Trump ਨੇ ਫੜੇ 90 Indian ਅਪਰਾਧੀ

ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ 90 ਭਾਰਤੀ ਅਪਰਾਧੀਆਂ ਦੇ ਨਾਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਜਨਤਕ ਕਰ ਦਿਤੇ ਗਏ ਜਿਨ੍ਹਾਂ ਵਿਚੋਂ ਘੱਟੋ ਘੱਟ 30 ਪੰਜਾਬੀ ਹਨ

Update: 2026-02-07 12:39 GMT



ਵਾਸ਼ਿੰਗਟਨ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਗ੍ਰਿਫ਼ਤਾਰ 90 ਭਾਰਤੀ ਅਪਰਾਧੀਆਂ ਦੇ ਨਾਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਜਨਤਕ ਕਰ ਦਿਤੇ ਗਏ ਜਿਨ੍ਹਾਂ ਵਿਚੋਂ ਘੱਟੋ ਘੱਟ 30 ਪੰਜਾਬੀ ਹਨ। ਜੀ ਹਾਂ, ਕਤਲ, ਨਸ਼ਾ ਤਸਕਰੀ, ਲੁੱਟ, ਘਰੇਲੂ ਹਿੰਸਾ ਅਤੇ ਧੋਖਾਧੜੀ ਵਰਗੇ ਅਪਰਾਧਾਂ ਵਿਚ ਦੋਸ਼ੀ ਠਹਿਰਾਏ ਇਨ੍ਹਾਂ ਅਪਰਾਧੀਆਂ ਵਿਚੋਂ ਜ਼ਿਆਦਾਤਰ ਨੂੰ ਡਿਪੋਰਟ ਕਰ ਦਿਤਾ ਗਿਆ ਹੈ ਜਦਕਿ ਬਾਕੀਆਂ ਨੂੰ ਜਲਦ ਹੀ ਦੇਸ਼ ਨਿਕਾਲਾ ਦਿਤਾ ਜਾ ਰਿਹਾ ਹੈ। ਡੀ.ਐਚ.ਐਸ. ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਗਲੀਆਂ ਵਿਚ ਬੇਲਗਾਮ ਹੋ ਕੇ ਵਾਰਦਾਤਾਂ ਕਰ ਰਹੇ 25 ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਹੁਣ ਤੱਕ ਕਾਬੂ ਕੀਤਾ ਜਾ ਚੁੱਕਾ ਹੈ। ਆਈਸ ਏਜੰਟਾਂ ਦੇ ਅੜਿੱਕੇ ਆਏ ਭਾਰਤੀਆਂ ਵਿਚ ਅਵੀ ਪਟੇਲ, ਉਦਿਤ ਮਹਿਰਾ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਦਰਸ਼ਨ ਕੁਮਾਰ ਪਟੇਲ, ਪ੍ਰਦੀਪ ਪਟੇਲ, ਭਾਵੇਸ਼ ਕੁਮਾਰ ਸ਼ੁਕਲਾ, ਬ੍ਰਿਜੇਸ਼ ਗੋਇਲ, ਰਾਜੇਸ਼ ਕੁਮਾਰ, ਰਫ਼ੀਕ ਅਲੀ ਵੀਰਾਨੀ, ਸੁਸ਼ੀਲ ਕੁਮਾਰ, ਕੁਨਾਲ ਛੇਤਰੀ, ਮਨੀਸ਼ ਕੁਮਾਰ, ਸ਼ੁਭਮ ਮਿੱਤਲ, ਗੁਰਪਿੰਦਰ ਸਿੰਘ, ਸੁਖਦੇਵ ਸਿੰਘ, ਇਰਫ਼ਾਨ ਅਲੀ ਮੋਮਿਨ, ਮੁਹੰਮਦ ਮੋਹਸਿਨ, ਮੀਤ ਪਟੇਲ ਅਤੇ ਬਲਜਿੰਦਰ ਸਿੰਘ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ।

30 ਪੰਜਾਬੀ ਸ਼ਾਮਲ, ਅੱਧੇ ਤੋਂ ਵੱਧ ਕੀਤੇ ਡਿਪੋਰਟ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਨੇ ਅਵਤਾਰ ਸਿੰਘ ਢਿੱਲੋਂ ਅਤੇ ਅਜੇਪਾਲ ਢਿੱਲੋਂ ਨੂੰ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਸੀ। ਬੋਸਟਨ ਦੀ ਅਦਾਲਤ ਨੇ ਅਵਤਾਰ ਸਿੰਘ ਢਿੱਲੋਂ ਨੂੰ ਦਸੰਬਰ 2024 ਵਿਚ ਫਰੌਡ ਦੇ ਮਾਮਲੇ ਤਹਿਤ ਚਾਰ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਜਿਸ ਵਿਰੁੱਧ ਕੈਨੇਡਾ ਵਿਚ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਚਲਾਇਆ ਜਾ ਚੁੱਕਾ ਹੈ। ਦੂਜੇ ਪਾਸੇ ਭੰਗ ਅਤੇ ਕੈਟਾਮੀਨ ਦੀ ਤਸਕਰੀ ਦੇ ਦੋਸ਼ ਹੇਠ ਪੀਸ ਬ੍ਰਿਜ ’ਤੇ ਗ੍ਰਿਫ਼ਤਾਰ ਅਜੇਪਾਲ ਢਿੱਲੋਂ ਨੂੰ ਵੀ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਊ ਯਾਰਕ ਦੇ ਬਫ਼ਲੋ ਕਸਬੇ ਨੂੰ ਕੈਨੇਡਾ ਨਾਲ ਜੋੜਨ ਵਾਲੇ ਪੁਲ ਤੋਂ ਲੰਘਦਿਆਂ ਅਜੇਪਾਲ ਢਿੱਲੋਂ ਕੋਲੋਂ 948 ਕਿਲੋ ਕੈਨਾਬਿਸ ਅਤੇ 50 ਕਿਲੋ ਕੈਟਮੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਉਧਰ ਡੀ.ਐਚ.ਐਸ. ਵੱਲੋਂ ਨਿਊ ਯਾਰਕ ਸਿਟੀ ਦੇ ਮੇਅਰ ਜ਼ੌਹਰਾਨ ਮਮਦਾਨੀ ਉਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ 20 ਜਨਵਰੀ ਮਗਰੋਂ ਕਤਲ, ਬਲਾਤਕਾਰ ਅਤੇ ਹਿੰਸਕ ਅਪਰਾਧਾਂ ਦੇ 7 ਹਜ਼ਾਰ ਦੋਸ਼ੀਆਂ ਨੂੰ ਜੇਲਾਂ ਵਿਚੋਂ ਰਿਹਾਅ ਕਰ ਦਿਤਾ ਗਿਆ ਜਦਕਿ ਇਨ੍ਹਾਂ ਉਤੇ ਆਈਸ ਡਿਟੇਨਰ ਲੱਗੇ ਹੋਏ ਸਨ। ਟਰੰਪ ਸਰਕਾਰ ਨੇ ਮਮਦਾਨੀ ਨੂੰ ਅਪੀਲ ਕੀਤੀ ਹੈ ਕਿ ਜੇਲਾਂ ਵਿਚ ਬੰਦ ਹਿੰਸਕ ਅਪਰਾਧੀਆਂ ਨੂੰ ਡਿਪੋਰਟ ਕਰਨ ਵਿਚ ਮਦਦ ਕੀਤੀ ਜਾਵੇ। ਜ਼ੌਹਰਾਨ ਮਮਦਾਨੀ ਦਾ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਨਿਊ ਯਾਰਕ ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਇਕ ਨਵਾਂ ਕਾਨੂੰਨ ਪੇਸ਼ ਕਰਦਿਆਂ ਪੁਲਿਸ ਮਹਿਕਮਿਆਂ ਨੂੰ ਹਦਾਇਤ ਦਿਤੀ ਹੈ ਕਿ ਉਹ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨਾਲ ਕੋਈ ਸਹਿਯੋਗ ਨਾ ਕਰਨ। ਇਸ ਦੇ ਉਲਟ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਦਾ ਕਹਿਣਾ ਹੈ ਕਿ ਜ਼ੌਹਰਾਨ ਮਮਦਾਨੀ ਨਿਊ ਯਾਰਕ ਸ਼ਹਿਰ ਦੇ ਲੋਕਾਂ ਵਾਸਤੇ ਖਤਰਾ ਪੈਦਾ ਕਰ ਰਹੇ ਹਨ ਕਿਉਂਕਿ 7 ਹਜ਼ਾਰ ਤੋਂ ਵੱਧ ਅਪਰਾਧੀਆਂ ਵਿਚੋਂ 148 ਕਾਤਲ, 717 ਹਮਲਾਵਰ, 134 ਚੋਰ, 106 ਲੁਟੇਰੇ, 235 ਨਸ਼ਾ ਤਸਕਰ ਅਤੇ 260 ਸੈਕਸ ਔਫ਼ੈਂਡਰ ਸ਼ਾਮਲ ਹਨ।

