ਅਮਰੀਕਾ ’ਚ ਵੱਡੇ ਹਵਾਈ ਹਾਦਸੇ ਹੋਣ ਦੀ ਚਿਤਾਵਨੀ
ਅਮਰੀਕਾ ਵਿਚ ਹਾਲਾਤ ਬੇਕਾਬੂ ਹੋ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚਿਤਾਵਨੀ ਹਜ਼ਾਰਾਂ ਹਵਾਈ ਮੁਸਾਫ਼ਰਾਂ ਦੀ ਜਾਨ ਖਤਰੇ ਵਿਚ ਹੋਣ ਵੱਲ ਇਸ਼ਾਰਾ ਕਰ ਰਹੀ ਹੈ
ਵਾਸ਼ਿੰਗਟਨ : ਅਮਰੀਕਾ ਵਿਚ ਹਾਲਾਤ ਬੇਕਾਬੂ ਹੋ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚਿਤਾਵਨੀ ਹਜ਼ਾਰਾਂ ਹਵਾਈ ਮੁਸਾਫ਼ਰਾਂ ਦੀ ਜਾਨ ਖਤਰੇ ਵਿਚ ਹੋਣ ਵੱਲ ਇਸ਼ਾਰਾ ਕਰ ਰਹੀ ਹੈ। ਜੀ ਹਾਂ, ਸ਼ਟਡਾਊਨ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਕਿੱਲਤ ਨੇ ਵੱਡੇ ਵੱਡੇ ਏਅਰਪੋਰਟਸ ਨੂੰ ਆਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿਤਾ ਹੈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਅਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ, ਲੌਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ, ਡੈਲਸ ਦੇ ਫ਼ੋਰਟ ਵਰਥ ਅਤੇ ਲਵ ਫ਼ੀਲਡ ਏਅਰਪੋਰਟ ਸਣੇ ਬੋਸਟਨ ਦੇ ਲੋਗਨ ਏਅਰਪੋਰਟ ਵੱਲੋਂ ਸਟੌਪ ਨੋਟਿਸ ਜਾਰੀ ਕਰ ਦਿਤੇ ਗਏ। ਇਸੇ ਦੌਰਾਨ ਵਾਸ਼ਿੰਗਟਨ ਡੀ.ਸੀ., ਇੰਡਿਆਨਾਪੌਲਿਸ ਅਤੇ ਫਲੋਰੀਡਾ ਦੇ ਜੈਕਸਨਵਿਲ ਹਵਾਈ ਅੱਡੇ ਵੀ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਘਾਟ ਨਾਲ ਜੂਝ ਰਹੇ ਹਨ।
ਮਾਹਰਾਂ ਵੱਲੋਂ ਮੁਸਾਫ਼ਰਾਂ ਦੀ ਜਾਨ ਖਤਰੇ ਵਿਚ ਹੋਣ ਦਾ ਦਾਅਵਾ
ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰ ਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੀ ’ਤੇ ਜਾਣ ਵਾਲੇ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਗਿਣਤੀ ਵਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫ਼ਟਾਂ ਨੇ ਕੰਮ ’ਤੇ ਜਾ ਰਹੇ ਕੰਟਰੋਲਰਾਂ ਨੂੰ ਥਕਾ ਦਿਤਾ ਹੈ। ਫਾਊਂਡੇਸ਼ਨ ਫੌਰ ਐਵੀਏਸ਼ਨ ਸੇਫ਼ਟੀ ਦੇ ਰੈਂਡੀ ਕਲੈਟ ਦਾ ਕਹਿਣਾ ਸੀ ਕਿ ਥਕੇਵਾਂ ਅਤੇ ਤਣਾਅ ਦੋਵੇਂ ਭਾਰੂ ਹੋ ਜਾਣ ਤਾਂ ਮਨੁੱਖੀ ਗਲਤੀਆਂ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਅਤੇ ਏਅਰ ਟ੍ਰੈਫ਼ਿਕ ਕੰਟਰੋਲ ਟਾਵਰਾਂ ’ਤੇ ਤੈਨਾਤ ਮੁਲਾਜ਼ਮਾਂ ਦੀ ਗਿਣਤੀ ਤੈਅਸ਼ੁਦਾ ਅੰਕੜੇ ਦਾ ਸਿਰਫ਼ 50 ਫ਼ੀ ਸਦੀ ਚੱਲ ਰਹੀ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਏਅਰ ਸਪੇਸ ਸੁਰੱਖਿਅਤ ਰੱਖਣ ਦੀ ਹੈ। ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਹਵਾਈ ਜਹਾਜ਼ਾਂ ਦੀ ਆਵਾਜਾਈ ਘਟਾ ਦਿਤੀ ਜਾਵੇਗੀ ਅਤੇ ਜ਼ਿਆਦਾ ਜ਼ਰੂਰੀ ਹੋਣ ’ਤੇ ਮੁਕੰਲਮ ਰੋਕ ਵੀ ਲਾਈ ਜਾ ਸਕਦੀ ਹੈ। ਕਾਂਗਰਸ ਨੂੰ ਸ਼ਟਡਾਊਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਨੈਸ਼ਨਲ ਏਅਰ ਟ੍ਰੈਫ਼ਿਕ ਕੰਟਰੋਲਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਹਰ ਦਿਨ ਲੰਘਣ ਮਗਰੋਂ ਏਅਰ ਟ੍ਰੈਫ਼ਿਕ ਘੱਟ ਸੁਰੱਖਿਅਤ ਹੁੰਦਾ ਜਾ ਰਿਹਾ ਹੈ।
ਸ਼ਟਡਾਊਨ ਕਰ ਕੇ ਏਅਰ ਟ੍ਰੈਫ਼ਿਕ ਕੰਟਰੋਲਰਾਂ ਦੀ ਭਾਰੀ ਕਿੱਲਤ
ਇਥੇ ਦਸਣਾ ਬਣਦਾ ਹੈ ਕਿ ਏਅਰ ਟ੍ਰੈਫ਼ਿਕ ਕੰਟਰੋਲਰਾਂ ਨੂੰ 60 ਹਜ਼ਾਰ ਡਾਲਰ ਤੋਂ 1 ਲੱਖ 30 ਹਜ਼ਾਰ ਡਾਲਰ ਸਾਲਾਨਾ ਤੱਕ ਤਨਖਾਹ ਮਿਲਦੀ ਹੈ ਪਰ ਕਈ ਮਾਮਲਿਆਂ ਵਿਚ ਮਿਹਨਤਾਨਾ 1 ਲੱਖ 75 ਹਜ਼ਾਰ ਡਾਲਰ ਤੱਕ ਪੁੱਜ ਜਾਂਦਾ ਹੈ। ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਸਕਦੇ ਹਨ। ਸ਼ਟਡਾਊਨ ਆਰੰਭ ਹੋਣ ਮਗਰੋਂ ਤਨਖਾਹ ਮਿਲਣ ਦਾ ਪਹਿਲਾ ਦਿਨ 14 ਅਕਤੂਬਰ ਸੀ ਅਤੇ ਦੂਜਾ ਦਿਨ 28 ਅਕਤੂਬਰ ਨੂੰ ਆਇਆ ਪਰ ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਰਹਿ ਗਈਆਂ। 14 ਹਜ਼ਾਰ ਤੋਂ ਵੱਧ ਏਅਰ ਟ੍ਰੈਫ਼ਿਕ ਕੰਟਰੋਲਰਜ਼ ਨੂੰ ਤਨਖਾਹ ਨਹੀਂ ਦਿਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ। ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਜ਼ ਨੇ ਕਿਹਾ ਕਿ ਉਹ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨਾਲ ਤਾਲਮੇਲ ਤਹਿਤ ਕੰਮ ਕਰਨ ਨੂੰ ਤਿਆਰ ਹਨ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦਾ ਫਰਜ਼ ਹੈ। ਦੂਜੇ ਪਾਸੇ ਬਿਮਾਰ ਹੋਣ ਦੇ ਬਹਾਨੇ ਕੰਮ ਤੋਂ ਗੈਰਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ। ਅਮਰੀਕਾ ਸਰਕਾਰ ਦੇ ਨਿਯਮਾਂ ਮੁਤਾਬਕ ਬਿਮਾਰੀ ਦੀ ਛੁੱਟੀ ਤਿੰਨ ਦਿਨ ਤੋਂ ਉਪਰ ਜਾਂਦੀ ਹੈ ਤਾਂ ਸਬੰਧਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸਿਰ ਤੋਂ ਟੱਪਦਾ ਮਹਿਸੂਸ ਹੋ ਰਿਹਾ ਹੈ।