ਅਮਰੀਕਾ ਦੇ ਰਾਸ਼ਟਰਪਤੀ ਦੀ ਬਿਮਾਰੀ ਨੇ ਪਾਇਆ ਭੜਥੂ
ਰਾਸ਼ਟਰਪਤੀ ਜੋਅ ਬਾਇਡਨ ਦੀ ਬਿਮਾਰੀ ਦੇ ਮੁੱਦੇ ’ਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦਾ ਪੱਤਰਕਾਰਾਂ ਨਾਲ ਪੇਚਾ ਪੈ ਗਿਆ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋ ਗਿਆ।;
ਵਾਸ਼ਿੰਗਟਨ : ਰਾਸ਼ਟਰਪਤੀ ਜੋਅ ਬਾਇਡਨ ਦੀ ਬਿਮਾਰੀ ਦੇ ਮੁੱਦੇ ’ਤੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦਾ ਪੱਤਰਕਾਰਾਂ ਨਾਲ ਪੇਚਾ ਪੈ ਗਿਆ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਹੀ ਮਾਮਲਾ ਸ਼ਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਾਰਕਿਨਸਨਜ਼ ਦੇ ਡਾਕਟਰ ਵੱਲੋਂ ਅੱਠ ਮਹੀਨੇ ਵਿਚ ਵਾਈਟ ਹਾਊਸ ਦੇ ਅੱਠ ਗੇੜੇ ਲਾਉਣ ਦੇ ਮੁੱਦੇ ’ਤੇ ਪੁੱਛਿਆ ਸਵਾਲ ਵਿਵਾਦ ਦਾ ਕਾਰਨ ਬਣਿਆ। ਵਾਈਟ ਹਾਊਸ ਵਿਚ ਦਾਖਲ ਹੋਣ ਵਾਲਿਆਂ ਦੀ ਲੌਗ ਬੁਕ ਦਰਸਾਉਂਦੀ ਹੈ ਕਿ ਪਾਰਕਿਨਸਨਜ਼ ਦੇ ਮਾਹਰ ਡਾ. ਕੈਵਿਨ ਕਨਾਰਡ ਕਈ ਵਾਰ ਆ ਚੁੱਕੇ ਹਨ ਅਤੇ ਪੱਤਰਕਾਰ ਜਾਣਨਾ ਚਾਹੁੰਦੇ ਸਨ ਕਿ ਕੀ ਰਾਸ਼ਟਰਪਤੀ ਇਸ ਬਿਮਾਰੀ ਤੋਂ ਪੀੜਤ ਹਨ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਦਾ ਪੱਤਰਕਾਰਾਂ ਨਾਲ ਪਿਆ ਪੇਚਾ
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੇ ਇਹ ਤਾਂ ਮੰਨਿਆ ਕਿ ਜੋਅ ਬਾਇਡਨ ਨਿਊਰੋਲੌਜਿਸਟ ਨੂੰ ਤਿੰਨ ਵਾਰ ਮਿਲ ਚੁੱਕੇ ਹਨ ਪਰ ਪਾਰਕਿਨਸਨਜ਼ ਦੇ ਮਸਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਕੁਝ ਪੱਤਰਕਾਰ ਇਕਸੁਰ ਆਵਾਜ਼ ਵਿਚ ਪੁੱਛਣ ਲੱਗੇ ਤਾਂ ਕਰੀਨ ਜੌਨ ਪਿਅਰੇ ਨੇ ਸਖਤ ਲਹਿਜ਼ੇ ਵਿਚ ਕਿਹਾ, ‘‘ਤੁਸਂ ਐਨਾ ਦਬਾਅ ਨਹੀਂ ਪਾ ਸਕਦੇ। ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਮੇਰੇ ਨਾਲ ਕਿੰਨੇ ਗੁੱਸੋ ਹੋ। ਪਰ ਕਿਸੇ ਨਾਂ ਦੀ ਤਸਦੀਕ ਨਹੀਂ ਕੀਤੀ ਜਾ ਰਹੀ। ਭਾਵੇਂ ਵਾਈਟ ਹਾਊਸ ਦੀ ਲੌਗ ਬੁੱਕ ਵਿਚ ਕਿਸੇ ਦਾ ਨਾਂ ਹੀ ਕਿਉਂ ਨਾ ਹੋਵੇ। ਰਾਸ਼ਟਰਪਤੀ ਨੇ ਸਿਰਫ ਤਿੰਨ ਵਾਰ ਦਿਮਾਗ ਦੇ ਰੋਗਾਂ ਦੇ ਡਾਕਟਰ ਤੋਂ ਚੈਕਅੱਪ ਕਰਵਾਇਆ ਹੈ। ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਦੀ ਵਧਦੀ ਉਮਰ ਅਤੇ ਇਸ ਦੇ ਅਸਰ ਉਨ੍ਹਾਂ ਦੀ ਉਮੀਦਵਾਰ ਨੂੰ ਖਤਰੇ ਵਿਚ ਪਾ ਰਹੇ ਹਨ।
ਪਾਰਕਿਨਸਨਜ਼ ਦੇ ਡਾਕਟਰ ਨੇ ਵਾਈਟ ਹਾਊਸ ਦੇ ਲਾਏ 8 ਗੇੜੇ
ਡੌਮੋਕ੍ਰੈਟਿਕ ਪਾਰਟੀ ਨੂੰ ਚੰਦਾ ਦੇਣ ਵਾਲੇ ਕਈ ਨਾਮੀ ਕਾਰੋਬਾਰੀਆਂ ਅਤੇ ਪਾਰਟੀ ਆਗੂਆਂ ਵੱਲੋਂ ਉਨ੍ਹਾਂ ਨੂੰ ਹਟਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ਪਰ ਜੋਅ ਬਾਇਡਨ ਸਪੱਸ਼ਟ ਤੌਰ ’ਤੇ ਆਖ ਚੁੱਕੇ ਹਨ ਕਿ ਰੱਬ ਤੋਂ ਸਿਵਾਏ ਉਨ੍ਹਾਂ ਨੂੰ ਉਮੀਦਵਾਰੀ ਤੋਂ ਕੋਈ ਨਹੀਂ ਹਟਾ ਸਕਦਾ।