ਡੀ.ਐਚ.ਐਸ. ਨੇ ਕਾਬੂ ਕੀਤੇ 25 ਹਜ਼ਾਰ ਅਪਰਾਧੀ

ਦੱਸ ਦੇਈਏ ਕਿ ਜੇਲ ਵਿਚ ਸਜ਼ਾ ਭੁਗਤ ਚੁੱਕੇ ਅਪਰਾਧੀਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਕੈਲੇਫੋਰਨੀਆ ਵਿਚ ਵੀ ਸ਼ੁਰੂ ਹੋ ਗਿਆ ਹੈ ਅਤੇ ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲੀਔਨਜ਼ ਨੇ ਸੂਬੇ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੂੰ ਪੱਤਰ ਲਿਖਦਿਆਂ ਚੇਤੇ ਕਰਵਾਇਆ ਹੈ ਕਿ ਸੂਬੇ ਦੀਆਂ ਜੇਲਾਂ ਵਿਚ ਬੰਦ 33 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਉਤੇ ਡਿਟੇਨਰ ਲਾਗੂ ਕੀਤੇ ਗਏ ਹਨ ਅਤੇ ਹੁਣ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਅਪਰਾਧੀਆਂ ਨੂੰ ਆਈਸ ਦੇ ਸਪੁਰਦ ਕੀਤਾ ਜਾਵੇ। ਲੀਔਨਜ਼ ਨੇ ਪੱਤਰ ਵਿਚ ਲਿਖਿਆ ਕਿ 20 ਜਨਵਰੀ ਮਗਰੋਂ 4,560 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜੇਲਾਂ ਵਿਚੋਂ ਰਿਹਾਅ ਕੀਤਾ ਗਿਆ ਅਤੇ ਭਵਿੱਖ ਵਿਚ ਇਹ ਰੁਝਾਨ ਰੋਕਿਆ ਜਾਵੇ। ਰਿਹਾਅ ਕੀਤੇ ਪ੍ਰਵਾਸੀਆਂ ਵਿਚ 30 ਤੋਂ ਵੱਧ ਕਾਤਲ, 574 ਚੋਰ, 184 ਲੁਟੇਰੇ ਅਤੇ 1,489 ਨਸ਼ਾ ਤਸਕਰੀ ਦੇ ਅਪਰਾਧਾਂ ਵਿਚ ਸ਼ਾਮਲ ਰਹੇ। ਅਮਰੀਕਾ ਦੀ ਸਹਾਇਕ ਗ੍ਰਹਿ ਸੁਰੱਖਿਆ ਮੰਤਰੀ ਟ੍ਰਿਸ਼ੀਆ ਮੈਕਲਾਫ਼ਲਿਨ ਵੱਲੋਂ ਕੈਲੇਫੋਰਨੀਆ ਦੇ ਗਵਰਲਰ ਗੈਵਿਨ ਨਿਊਸਮ ਨੂੰ ਸੱਦਾ ਦਿਤਾ ਗਿਆ ਹੈ ਕਿ ਜੇਲ ਵਿਚ ਬੰਦ ਅਪਰਾਧੀਆਂ ਨੂੰ ਸਜ਼ਾ ਮੁਕੰਮਲ ਹੋਣ’ਤੇ ਆਈਸ ਦੇ ਸੁਪਰਦ ਕੀਤਾ ਜਾਵੇ। ਟ੍ਰਿਸ਼ੀਆ ਨੇ ਗਵਰਨਰ ਨੂੰ ਸੁਚੇਤ ਕੀਤਾ ਕਿ ਜੇ ਅਜਿਹੇ ਅਪਰਾਧੀਆਂ ਨੂੰ ਸਮਾਜ ਵਿਚ ਛੱਡਿਆ ਗਿਆ ਤਾਂ ਮਾਸੂਸਮ ਅਮੈਰਿਕਨ ਦੀ ਜਾਨ ਖਤਰੇ ਵਿਚ ਪੈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ 10 ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਸ਼ਹਿਰਾਂ ਵਿਚੋਂ 7 ਵਿਚ ਆਈਸ ਨੂੰ ਆਪਣੀ ਕਾਰਵਾਈ ਕਰਨ ਵਿਚ ਪੂਰਾ ਸਹਿਯੋਗ ਮਿਲ ਰਿਹਾ ਹੈ।

Tags:    

Similar News