ਅਮਰੀਕਾ ’ਚ 10 ਮਿਲੀਅਨ ਲੋਕਾਂ ਨੂੰ ਚਿਤਾਵਨੀ

ਅਮਰੀਕਾ ਵਿਚ 10 ਮਿਲੀਅਨ ਲੋਕਾਂ ਉਤੇ ਖ਼ਤਰਾ ਮੰਡਰਾਅ ਰਿਹਾ ਹੈ। ਹਵਾ ਵਿਚ ਅਜਿਹੇ ਜ਼ਹਿਰੀਲੇ ਕਣ ਫੈਲਣ ਦੀ ਚਿਤਾਵਨੀ ਦਿਤੀ ਗਈ ਹੈ ਜਿਨ੍ਹਾਂ ਦੇ ਸਾਹ ਰਾਹੀਂ ਸਰੀਰ ਅੰਦਰ ਜਾਣ ’ਤੇ ਦਿਲ ਦਾ ਦੌਰਾ ਪੈ ਸਕਦਾ

Update: 2025-12-23 13:38 GMT

ਲੌਸ ਐਂਜਲਸ : ਅਮਰੀਕਾ ਵਿਚ 10 ਮਿਲੀਅਨ ਲੋਕਾਂ ਉਤੇ ਖ਼ਤਰਾ ਮੰਡਰਾਅ ਰਿਹਾ ਹੈ। ਜੀ ਹਾਂ, ਹਵਾ ਵਿਚ ਅਜਿਹੇ ਜ਼ਹਿਰੀਲੇ ਕਣ ਫੈਲਣ ਦੀ ਚਿਤਾਵਨੀ ਦਿਤੀ ਗਈ ਹੈ ਜਿਨ੍ਹਾਂ ਦੇ ਸਾਹ ਰਾਹੀਂ ਸਰੀਰ ਅੰਦਰ ਜਾਣ ’ਤੇ ਦਿਲ ਦਾ ਦੌਰਾ ਪੈ ਸਕਦਾ ਹੈ। ਦੱਖਣੀ ਕੈਲੇਫ਼ੋਰਨੀਆ ਦੇ ਲੌਸ ਐਂਜਲਸ, ਸੈਂਟਾ ਮੌਨਿਕਾ, ਹਟਿੰਗਟਨ ਬੀਚ, ਟੌਰੈਂਸ, ਲੌਂਗ ਬੀਚ, ਪੈਸਾਡੀਨਾ, ਅਰਵਿਨ, ਰਿਵਰਸਾਈਡ ਅਤੇ ਸੈਨ ਬਰਨਾਰਡੀਨੋ ਵਰਗੇ ਸ਼ਹਿਰਾਂ ਵਿਚ ਹਵਾ ਦਾ ਮਿਆਰ ਬੇਹੱਦ ਖ਼ਰਾਬ ਹੋਣ ਕਰ ਕੇ ਇਥੋਂ ਦੇ ਬਾਸ਼ਿੰਦਿਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਦਿਤੀ ਗਈ ਹੈ। ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਕਿਹਾ ਕਿ ਤਿੰਨ ਕਿਸਮ ਦੇ ਜ਼ਹਿਰੀਲੇ ਮਾਦੇ ਹਵਾ ਵਿਚ ਘੁਲੇ ਹੋਏ ਹਨ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਸਣੇ ਕਈ ਕਿਸਮ ਦੀਆਂ ਸਿਹਤ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ।

ਹਵਾ ਪ੍ਰਦੂਸ਼ਣ ਖ਼ਤਰਨਾਕ ਹੱਦ ਤੱਕ ਵਧਿਆ

ਨਾ ਸਿਰਫ਼ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਗਿਆ ਹੈ ਸਗੋਂ ਪਹਿਲਾਂ ਤੋਂ ਦਿਲ ਦੇ ਰੋਗਾਂ ਨਾਲ ਜੂਝ ਰਹੇ ਲੋਕਾਂ ਵਾਸਤੇ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਲੋਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਘਰਾਂ ਦੇ ਦਰਵਾਜ਼ੇ ਅਤੇ ਬਾਰੀਆਂ ਬੰਦ ਰੱਖੀਆਂ ਜਾਣ ਅਤੇ ਲੰਮਾ ਸਮਾਂ ਬਾਹਰ ਰਹਿਣ ਤੋਂ ਗੁਰੇਜ਼ ਕੀਤ ਜਾਵੇ। ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਣ ਕਰ ਕੇ ਲੱਕੜ ਬਾਲਣ ’ਤੇ ਮੁਕੰਮਲ ਰੋਕ ਲਾਗੂ ਕੀਤੀ ਗਈ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਲੱਕੜਾਂ ਨੂੰ ਅੱਗ ਨਾਲ ਹਾਲਾਤ ਹੋਰ ਵਿਗੜਨਗੇ ਪਰ ਘਰ ਨੂੰ ਗਰਮ ਰੱਖਣ ਲਈ ਬਤੌਰ ਬਾਲਣ ਸਿਰਫ਼ ਲੱਕੜ ’ਤੇ ਨਿਰਭਰ ਘੱਟ ਆਮਦਨ ਵਾਲੇ ਲੋਕਾਂ ਨੂੰ ਰਿਆਇਤ ਦਿਤੀ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੀ.ਐਮ. 2.5 ਆਕਾਰ ਵਾਲੇ ਕਣ ਨਾ ਸਿਰਫ਼ ਫੇਫੜਿਆਂ ਵਿਚ ਦਾਖਲ ਹੋ ਕੇ ਨੁਕਸਾਨ ਕਰਦੇ ਹਨ ਸਗੋਂ ਖੂਨ ਵਿਚ ਸ਼ਾਮਲ ਹੋ ਕੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਦਿਲ ਦਾ ਦੌਰਾ ਪੈਣ ਦਾ ਖ਼ਤਰਾ, ਘਰਾਂ ਵਿਚ ਹੀ ਰਹਿਣ ਲੋਕ : ਮਾਹਰ

ਇਸੇ ਦੌਰਾਨ ਵਾਇਓਮਿੰਗ ਸੂਬੇ ਦੇ ਉਤਰੀ-ਪੂਰਬੀ ਇਲਾਕਿਆਂ ਵਿਚ ਧੂੜ ਉਡਣ ਮਗਰੋਂ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਵਾਇਓਮਿੰਗ ਡਿਪਾਰਟਮੈਂਟ ਆਫ਼ ਐਨਵਾਇਰਨਮੈਂਟਲ ਕੁਆਲਿਟੀ ਦੀ ਏਅਰ ਕੁਆਲਿਟੀ ਡਵੀਜ਼ਨ ਵੱਲੋਂ ਲੋਕਾਂ ਨੂੰ ਧੂੜ ਵਾਲਾ ਮਾਹੌਲ ਵਿਚ ਜ਼ਿਆਦਾ ਸਮਾਂ ਨਾ ਰਹਿਣ ਦਾ ਸੁਝਾਅ ਦਿਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 30 ਤੋਂ 40 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਦੱਖਣ-ਪੱਛਮੀ ਹਵਾਵਾਂ ਜਿਲਟ, ਰਿਕਲੂਜ਼, ਵੈਸਟਨ, ਰੌਜ਼ਟ ਅਤੇ ਰਾਈਟ ਸਣੇ ਆਲੇ-ਦੁਆਲੇ ਵਾਲੇ ਇਲਾਕਿਆਂ ਵਿਚ ਸਿਹਤ ਪੱਖੋਂ ਨੁਕਸਾਨਦਾਇਕ ਹਾਲਾਤ ਸਿਰਜ ਸਕਦੀਆਂ ਹਨ। ਬਜ਼ੁਰਗਾਂ ਅਤੇ ਬਿਮਾਰੀ ਲੋਕਾਂ ਨੂੰ ਖ਼ਾਸ ਖਿਆਲ ਰੱਖਣ ਦੀ ਹਦਾਇਤ ਦਿਤੀ ਗਈ ਹੈ ਅਤੇ ਹਾਲਾਤ ਵਿਚ ਸੁਧਾਰ ਹੋਣ ਤੱਕ ਅਹਿਤਿਆਤ ਵਰਤਣ ’ਤੇ ਜ਼ੋਰ ਦਿਤਾ ਗਿਆ ਹੈ। ਦੂਜੇ ਪਾਸੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸਾਹ ਲੈਣ ਵਿਚ ਦਿੱਕਤ, ਛਾਤੀ ਵਿਚ ਦਰਦ ਜਾਂ ਗੈਰਸਾਧਾਰਣ ਤਰੀਕੇ ਨਾਲ ਸਰੀਰ ਦੀ ਥਕਾਵਟ ਹੋਣ ’ਤੇ ਮੈਡੀਕਲ ਸਹਾਇਤਾ ਲਈ ਜਾਵੇ।

Tags:    

Similar News