਾਰੀ ਨਿਕੋਲਸ ਵਿਲੀਅਮਜ਼ ਨੇ ਬਾਇਡਨ ਦੇ ਫੈਸਲੇ ਨੂੰ ਅਹਿਮ ਕਰਾਰ ਦਿਤਾ। ਨਿਕੋਲਸ ਨੇ ਵੀ ਉਤਰ ਕੋਰੀਆ ਵਾਲੀ ਮਿਸਾਲ ਪੇਸ਼ ਕੀਤੀ ਅਤੇ ਦੱਸਿਆ ਕਿ ਤਕਰੀਬਨ 10 ਹਜ਼ਾਰ ਕੋਰੀਅਨ ਫੌਜੀ, ਰੂਸ ਦੀ ਮਦਦ ਕਰਨ ਪੁੱਜ ਚੁੱਕੇ ਹਨ। ਅਜਿਹੇ ਵਿਚ ਅਮਰੀਕਾ ਚਾਹੁੰਦਾ ਹੈ ਕਿ ਯੂਕਰੇਨ ਨੂੰ ਵੀ ਪਹਿਲਾਂ ਦੇ ਮੁਕਾਬਲੇ ਵੱਧ ਤਾਕਤ ਨਾਲ ਮੋੜਵਾਂ ਵਾਰ ਕਰਨ ਦਾ ਮੌਕਾ ਮਿਲੇ।

Tags:    

Similar News