Canada ਤੋਂ ਆਈ ਬਜ਼ੁਰਗ ਦਾ Murderer ਕਾਬੂ
ਕੈਨੇਡਾ ਤੋਂ ਆਈ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਖੰਨਾ ਪੁਲਿਸ ਨੇ ਜਗਪਾਲ ਕੌਰ ਦੇ ਕਿਰਾਏਦਾਰ ਨੂੰ ਕਾਬੂ ਕਰ ਲਿਆ ਹੈ
ਖੰਨਾ : ਕੈਨੇਡਾ ਤੋਂ ਆਈ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਖੰਨਾ ਪੁਲਿਸ ਨੇ ਜਗਪਾਲ ਕੌਰ ਦੇ ਕਿਰਾਏਦਾਰ ਨੂੰ ਕਾਬੂ ਕਰ ਲਿਆ ਹੈ ਜਿਸ ਨੇ ਪਿਤਾ ਦੇ ਇਲਾਜ ਵਾਸਤੇ ਲਿਆ ਕਰਜ਼ਾ ਮੋੜਨ ਲਈ ਲੁੱਟ ਅਤੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿਤਾ। ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਕੀਤੀ ਗਈ ਹੈ ਜੋ ਯੂ.ਪੀ. ਦੇ ਅਲੀਗੜ੍ਹ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਖੰਨਾ ਦੇ ਨਵੀਂ ਆਬਾਦੀ ਇਲਾਕੇ ਵਿਚ ਜਗਪਾਲ ਕੌਰ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਖੰਨਾ ਦੀ ਐਸ.ਐਸ.ਪੀ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਕਾਤਲ ਦੀ ਪੈੜ ਨੱਪਣ ਲਈ ਦੋ ਟੀਮਾਂ ਗਠਤ ਕੀਤੀਆਂ ਅਤੇ ਪੜਤਾਲ ਦੌਰਾਨ ਸ਼ੱਕ ਦੀ ਸੂਈ ਕਿਰਾਏਦਾਰ ਵੱਲ ਘੁੰਮ ਗਈ।
ਕਿਰਾਏਦਾਰ ਨੇ 20 ਹਜ਼ਾਰ ਰੁ. ਲਈ ਕੀਤੀ ਵਾਰਦਾਤ
ਪੁਲਿਸ ਨੇ 6 ਫ਼ਰਵਰੀ ਨੂੰ ਰਾਹੁਲ ਦੀ ਗ੍ਰਿਫ਼ਤਾਰੀ ਕਰਦਿਆਂ ਪੁੱਛ-ਪੜਤਾਲ ਆਰੰਭੀ ਤਾਂ ਉਹ ਮੰਨ ਗਿਆ ਕਿ 20 ਹਜ਼ਾਰ ਰੁਪਏ ਦਾ ਕਰਜ਼ਾ ਮੋੜਨਾ ਉਸ ਵਾਸਤੇ ਔਖਾ ਹੋ ਰਿਹਾ ਸੀ ਅਤੇ 81 ਸਾਲ ਦੀ ਜਗਪਾਲ ਕੌਰ ਕੋਲ ਮੋਟੀ ਰਕਮ ਹੋਣ ਦੀ ਭਿਣਕ ਲੱਗਣ ’ਤੇ ਵਾਰਦਾਤ ਦੀ ਸਾਜ਼ਿਸ਼ ਘੜੀ। 31 ਜਨਵਰੀ ਅਤੇ 1 ਫ਼ਰਵਰੀ ਦੀ ਦਰਮਿਆਨੀ ਰਾਤ ਉਹ ਜਗਪਾਲ ਕੌਰ ਦੇ ਕਮਰੇ ਵੱਲ ਗਿਆ ਅਤੇ ਜਦੋਂ ਉਹ ਬਾਹਰ ਆਏ ਤਾਂ ਪਿੱਛੋਂ ਵਾਰ ਕਰ ਦਿਤਾ। ਇਸ ਮਗਰੋਂ ਚੁੰਨੀ ਨਾਲ ਗਲਾ ਘੁਟਦਿਆਂ ਸਾਹ ਕੱਢ ਦਿਤੇ ਅਤੇ ਲਾਸ਼ ਦੇ ਹੱਥ ਪੈਰ ਬੰਨ੍ਹ ਕੇ ਬਾਥਰੂਮ ਵਿਚ ਸੁੱਟ ਦਿਤੀ। ਜਗਪਾਲ ਕੌਰ ਦੇ ਪਰਸ ਅਤੇ ਅਲਮਾਰੀ ਵਿਚ ਪਈ ਰਕਮ ਲੈ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਰਾਹੁਲ ਸੋਚੀ ਸਮਝੀ ਸਾਜ਼ਿਸ਼ ਤਹਿਤ ਨੰਗੇ ਪੈਰ ਅਤੇ ਬਗੈਰ ਮੋਬਾਈਲ ਤੋਂ ਘਰ ਵਿਚ ਦਾਖਲ ਹੋਇਆ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ।